ਇਪਸਾ ਵੱਲੋਂ ਡਾ. ਸੁਰਜੀਤ ਪਾਤਰ ਸ਼ਰਧਾਂਜਲੀ ਸਮਾਰੋਹ ਆਯੋਜਿਤ

Monday, Nov 18, 2024 - 02:49 PM (IST)

ਇਪਸਾ ਵੱਲੋਂ ਡਾ. ਸੁਰਜੀਤ ਪਾਤਰ ਸ਼ਰਧਾਂਜਲੀ ਸਮਾਰੋਹ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਲੰਘੇ ਐਤਵਾਰ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਡਾ ਸੁਰਜੀਤ ਪਾਤਰ ਯਾਦਗਾਰੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਇੰਡੀਆ ਤੋਂ ਵਿਸ਼ੇਸ਼ ਰੂਪ ਵਿਚ ਉਨ੍ਹਾਂ ਦੇ ਧਰਮ-ਪਤਨੀ ਮਿਸਜ ਭੁਪਿੰਦਰ ਕੌਰ ਪਾਤਰ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਿਸਜ ਭੁਪਿੰਦਰ ਕੌਰ ਪਾਤਰ ਨੇ ਸੁਰਜੀਤ ਪਾਤਰ ਜੀ ਦੀ ਯਾਦ ਵਿਚ ਸ਼ਮ੍ਹਾ ਰੌਸ਼ਨ ਕਰਦਿਆਂ, ਉਨ੍ਹਾਂ ਨੂੰ ਨਮਨ ਕੀਤਾ। ਇਸ ਤੋਂ ਬਾਅਦ ਜਸਟਿਸ ਆਫ਼ ਪੀਸ ਦਲਵੀਰ ਹਲਵਾਰਵੀ, ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਇਪਸਾ ਦੇ ਸੈਕਟਰੀ ਸਰਬਜੀਤ ਸੋਹੀ, ਗੀਤਕਾਰ ਨਿਰਮਲ ਸਿੰਘ ਦਿਓਲ ਅਤੇ ਸਰਬਜੀਤ ਸਿੰਘ ਗੋਰਾਇਆ ਨੇ ਆਪੋ ਆਪਣੇ ਸ਼ਬਦਾਂ ਨਾਲ ਪਾਤਰ ਸਾਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਸ਼ਖਸੀਅਤ ਬਾਰੇ ਵਿਚਾਰ ਰੱਖੇ। ਅਮਨਪ੍ਰੀਤ ਕੌਰ ਟੱਲੇਵਾਲ ਨੇ ਸੁਰਜੀਤ ਪਾਤਰ ਹੁਰਾਂ ਦੀ ਮਸ਼ਹੂਰ ਕਵਿਤਾ ਉਡੀਕ ਖ਼ਤਾਂ ਦੀ ਨਾਲ ਮਾਹੌਲ ਭਾਵਪੂਰਤ ਬਣਾ ਦਿੱਤਾ। ਗਾਇਕ ਜੱਸ ਮੱਲੀ ਨੇ ਉਨ੍ਹਾਂ ਦੇ ਕੁਝ ਸ਼ੇਅਰ ਅਤੇ ਇੱਕ ਗੀਤ ਪੇਸ਼ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਖਰੀਦ ਲਈ ਮੁੜ ਹੋਵੇਗੀ 'ਨਕਦੀ' ਦੀ ਵਰਤੋਂ

ਸਮਾਰੋਹ ਦੇ ਦੂਸਰੇ ਭਾਗ ਵਿੱਚ ਅਮਰੀਕਾ ਤੋਂ ਆਏ ਫ਼ਿਲਮਸਾਜ਼ ਅਤੇ ਅਦਾਕਾਰ ਬੌਬ ਖਹਿਰਾ ਜੀ ਨੇ ਪਾਤਰ ਜੀ ਨੂੰ ਆਪਣੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨਾਲ ਬੀਤੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇੱਕ ਗੀਤ ਸਰੋਤਿਆਂ ਦੀ ਨਜ਼ਰ ਕੀਤਾ। ਪਾਤਰ ਸਾਬ ਦੇ ਪੋਤਰੇ ਅਵੀਰ ਪਾਤਰ ਨੇ ਤੋਤਲੀ ਭਾਸ਼ਾ ਵਿਚ ਆਪਣੇ ਦਾਦਾ ਜੀ ਨਾਲ ਬਿਤਾਏ ਪਲ ਦੀਆਂ ਯਾਦਾਂ ਅਤੇ ਇਕ ਬਾਲ ਗੀਤ ਬੋਲ ਕੇ ਬਹੁਤ ਖ਼ੂਬਸੂਰਤ ਹਾਜ਼ਰੀ ਲਵਾਈ। ਅੰਤ ਵਿਚ ਮਿਸਜ ਭੁਪਿੰਦਰ ਕੌਰ ਪਾਤਰ ਨੇ ਡਾ ਸੁਰਜੀਤ ਪਾਤਰ ਨਾਲ ਜੀਵਨ ਸਾਥੀ ਵਜੋਂ ਬਿਤਾਏ ਪਲਾਂ ਅਤੇ ਉਨ੍ਹਾਂ ਦੇ ਸੁਭਾਅ ਬਾਰੇ ਕੁਝ ਵਿਸ਼ੇਸ਼ ਨੁਕਤਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਸੁਰਜੀਤ ਪਾਤਰ ਜੀ ਦੀ ਜੀਵਨ ਸ਼ੈਲੀ ਅਤੇ ਆਮ ਜੀਵਨ ਵਿਚ ਸ਼ੌਕ ਅਤੇ ਨਜ਼ਰੀਏ ਬਾਰੇ ਬਹੁਤ ਵਾਕਿਆਤ ਸਾਂਝੇ ਕੀਤੇ। ਮਿਸਜ ਭੁਪਿੰਦਰ ਪਾਤਰ ਨੇ ਪਾਤਰ ਜੀ ਦੀ ਇੱਕ ਗ਼ਜ਼ਲ ਤਰੰਨਮ ਵਿਚ ਬੋਲਦਿਆਂ ਉਨ੍ਹਾਂ ਦੇ ਅੰਦਾਜ਼ ਅਤੇ ਆਵਾਜ਼ ਨੂੰ ਮੁੜ ਤਾਜ਼ਾ ਕਰਵਾ ਦਿੱਤਾ। ਇਪਸਾ ਵੱਲੋਂ ਉਨ੍ਹਾਂ ਨੂੰ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਾਸੀ, ਪਾਲ ਰਾਊਕੇ, ਮੇਜਰ ਹੇਅਰ, ਗੁਰਜੀਤ ਸਿੰਘ ਉੁਪਲ, ਬਿਕਰਮਜੀਤ ਸਿੰਘ ਚੰਦੀ, ਸ੍ਰੀਮਤੀ ਜਸਬੀਰ ਕੌਰ ਅਤੇ ਪ੍ਰਿੰਸ ਨੀਲੋਂ ਆਦਿ ਪ੍ਰਮੁਖ ਚਿਹਰੇ ਹਾਜ਼ਰ ਸਨ। ਇਸ ਸਮਾਗਮ ਵਿਚ ਹਾਲੈਂਡ ਰਹਿੰਦੇ ਲੇਖਕ ਜੋਗਿੰਦਰ ਸਿੰਘ ਬਾਠ ਦੀ ਕਿਤਾਬ ‘ਕਨੇਡਾ ਕਨੇਡਾ ਮੈਂ ਜਾਣਾ’ ਲੋਕ ਅਰਪਣ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News