" ਬਾਈਡਨ ਦੀ ਆਮਦ ਨਾਲ ਕਿੰਨਾ ਕੁ ਬਦਲੇਗਾ ਅਮਰੀਕਾ..!"
Wednesday, Nov 11, 2020 - 05:59 PM (IST)
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ ਨੰਬਰ 9855259650
ਕਈ ਦਿਨਾਂ ਤੱਕ ਚੱਲੇ ਸਖ਼ਤ ਮੁਕਾਬਲੇ ਤੋਂ ਬਾਅਦ ਆਖਿਰ ਬਾਇਡਨ ਨੇ ਡੋਨਾਲਡ ਟਰੰਪ ਨੂੰ ਸ਼ਿਕਸਤ ਦੇ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਬਾਈਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਅਤੇ ਉਸ ਦੀਆਂ ਨੀਤੀਆਂ ਵਿੱਚ ਕਿੰਨੀਆਂ ਕੁ ਤਬਦੀਲੀਆਂ ਆਉਣਗੀਆਂ, ਇਸ ਸਵਾਲ ਦਾ ਜਵਾਬ ਬਾਈਡਨ ਦੁਆਰਾ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਸਮਿਆਂ ’ਤੇ ਕੀਤੇ ਖ਼ੁਲਾਸਿਆਂ ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਼
ਪੜ੍ਹੋ ਇਹ ਵੀ ਖ਼ਬਰ- Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਪਿਛਲੇ ਚਾਰ ਸਾਲਾਂ ਦੌਰਾਨ ਡੋਨਾਲਡ ਟਰੰਪ ਨੇ ਅਮਰੀਕੀ ਸਮਾਜ ਨੂੰ ਵੰਡਣ ਅਤੇ ਗੋਰੀ ਨਸਲ ਦੇ ਲੋਕਾਂ ਦੇ ਧਰੁਵੀਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਉਦਾਹਰਣ ਅਮਰੀਕਾ ਵਿਚ ਘੱਟ ਵੇਖਣ ਨੂੰ ਮਿਲਦੀ ਹੈ। ਬੁੱਧੀਜੀਵੀਆਂ ਅਨੁਸਾਰ ਅਮਰੀਕਾ ਵਿੱਚ ਇਸ ਸਮੇਂ ਫਿਰਕਿਆਂ ਵਿੱਚ ਵੈਰ-ਭਾਵ ਅਤੇ ਨਫ਼ਰਤ ਸਿਖਰ ਉੱਤੇ ਹੈ। ਇਸ ਸੰਦਰਭ ਵਿੱਚ ਪ੍ਰਸਿੱਧ ਵਿਗਿਆਨਕ ਪੱਤ੍ਰਿਕਾ 'ਸਾਇੰਸ' ਵਿੱਚ ਅਮਰੀਕਾ ਦੀਆਂ 11 ਯੂਨੀਵਰਸਿਟੀਆਂ ਦੇ ਸਮਾਜਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਕਤ ਅਮਰੀਕਾ ਵਿੱਚ ਲੋਕ ਇੱਕ-ਦੂਜੇ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਹਨ। ਭਾਵ ਕਾਲੇ ਅਤੇ ਗੋਰੇ ਲੋਕਾਂ ਵਿਚਕਾਰ ਇਕ ਖਾਈ ਪੈਦਾ ਹੋ ਚੁੱਕੀ ਹੈ, ਜਿਸ ਨਾਲ ਅਮਰੀਕੀ ਸਮਾਜ ਨੂੰ ਪਿਛਲੇ ਕੁਝ ਸਮੇਂ ਦੌਰਾਨ ਬੇਹੱਦ ਨੁਕਸਾਨ ਪਹੁੰਚਿਆ ਹੈ।
ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
ਯਕੀਨੀ ਤੌਰ ’ਤੇ ਇਸ ਸਮੇਂ ਉਕਤ ਚੋਣਾਂ ਵਿਚ ਜਿੱਤਣ ਵਾਲੇ ਨਵ ਨਿਯੁਕਤ ਰਾਸ਼ਟਰਪਤੀ, ਜੋ ਬਾਇਡਨ ਨੂੰ ਉਸ ਸਮੇਂ ਕਾਫ਼ੀ ਚੈਲੇਂਜਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ। ਟਰੰਪ ਨੇ ਉਨ੍ਹਾਂ ਨੂੰ ਇਕ ਅਜਿਹਾ ਅਮਰੀਕਾ ਵਿਰਾਸਤ ਵਿੱਚ ਦਿੱਤਾ ਹੈ, ਜਿਸ ਦਾ ਤਾਣਾ-ਬਾਣਾ ਹਾਲ ਦੀ ਘੜੀ ਖੇਰੂੰ-ਖੇਰੂੰ ਹੋਇਆ ਜਾਪਦਾ ਹੈ। ਸ਼ਾਇਦ ਬਾਇਡਨ ਨੂੰ ਇਸ ਗੱਲ ਦਾ ਭਲੀਭਾਂਤੀ ਅਹਿਸਾਸ ਹੈ।
ਇਸੇ ਲਈ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਅਮਰੀਕਨਾਂ ਨੂੰ ਕਿਹਾ ਹੈ, ''ਮੈਂ ਅਜਿਹਾ ਰਾਸ਼ਟਰਪਤੀ ਬਣਨ ਦੀ ਪ੍ਰਤਿੱਗਿਆ ਲੈਂਦਾ ਹਾਂ, ਜੋ ਅਮਰੀਕਾ ਨੂੰ ਇੱਕ ਸੂਤਰ ਵਿੱਚ ਬੰਨ੍ਹੇ, ਨਾ ਕਿ ਵੰਡੀਆਂ ਪਾਵੇ। ਅਜਿਹਾ ਰਾਸ਼ਟਰਪਤੀ, ਜੋ ਰਾਜਾਂ ਨੂੰ ਲਾਲ (ਰਿਪਬਲਿਕਨ ਸਮਰੱਥਕ) ਅਤੇ ਨੀਲੇ (ਡੈਮੋਕ੍ਰੇਟਿਕ ਸਮਰੱਥਕ) ਦੇ ਤੌਰ ਉੱਤੇ ਨਾ ਦੇਖੇ। ਅਜਿਹਾ ਰਾਸ਼ਟਰਪਤੀ, ਜੋ ਸਾਰੇ ਲੋਕਾਂ ਦਾ ਭਰੋਸਾ ਜਿੱਤਣ ਲਈ ਦਿਲ ਲਾ ਕੇ ਕੰਮ ਕਰੇ। ਹੁਣ ਸਮਾਂ ਆ ਗਿਆ ਹੈ ਕਿ ਸਖ਼ਤ ਬਿਆਨਬਾਜ਼ੀ ਬੰਦ ਕੀਤੀ ਜਾਵੇ। ਇੱਕ-ਦੂਜੇ ਨੂੰ ਮਿਲੀਏ ਤੇ ਇੱਕ-ਦੂਜੇ ਨੂੰ ਸੁਣੀਏ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਉਸਾਰੀ ਲਈ, ਫ਼ਸਲ ਕੱਟਣ ਲਈ, ਫ਼ਸਲ ਬੀਜਣ ਲਈ ਅਤੇ ਆਪਣੇ ਜ਼ਖ਼ਮ ਭਰਨ ਲਈ। ਹੁਣ ਇਹ ਸਮਾਂ ਅਮਰੀਕਾ ਲਈ ਆਪਣੇ ਜ਼ਖ਼ਮ ਭਰਨ ਦਾ ਹੈ।''
ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ
ਜ਼ਿਕਰਯੋਗ ਹੈ ਕਿ ਬਾਈਡੇਨ ਸਾਬਕਾ ਰਾਸ਼ਟਰਪਤੀ ਓਬਾਮਾ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ 2006 ਵਿਚ ਅਮਰੀਕਾ ਤੇ ਭਾਰਤ ਦੇ ਸੰਬੰਧਾਂ ਬਾਰੇ ਨਜ਼ਰੀਆ ਸਪੱਸ਼ਟ ਕਰਦਿਆਂ ਕਿਹਾ ਸੀ-ਮੇਰਾ ਸੁਫ਼ਨਾ ਹੈ ਕਿ 2020 ਵਿਚ ਭਾਰਤ ਤੇ ਅਮਰੀਕਾ ਦੁਨੀਆ ਦੇ ਦੋ ਸਭ ਤੋਂ ਕਰੀਬੀ ਦੇਸ਼ ਹੋਣਗੇ। ਆਪਣੀ ਰਾਸ਼ਟਰਪਤੀ ਦੀ ਚੁਣਾਓ ਕੰਪੇਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਭਾਰਤ ਨਾਲ ਉਹ ਚੰਗੇ ਰਿਸ਼ਤੇ ਚਾਹੁੰਦੇ ਹਨ। ਉਨ੍ਹਾਂ ਜੁਲਾਈ ਵਿਚ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇ ਉਹ ਨਵੰਬਰ ਵਿਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਭਾਰਤੀ ਆਈ.ਟੀ.ਪੇਸ਼ੇਵਰਾਂ ਵਿਚ ਸਭ ਤੋਂ ਲੋਕਪ੍ਰਿਆ ਐੱਚ-1 ਵੀਜ਼ਾ ਉਤੇ ਲਾਗੂ ਆਰਜ਼ੀ ’ਤੇ ਲਾਈ ਰੋਕ ਨੂੰ ਖ਼ਤਮ ਕਰ ਦੇਣਗੇ। ਹਰ ਸਾਲ ਐੱਚ-1 ਵੀਜ਼ੇ ਦਾ 70 ਫ਼ੀਸਦੀ ਹਿੱਸਾ ਭਾਰਤੀਆਂ ਦੇ ਖ਼ਾਤੇ ਵਿਚ ਜਾਂਦਾ ਰਿਹਾ ਹੈ। ਟਰੰਪ ਨੇ 23 ਜੂਨ ਨੂੰ ਐੱਚ-1 ਵੀਜ਼ਾ ਤੇ ਹੋਰ ਵਿਦੇਸ਼ ਕਾਰਜ ਵੀਜ਼ਾ 2020 ਦੇ ਅੰਤ ਤੱਕ ਮੁਅੱਤਲ ਕਰ ਦਿੱਤੇ ਸਨ।
ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...
ਜੇਕਰ ਨਵੇਂ ਚੁਣੇ ਰਾਸ਼ਟਰਪਤੀ ਦੀਆਂ ਭਵਿੱਖ ਦੀ ਨੀਤੀਆਂ ਦੀ ਗੱਲ ਕਰੀਏ ਤਾਂ ਜੋ ਬਾਈਡੇਨ ਦਾ ਕਰੀਬ ਇਕ ਕਰੋੜ 10 ਲੱਖ ਵਿਦੇਸ਼ੀ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦਾ ਟੀਚਾ ਹੈ, ਇਹ ਉਹ ਲੋਕ ਹਨ, ਜਿਹੜੇ ਬਿਨਾਂ ਸਹੀ ਦਸਤਾਵੇਜ਼ਾਂ ਤੋਂ ਉਥੇ ਰਹਿ ਰਹੇ ਹਨ। ਇਨ੍ਹਾਂ ਵਿਚ 5 ਲੱਖ ਭਾਰਤੀ ਵੀ ਸ਼ਾਮਲ ਹਨ। ਇਸ ਦੇ ਇਲਾਵਾ ਉਹ ਹਰ ਸਾਲ 95 ਹਜ਼ਾਰ ਰਫਿਊਜ਼ੀਆਂ ਨੂੰ ਉਥੇ ਰਹਿਣ ਦੀ ਆਗਿਆ ਦੇਣ ਲਈ ਵੀ ਕੰਮ ਕਰਨਗੇ। ਇਸ ਤੋਂ ਪਹਿਲਾਂ ਬਾਈਡੇਨ ਵੱਲੋਂ ਚੋਣ ਆਪਣੀ ਮੁਹਿੰਮ ਦੌਰਾਨ ਕਿਹਾ ਗਿਆ ਸੀ ਕਿ ਇਹ ਪ੍ਰਵਾਸੀ ਅਮਰੀਕਾ ਦੀ ਤਾਕਤ ਹਨ। ਦਸਤਾਵੇਜ਼ ਮੁਤਾਬਕ ਬਾਈਡੇਨ ਕਾਂਗਰਸ ਨਾਲ ਮਿਲ ਕੇ ਪ੍ਰਵਾਸੀ ਕਾਨੂੰਨਾਂ ਵਿਚ ਸੁਧਾਰ ਲਈ ਕੰਮ ਕਰਨਗੇ, ਤਾਂ ਕਿ ਇਕ ਕਰੋੜ 10 ਲੱਖ ਅਜਿਹੇ ਲੋਕ ਪਰਵਾਰਾਂ ਸੰਗ ਰਹਿ ਸਕਣ। ਇਸ ਦੇ ਇਲਾਵਾ ਬਾਈਡੇਨ ਵਲੋਂ ਪ੍ਰਸ਼ਾਸਨ ਫੈਮਿਲੀ ਵੀਜ਼ਾ ਦਾ ਬੈਕਲਾਗ ਘਟਾਉਣ ਦੀ ਵੀ ਕੋਸ਼ਿਸ਼ਾਂ ਕੀਤੇ ਜਾਣ ਦੀ ਸੰਭਾਵਨਾ ਹੈ ।
ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਮੌਕੇ ਬਾਜ਼ਾਰਾਂ ‘ਚ ਇਸ ਵਾਰ ਵੀ ਕਾਇਮ ਹੈ ਚੀਨੀ ਬਿਜਲੀ ਲੜ੍ਹੀਆਂ ਦੀ ਸਰਦਾਰੀ!
ਇਸ ਦੇ ਨਾਲ-ਨਾਲ ਬਾਇਡਨ ਪ੍ਰਸ਼ਾਸਨ ਅਮਰੀਕਾ ਆਉਣ ਦਾ ਸੁਫ਼ਨਾ ਵੇਖਣ ਵਾਲਿਆਂ ਲਈ ਡੀ.ਏ.ਸੀ.ਏ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਪ੍ਰੋਗਰਾਮ ਬਹਾਲ ਕਰ ਉਨ੍ਹਾਂ ਦੀ ਬੇਯਕੀਨੀ ਨੂੰ ਵੀ ਦੂਰ ਕਰਨ ਦਾ ਇਰਾਦਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਡੀ.ਏ.ਸੀ.ਏ. ਓਬਾਮਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਇਕ ਇਮੀਗਰੇਸ਼ਨ ਪਾਲਿਸੀ ਹੈ, ਜਿਹੜੀ ਉਨ੍ਹਾਂ ਲੋਕਾਂ ਦੀ ਰਾਖੀ ਕਰਦੀ ਹੈ, ਜਿਨ੍ਹਾਂ ਨੂੰ ਬੱਚਿਆਂ ਵਾਲੀ ਉਮਰ ਵਿਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦਾ ਗਿਆ ਹੋਵੇ। ਟਰੰਪ ਨੇ 2017 ਵਿਚ ਇਸ ਪਾਲਿਸੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਨੇ ਉਸ ਨੂੰ ਨਾਕਾਮ ਕਰ ਦਿੱਤਾ ਸੀ ।
ਬਾਈਡੇਨ ਦੁਆਰਾ ਗਰੀਨ ਕਾਰਡ ਹੋਲਡਰਾਂ ਦੀ ਨੇਚੁਰਲਾਈਜ਼ੇਸ਼ਨ ਪ੍ਰਕਿਰਿਆ ਵੀ ਬਹਾਲ ਕਰਨ ਦੀ ਸੰਭਾਵਨਾ ਹੈ। ਬਾਇਡਨ ਟਰੰਪ ਦੇ 'ਮੁਸਲਿਮ ਬੈਨ' ਨੂੰ ਵੀ ਖ਼ਤਮ ਕਰਨਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਈਰਾਨ ਤੇ ਸੀਰੀਆ ਸਣੇ ਕਈ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦਾ ਦਾਖਲਾ ਬੰਦ ਕਰ ਦਿੱਤਾ ਸੀ।
ਪੜ੍ਹੋ ਇਹ ਵੀ ਖ਼ਬਰ- ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ
ਇਸ ਦੇ ਨਾਲ ਤਨਖਾਹ ਭੱਤੇ 'ਚ ਵਾਧਾ ਅਤੇ ਗ੍ਰੀਨ ਊਰਜਾ 'ਚ ਨਿਵੇਸ਼ ਕੋਰੋਨਾਵਾਇਰਸ ਸੰਕਟ ਦੇ ਫੌਰੀ ਪ੍ਰਭਾਵ ਨੂੰ ਹੱਲ ਕਰਨ ਲਈ ਬਾਇਡਨ ਨੇ ਛੋਟੇ ਕਾਰੋਬਾਰਾਂ ਲਈ ਕਰਜ਼ੇ ਦਾ ਵਿਸਥਾਰ ਕਰਨ ਅਤੇ ਪਰਿਵਾਰਾਂ ਨੂੰ ਸਿੱਧੇ ਤੌਰ ’ਤੇ ਪੈਸੇ ਦੇ ਭੁਗਤਾਨ ਕਰਨ ਦਾ ਇਰਾਦਾ ਵੀ ਰੱਖਦੇ ਹਨ। ਬਾਇਡਨ ਦੀਆਂ ਵਿਆਪਕ ਆਰਥਿਕ ਨੀਤੀਆਂ ਵਿਚ ‘ਬਿਲਡ ਬੈਕ ਬੈਟਰ’ ਯੋਜਨਾ ਨੂੰ ਸਥਾਪਤ ਕਰਨਾ ਰਿਹਾ ਹੈ, ਜਿਸ ਦਾ ਮਕਸਦ ਦੋ ਤਬਕਿਆਂ ਨੂੰ ਖੁਸ਼ ਕਰਨਾ ਹੈ ਅਤੇ ਜੋ ਰਵਾਇਤੀ ਤੌਰ 'ਤੇ ਡੈਮੋਕਰੇਟਸ ਦੇ ਸਮਰਥਕ ਸਨ- ਨੌਜਵਾਨਾਂ ਅਤੇ ਬਲਿਊ ਕਾਲਰ ਕਾਮੇ। ਇਸ ਦੇ ਨਾਲ-ਨਾਲ ਬਾਇਡਨ ਨੇ ਘੱਟੋ-ਘੱਟ ਤਨਖਾਹ ਭੱਤੇ ਨੂੰ ਪ੍ਰਤੀ ਘੰਟਾ 15 ਡਾਲਰ ਕਰਨ ਦੀ ਹਮਾਇਤ ਕੀਤੀ ਹੈ, ਜਿਸ ਨੂੰ ਨੌਜਵਾਨ ਤਬਕੇ 'ਚ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
ਇਸ ਦੇ ਇਲਾਵਾ ਬਾਈਡਨ ਪੈਰਿਸ ਜਲਵਾਯੂ ਸਮਝੌਤੇ 'ਚ ਮੁੜ ਸ਼ਾਮਲ ਹੋ ਕੇ ਦੁਨੀਆਂ ਨਾਲ ਮਿਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਪੈਰਿਸ ਜਲਵਾਯੂ ਸਮਝੌਤੇ ’ਚੋਂ ਡੌਨਲਡ ਟਰੰਪ ਬਾਹਰ ਆ ਗਏ ਸਨ, ਜਿਸ ਦੇ ਤਹਿਤ ਸਾਲ 2005 ਪੱਧਰ ਦੇ ਅਧਾਰ 'ਤੇ ਅਮਰੀਕਾ ਨੂੰ 2025 ਤੱਕ 28% ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣ ਲਈ ਵਚਨਬੱਧ ਕੀਤਾ ਗਿਆ ਸੀ। ਜੇਕਰ ਬਾਇਡਨ ਦੀ ਵਿਦੇਸ਼ ਨੀਤੀ ਦੇ ਸੰਦਰਭ ਵਿਚ ਗਲ ਕਰੀਏ ਤਾਂ ਅਮਰੀਕਾ ਦੀ ਸਾਖ ਨੂੰ ਮੁੜ ਬਹਾਲ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਇਸ ਦੇ ਨਾਲ-ਨਾਲ ਬਤੌਰ ਰਾਸ਼ਟਰਪਤੀ ਉਹ ਕੌਮੀ ਮੁੱਦਿਆਂ 'ਤੇ ਵੀ ਵਧੇਰੇ ਅਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨਾ ਚਾਹੁਣਗੇ।
ਪੜ੍ਹੋ ਇਹ ਵੀ ਖ਼ਬਰ- ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''
ਇਸ ਦੇ ਨਾਲ ਬਾਇਡਨ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਲਈ ਵੀ ਵਚਨਬੱਧ ਹਨ। ਇਸ ਤੋਂ ਪਹਿਲਾਂ ਨਾਟੋ ਗਠਜੋੜ ਨਾਲ ਟਰੰਪ ਨੇ ਫੰਡਾਂ 'ਚ ਵਾਰ-ਵਾਰ ਕਟੌਤੀ ਕਰਕੇ ਆਪਣੇ ਸਬੰਧਾਂ ਨੂੰ ਲਗਾਤਾਰ ਬਿਗੜਦੇ ਚਲੇ ਆ ਰਹੇ ਸਨ। ਬਾਇਡਨ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਬਤੌਰ ਰਾਸ਼ਟਰਪਤੀ ਪਹਿਲੇ 100 ਦਿਨਾਂ 'ਚ ਉਹ ਟਰੰਪ ਵੱਲੋਂ ਲਾਗੂ ਇਮੀਗ੍ਰੇਸ਼ਨ ਨੀਤੀਆਂ ਨੂੰ ਵਾਪਸ ਲੈਣਗੇ, ਜਿੰਨ੍ਹਾਂ ਦੇ ਕਾਰਨ ਯੂ.ਐੱਸ-ਮੈਕਸੀਕਨ ਸਰਹੱਦ 'ਤੇ ਮਾਪਿਆਂ ਅਤੇ ਬੱਚਿਆਂ ਨੂੰ ਵੱਖ ਕੀਤਾ ਗਿਆ ਸੀ।
ਪਨਾਹ ਲੈਣ ਲਈ ਅਰਜ਼ੀਆਂ ਦੀ ਗਿਣਤੀ 'ਤੇ ਲਾਗੂ ਸੀਮਾ ਨੂੰ ਦੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁੱਝ ਬਹੁਗਿਣਤੀ ਮੁਸਲਿਮ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਏ ਜਾਣ ਦੀਆਂ ਵੱਧ ਸੰਭਾਵਨਾਵਾਂ ਹਨ ।
ਬਾਇਡਨ ਨੇ ਸਿੱਖਿਆ ਨੀਤੀ ਦੇ ਸੰਦਰਭ ਵਿਚ ਸਿੱਖਿਆ ਅਤੇ ਇਸ ਦੇ ਵਿਸਥਾਰ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਦਾ ਸਮਰਥਨ ਕੀਤਾ। ਇਸ ਦੇ ਤਹਿਤ ਉਹ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ, ਫ਼ੀਸ ਮੁਕਤ ਕਾਲਜਾਂ ਦਾ ਵਿਸਥਾਰ ਅਤੇ ਸਾਰਿਆਂ ਲਈ ਪ੍ਰੀ-ਸਕੂਲਾਂ ਦੀ ਪਹੁੰਚ ਯਕੀਨੀ ਬਣਾਉਣਾ ਲੋਚਦੇ ਹਨ ।
ਪੜ੍ਹੋ ਇਹ ਵੀ ਖ਼ਬਰ- Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ