ਲੇਬਨਾਨ ਨੇ ਅਫ਼ਗਾਨਿਸਤਾਨ ’ਚ ਫਸੇ ਆਪਣੇ ਨਾਗਰਿਕ ਨੂੰ ਕੱਢਣ ਲਈ ਭਾਰਤ ਨੂੰ ਕਿਹਾ- ‘ਧੰਨਵਾਦ’

Monday, Aug 23, 2021 - 03:50 PM (IST)

ਲੇਬਨਾਨ ਨੇ ਅਫ਼ਗਾਨਿਸਤਾਨ ’ਚ ਫਸੇ ਆਪਣੇ ਨਾਗਰਿਕ ਨੂੰ ਕੱਢਣ ਲਈ ਭਾਰਤ ਨੂੰ ਕਿਹਾ- ‘ਧੰਨਵਾਦ’

ਬੇਰੂਤ— ਲੇਬਨਾਨ ਦੇ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਅਫ਼ਗਾਨਿਸਤਾਨ ’ਚ ਫਸੇ ਆਪਣੇ ਨਾਗਰਿਕ ਨੂੰ ਵਾਪਸ ਲਿਆਉਣ ਲਈ ਭਾਰਤ ਦਾ ਧੰਨਵਾਦ ਜ਼ਾਹਰ ਕੀਤਾ ਹੈ। ਲੇਬਨਾਨ ਦੇ ਵਿਦੇਸ਼ ਮੰਤਰਾਲਾ ਅਤੇ ਪ੍ਰਵਾਸੀਆਂ ਨੇ ਟਵਿੱਟਰ ਜ਼ਰੀਏ ਭਾਰਤ ਸਰਕਾਰ ਦਾ ਧੰਨਵਾਦ ਦਿੱਤਾ। ਦੱਸ ਦੇਈਏ ਕਿ ਭਾਰਤੀ ਜਹਾਜ਼ ’ਚ ਮੁਹੰਮਦ ਖਤਾਬ ਨਾਂ ਦੇ ਇਕ ਲੇਬਨਾਨੀ ਨਾਗਰਿਕ ਨੂੰ ਨਾਲ ਲਿਆਂਦਾ ਗਿਆ, ਜੋ ਭਾਰਤੀ ਕੰਪਨੀ ਨਾਲ ਜੁੜੇ ਸੰਗਠਨ ਲਈ ਕੰਮ ਕਰਦੇ ਸਨ। ਲੇਬਨਾਨ ਮੰਤਰਾਲਾ ਨੇ ਟਵੀਟ ਵਿਚ ਲਿਖਿਆ ਕਿ ਵਿਦੇਸ਼ ਮੰਤਰਾਲਾ ਅਤੇ ਲੇਬਨਾਨ ਪ੍ਰਵਾਸੀ ਭਾਰਤ ਪ੍ਰਤੀ ਧੰਨਵਾਦ ਜ਼ਾਹਰ ਕਰਦਾ ਹੈ। ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅਫ਼ਗਾਨਿਸਤਾਨ ’ਚ ਫਸੇ ਲੇਬਨਾਨੀ ਨਾਗਰਿਕ ਮੁਹੰਮਦ ਖੱਤਾਬ ਨੂੰ ਕੱਢਿਆ ਗਿਆ ਹੈ। ਉਹ ਭਾਰਤੀ ਕੰਪਨੀ ਓਰੇਕਲ ਦੀ ਸਹਾਇਕ ਕੰਪਨੀ ਟਰੈਂਪਲਿਨ ਲਈ ਕੰਮ ਕਰਦੇ ਸਨ।

ਮੰਤਰਾਲਾ ਨੇ ਅੱਗੇ ਦੱਸਿਆ ਕਿ ਲੇਬਨਾਨੀ ਨਾਗਰਿਕ ਨੂੰ ਹੋਰ ਭਾਰਤੀ ਨਾਗਰਿਕਾਂ ਨਾਲ ਭਾਰਤੀ ਫ਼ੌਜੀ ਜ਼ਹਾਜ਼ ਤੋਂ ਨਵੀਂ ਦਿੱਲੀ ਲਿਜਾਇਆ ਗਿਆ। ਮੰਤਰਾਲਾ ਨੇ ਭਾਰਤ ਵਿਚ ਲੇਬਨਾਨ ਦੂਤਘਰ ਅਤੇ ਪਾਕਿਸਤਾਨ ’ਚ ਲੇਬਨਾਨ ਦੂਤਘਰ ਨੂੰ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਦਿੱਤਾ। ਮੰਤਰਾਲਾ ਨੇ ਕਿਹਾ ਕਿ ਸਾਰਿਆਂ ਦੀ ਇਕਜੁੱਟ ਕੋਸ਼ਿਸ਼ ਨਾਲ ਇਕ ਲੇਬਨਾਨੀ ਨਾਗਰਿਕ ਨੂੰ ਖ਼ਤਰੇ ਤੋਂ ਸੁਰੱਖਿਅਤ ਘਰ ਤਕ ਪਹੁੰਚਾਇਆ ਗਿਆ ਹੈ।

ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ’ਚ ਜੁੱਟੇ ਹੋਏ ਹਨ। ਭਾਰਤ ਦੀ ਪਹਿਲੀ ਉਡਾਣ ’ਚ 40 ਤੋਂ ਵਧ ਯਾਤਰੀਆਂ ਨੂੰ ਕੱਢਿਆ ਗਿਆ। ਜਦਕਿ ਦੂਜੇ ਸੀ-17 ਜਹਾਜ਼ ਨੇ ਕਾਬੁਲ ਤੋਂ 150 ਵਿਅਕਤੀਆਂ ਨੂੰ ਭਾਰਤ ਪਹੁੰਚਾਇਆ, ਜਿਸ ਵਿਚ ਭਾਰਤੀ ਡਿਪਲੋਮੈਟ, ਅਧਿਕਾਰੀ, ਸੁਰੱਖਿਆ ਕਾਮੇ ਅਤੇ ਹੋਰ ਫਸੇ ਭਾਰਤੀ ਸ਼ਾਮਲ ਸਨ। ਭਾਰਤ ਨੇ ਕੱਲ੍ਹ ਯਾਨੀ ਕਿ ਐਤਵਾਰ ਨੂੰ 300 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ। 15 ਅਗਸਤ ਨੂੰ ਕਾਬੁਲ ’ਚ ਤਾਲਿਬਾਨ ਨੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਯੂ. ਏ. ਈ. ਦੌੜ ਗਏ। 


author

Babita

Content Editor

Related News