ਟਰੰਪ-ਨੇਤਨਯਾਹੂ ਦੇ killer ਨੂੰ ਮਿਲਣਗੇ 58 ਮਿਲੀਅਨ ਡਾਲਰ! ਈਰਾਨ ਨੇ ਕਰ''ਤਾ ਐਲਾਨ
Tuesday, May 19, 2026 - 03:16 PM (IST)
ਇੰਟਰਨੈਸ਼ਨਲ ਡੈਸਕ: ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਤਣਾਅ ਦੇ ਵਿਚਕਾਰ ਈਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਹੈ। ਈਰਾਨ ਦੀ ਸੰਸਦ ਇੱਕ ਅਜਿਹਾ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਇਹਨਾਂ ਦੋਵਾਂ ਗਲੋਬਲ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਨੂੰ ਇਕ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਈਰਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਪ੍ਰਧਾਨ ਇਬਰਾਹਿਮ ਅਜ਼ੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਦਮ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਕੀਤੇ ਗਏ ਉਨ੍ਹਾਂ ਹਮਲਿਆਂ ਦਾ ਬਦਲਾ ਲੈਣ ਲਈ ਚੁੱਕਿਆ ਗਿਆ ਹੈ, ਜਿਨ੍ਹਾਂ ਵਿੱਚ ਈਰਾਨ ਦੇ ਸਰਵਉੱਚ ਨੇਤਾ ਅਲੀ ਖਮੇਨੀ ਦੀ ਮੌਤ ਹੋ ਗਈ ਸੀ। ਅਜ਼ੀਜ਼ੀ ਅਨੁਸਾਰ ਸੰਸਦ ਮੈਂਬਰ 'ਇਸਲਾਮਿਕ ਗਣਰਾਜ ਦੀ ਫੌਜੀ ਅਤੇ ਸੁਰੱਖਿਆ ਬਲਾਂ ਦੁਆਰਾ ਪਰਸਪਰ ਕਾਰਵਾਈ' ਨਾਮਕ ਇੱਕ ਬਿੱਲ ਤਿਆਰ ਕਰ ਰਹੇ ਹਨ, ਜੋ ਟਰੰਪ ਦੀ ਹੱਤਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ 50 ਮਿਲੀਅਨ ਯੂਰੋ (ਲਗਭਗ 58.23 ਮਿਲੀਅਨ ਡਾਲਰ) ਦੇ ਇਨਾਮ ਨੂੰ ਰਸਮੀ ਰੂਪ ਦੇਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਤੇਲ 'ਤੇ ਟਰੰਪ ਨੇ ਦਿੱਤੀ ਵੱਡੀ ਰਾਹਤ! ਇਕ ਮਹੀਨਾ ਵਧਾਈ ਛੋਟ
ਬਿੱਲ ਵਿੱਚ ਸਿਰਫ਼ ਟਰੰਪ ਅਤੇ ਨੇਤਨਯਾਹੂ ਹੀ ਨਹੀਂ, ਸਗੋਂ ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੂਪਰ ਨੂੰ ਵੀ ਹਮਲੇ ਲਈ ਜ਼ਿੰਮੇਵਾਰ ਮੰਨਦਿਆਂ ਨਿਸ਼ਾਨੇ 'ਤੇ ਲਿਆ ਗਿਆ ਹੈ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਉਪ ਪ੍ਰਧਾਨ ਮਹਿਮੂਦ ਨਬਾਵੀਅਨ ਨੇ ਨੇਤਨਯਾਹੂ ਨੂੰ 'ਬੱਚਿਆਂ ਦਾ ਕਾਤਲ' ਦੱਸਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਈਰਾਨ ਵਿਰੁੱਧ ਕੋਈ ਫੌਜੀ ਕਾਰਵਾਈ ਹੋਈ, ਤਾਂ ਇਸ ਦਾ ਖਾਮਿਆਜ਼ਾ ਸਿਰਫ਼ ਅਮਰੀਕਾ-ਇਜ਼ਰਾਈਲ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦਾ ਸਾਥ ਦੇਣ ਵਾਲੇ ਅਰਬ ਦੇਸ਼ਾਂ ਨੂੰ ਵੀ ਭੁਗਤਣਾ ਪਵੇਗਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਈਰਾਨ ਨੇ ਅਜਿਹਾ ਐਲਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ 'ਬਲੱਡ ਕੋਵੇਨੈਂਟ' ਨਾਮਕ ਮੁਹਿੰਮ ਰਾਹੀਂ 27 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ ਅਤੇ ਇੱਕ ਹੈਕਿੰਗ ਗਰੁੱਪ 'ਹੈਂਡਲਾ' ਨੇ ਵੀ ਟਰੰਪ ਅਤੇ ਨੇਤਨਯਾਹੂ ਦੇ ਖਾਤਮੇ ਲਈ 50 ਮਿਲੀਅਨ ਡਾਲਰ ਦੇਣ ਦੀ ਗੱਲ ਕਹੀ ਸੀ।
ਦੂਜੇ ਪਾਸੇ ਡੋਨਾਲਡ ਟਰੰਪ ਨੇ ਵੀ ਸਖ਼ਤ ਰੁਖ ਅਖਤਿਆਰ ਕਰਦਿਆਂ ਇਸ ਸਾਲ ਦੇ ਸ਼ੁਰੂ ਵਿਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਉਸ ਖ਼ਿਲਾਫ਼ ਆਪਣੀਆਂ ਧਮਕੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਵੇਗਾ। ਇਸ ਤਣਾਅ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਵੀਕਾਰ ਕੀਤਾ ਹੈ ਕਿ ਹਾਲੀਆ ਹਮਲਿਆਂ ਵਿੱਚ ਦੇਸ਼ ਦੇ ਗੈਸ ਪਲਾਂਟਾਂ ਅਤੇ ਬਿਜਲੀ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
