ਲੇਬਨਾਨ 'ਤੇ ਟੁੱਟਿਆ ਇਜ਼ਰਾਈਲ ਦਾ ਕਹਿਰ, ਹਮਲਿਆਂ 'ਚ 39 ਹਲਾਕ
Sunday, May 10, 2026 - 11:04 AM (IST)
ਬੇਰੂਤ/ਤੇਲ ਅਵੀਵ (ਭਾਸ਼ਾ) : ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਲੇਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਭਿਆਨਕ ਹਮਲਿਆਂ ਵਿੱਚ ਘੱਟੋ-ਘੱਟ 39 ਲੋਕ ਮਾਰੇ ਗਏ ਹਨ। ਸਭ ਤੋਂ ਭਿਆਨਕ ਹਮਲਾ ਦੱਖਣੀ ਸ਼ਹਿਰ ਸਕਸਾਕੀਆ ਵਿੱਚ ਹੋਇਆ, ਜਿੱਥੇ ਇੱਕ ਮਾਸੂਮ ਬੱਚੀ ਸਮੇਤ 7 ਲੋਕਾਂ ਦੀ ਮੌਤ ਹੋ ਗਈ।
ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ (NNA) ਅਨੁਸਾਰ ਇਜ਼ਰਾਈਲੀ ਫੌਜ (IDF) ਨੇ ਦੱਖਣੀ ਲੇਬਨਾਨ ਦੇ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ। ਸਕਸਾਕੀਆ ਵਿੱਚ ਹੋਏ ਹਮਲੇ ਵਿੱਚ 7 ਲੋਕਾਂ ਦੀ ਮੌਤ ਤੋਂ ਇਲਾਵਾ 15 ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਦੂਜੇ ਪਾਸੇ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅੱਤਵਾਦੀ ਸਮੂਹ ਹਿਜ਼ਬੁੱਲਾ ਵੱਲੋਂ ਫੌਜੀ ਉਦੇਸ਼ਾਂ ਲਈ ਵਰਤੀ ਜਾ ਰਹੀ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਸੀ। ਫੌਜ ਅਨੁਸਾਰ ਹਮਲੇ ਤੋਂ ਪਹਿਲਾਂ ਨਾਗਰਿਕਾਂ ਦੇ ਨੁਕਸਾਨ ਨੂੰ ਘਟਾਉਣ ਲਈ ਕਦਮ ਚੁੱਕੇ ਗਏ ਸਨ, ਪਰ ਉਹ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਉਡਾਣ ਭਰ ਰਹੇ ਜਹਾਜ਼ ਨਾਲ ਟਕਰਾ ਗਿਆ ਸ਼ਖਸ, ਹੋਈ ਦਰਦਨਾਕ ਮੌਤ, 17 ਹੋਰ ਜ਼ਖਮੀ
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 16 ਅਪ੍ਰੈਲ ਨੂੰ ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਸੀ, ਪਰ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਲਗਾਤਾਰ ਜਾਰੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਹੀ ਇਜ਼ਰਾਈਲੀ ਹਮਲਿਆਂ ਕਾਰਨ ਲੇਬਨਾਨ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 120 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਪੂਰੇ ਦੇ ਪੂਰੇ ਪਿੰਡਾਂ ਨੂੰ ਤਬਾਹ ਕਰਨਾ 'ਯੁੱਧ ਅਪਰਾਧ' ਦੀ ਸ਼੍ਰੇਣੀ ਵਿੱਚ ਆ ਸਕਦਾ ਹੈ।
ਇਜ਼ਰਾਈਲੀ ਹਵਾਈ ਹਮਲਿਆਂ ਦੇ ਜਵਾਬ ਵਿੱਚ ਹਿਜ਼ਬੁੱਲਾ ਨੇ ਵੀ ਉੱਤਰੀ ਇਜ਼ਰਾਈਲ 'ਤੇ ਰਾਕੇਟਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲ ਦੇ ਤਿੰਨ ਰਿਜ਼ਰਵ ਸੈਨਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਿਜ਼ਬੁੱਲਾ ਅਨੁਸਾਰ ਇਹ ਕਾਰਵਾਈ ਇਜ਼ਰਾਈਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਹੈ। ਰਿਪੋਰਟਾਂ ਅਨੁਸਾਰ, 2 ਮਾਰਚ ਤੋਂ ਹੁਣ ਤੱਕ ਲੇਬਨਾਨ ਵਿੱਚ ਕੁੱਲ 2,795 ਲੋਕ ਮਾਰੇ ਜਾ ਚੁੱਕੇ ਹਨ। ਦੂਜੇ ਪਾਸੇ ਇਜ਼ਰਾਈਲੀ ਅਧਿਕਾਰੀਆਂ ਅਨੁਸਾਰ ਦੱਖਣੀ ਲੇਬਨਾਨ ਵਿੱਚ 17 ਸੈਨਿਕ ਅਤੇ ਇੱਕ ਨਾਗਰਿਕ ਦੀ ਮੌਤ ਹੋਈ ਹੈ, ਜਦਕਿ ਉੱਤਰੀ ਇਜ਼ਰਾਈਲ ਵਿੱਚ ਦੋ ਨਾਗਰਿਕ ਮਾਰੇ ਗਏ ਹਨ। ਮੌਜੂਦਾ ਸਥਿਤੀ ਨੂੰ ਦੇਖਦਿਆਂ ਖੇਤਰ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
