ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

Sunday, Nov 29, 2026 - 12:53 PM (IST)

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

ਮੈਲਬੌਰਨ ( ਮਨਦੀਪ ਸਿੰਘ ਸੈਣੀ) -- ਵਿਕਟੋਰੀਆ ਦੀ ਰਾਜਨੀਤੀ ਵਿੱਚ 12 ਸਾਲਾਂ ਬਾਅਦ ਸੱਤਾ ਪਰਿਵਰਤਨ ਹੋ ਗਿਆ ਹੈ। 28 ਨਵੰਬਰ ਨੂੰ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਲਿਬਰਲ-ਨੈਸ਼ਨਲ ਗੱਠਜੋੜ ਨੇ ਲੇਬਰ ਪਾਰਟੀ ਨੂੰ ਹਰਾ ਕੇ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਲੇਬਰ ਪਾਰਟੀ ਦੇ 12 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ ਹੈ। ਲਿਬਰਲ ਪਾਰਟੀ ਦੀ 36 ਸਾਲਾ ਆਗੂ ਜੈੱਸ ਵਿਲਸਨ ਵਿਕਟੋਰੀਆ ਦੀ ਅਗਲੀ ਮੁੱਖ ਮੰਤਰੀ ਬਣਨ ਜਾ ਰਹੇ ਹਨ।

ਇਸ ਜਿੱਤ ਨਾਲ ਜੈੱਸ ਵਿਲਸਨ ਵਿਕਟੋਰੀਆ ਦੀ ਪਹਿਲੀ ਅਜਿਹੀ ਮਹਿਲਾ ਹੋਣਗੇ, ਜੋ ਚੋਣਾਂ ਵਿੱਚ ਆਪਣੀ ਪਾਰਟੀ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲੇਗੀ। ਨਵੰਬਰ 2025 ਵਿੱਚ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਵਾਲੀ ਵਿਲਸਨ ਨੇ ਥੋੜ੍ਹੇ ਸਮੇਂ ਵਿੱਚ ਹੀ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਦਿਵਾ ਕੇ ਸੂਬੇ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ ਨੇ ਵੀਜ਼ਾ ਪਾਬੰਦੀਆਂ ਫਰਵਰੀ 2027 ਤੱਕ ਵਧਾਈਆਂ  ! 3 ਦੇਸ਼ਾਂ ਦੇ ਨਾਗਰਿਕਾਂ 'ਤੇ ਲੱਗੀ ਰੋਕ

ਚੋਣ ਮੁਹਿੰਮ ਦੌਰਾਨ ਅਪਰਾਧ, ਵਧਦਾ ਸਰਕਾਰੀ ਕਰਜ਼ਾ, ਸੜਕਾਂ ਦੀ ਮਾੜੀ ਹਾਲਤ, ਮਹਿੰਗਾਈ ਅਤੇ ਰਹਿਣ-ਸਹਿਣ ਦਾ ਵਧਦਾ ਖ਼ਰਚਾ ਮੁੱਖ ਮੁੱਦੇ ਰਹੇ। ਲਿਬਰਲ-ਨੈਸ਼ਨਲ ਗੱਠਜੋੜ ਨੇ ਅਪਰਾਧਾਂ ’ਤੇ ਕਾਬੂ ਪਾਉਣ, ਸੂਬੇ ਦੀ ਵਿੱਤੀ ਹਾਲਤ ਸੁਧਾਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਆਧਾਰ ਬਣਾਇਆ। ਦੂਜੇ ਪਾਸੇ, ਲੰਮੇ ਸਮੇਂ ਤੋਂ ਸੱਤਾ ਵਿੱਚ ਰਹਿਣ ਕਾਰਨ ਲੇਬਰ ਸਰਕਾਰ ਨੂੰ ਲੋਕਾਂ ਦੀ ਨਾਰਾਜ਼ਗੀ ਅਤੇ ਸੂਬੇ ਦੇ ਵਧਦੇ ਕਰਜ਼ੇ ਵਰਗੇ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ। ਇਸ ਚੋਣ ਵਿੱਚ ਵਨ ਨੇਸ਼ਨ ਪਾਰਟੀ ਅਤੇ ਗ੍ਰੀਨਜ਼ ਦੇ ਪ੍ਰਦਰਸ਼ਨ ਨੇ ਵੀ ਸੂਬੇ ਦੀ ਰਾਜਨੀਤੀ ਵਿੱਚ ਬਦਲ ਰਹੇ ਵੋਟਰ ਰੁਝਾਨਾਂ ਵੱਲ ਧਿਆਨ ਖਿੱਚਿਆ ਹੈ। ਹਾਲਾਂਕਿ, ਵੋਟਾਂ ਦੀ ਗਿਣਤੀ ਅਤੇ ਹਲਕਿਆਂ ਦੇ ਅੰਤਿਮ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਨਵੀਂ ਵਿਧਾਨ ਸਭਾ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।

ਵਿਕਟੋਰੀਆ ਵਿੱਚ ਸੱਤਾ ਦੀ ਇਹ ਤਬਦੀਲੀ ਨਵੀਂ ਸਰਕਾਰ ਲਈ ਉਮੀਦਾਂ ਦੇ ਨਾਲ-ਨਾਲ ਵੱਡੀਆਂ ਚੁਣੌਤੀਆਂ ਵੀ ਲੈ ਕੇ ਆਈ ਹੈ। ਜੈੱਸ ਵਿਲਸਨ ਦੀ ਅਗਵਾਈ ਹੇਠ ਸਰਕਾਰ ਲਈ ਚੋਣ ਵਾਅਦਿਆਂ ਨੂੰ ਪੂਰਾ ਕਰਨਾ, ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਘਟਾਉਣਾ ਅਤੇ ਸੂਬੇ ਦੀ ਵਿੱਤੀ ਹਾਲਤ ਸੁਧਾਰਨਾ ਅਹਿਮ ਤਰਜੀਹਾਂ ਹੋਣਗੀਆਂ। ਹੁਣ ਦੇਖਣਾ ਹੋਵੇਗਾ ਕਿ ਨਵੀਂ ਸਰਕਾਰ ਲੋਕਾਂ ਵੱਲੋਂ ਦਿੱਤੇ ਇਸ ਫ਼ਤਵੇ ਨੂੰ ਕਿੰਨੀ ਕੁ ਸਫ਼ਲਤਾ ਨਾਲ ਅਮਲ ਵਿੱਚ ਬਦਲਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News