ਅਮਰੀਕਾ ''ਚ  30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ !  MEA ਦਾ ਅਹਿਮ ਬਿਆਨ ਆਇਆ ਸਾਹਮਣੇ

Friday, Jul 31, 2026 - 03:23 PM (IST)

ਅਮਰੀਕਾ ''ਚ  30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ !  MEA ਦਾ ਅਹਿਮ ਬਿਆਨ ਆਇਆ ਸਾਹਮਣੇ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਢਾਈ ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ-ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉਘ-ਸੁੱਘ ਨਹੀਂ ਮਿਲ ਰਹੀ ਅਤੇ ਭਾਰਤ ਸਰਕਾਰ ਨੂੰ ਹੁਣ ਤੱਕ ਉਨ੍ਹਾਂ ਦੀ ਸ਼ਨਾਖ਼ਤ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ ਤਿੰਨ ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਅਤੇ ਫਲੋਰੀਡਾ ਵਿਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਦੀ ਸ਼ਨਾਖ਼ਤ, ਮੁਕੇਸ਼ ਮਣੀ, ਰਾਹੁਲ ਅਤੇ ਵਰਿੰਦਰ ਵਜੋਂ ਕੀਤੀ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਰਾਹੀਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਪਰ ਕੋਈ ਹੁੰਗਾਰਾ ਨਹੀਂ ਆਇਆ। 

ਦੱਸ ਦੇਈਏ ਕਿ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ‘ਅਪ੍ਰੇਸ਼ਨ ਚੈਕਮੇਟ’ ਦੌਰਾਨ 52 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਵਿਚੋਂ 36 ਟਰੱਕ ਡਰਾਈਵਰ ਸਨ ਅਤੇ ਇਨ੍ਹਾਂ ਵਿਚੋਂ 30 ਭਾਰਤ ਨਾਲ ਸਬੰਧਤ ਦੱਸੇ ਗਏ। ਹਿਰਾਸਤ ਵਿੱਚ ਲਏ ਗਏ 30 ਡਰਾਈਵਰਾਂ ਵਿੱਚੋਂ ਕਈ ਪੰਜਾਬ ਮੂਲ ਦੇ ਹਨ। ਇਨ੍ਹਾਂ ਸਾਰਿਆਂ 'ਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਅਧੀਨ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। 

ਕਸਟਮਜ਼ ਐਂਡ ਬਾਰਡਰ ਪੈਟਰੋਲ ਮੁਤਾਬਕ 29 ਟਰੱਕ ਡਰਾਈਵਰਾਂ ਕੋਲ ਕੈਲੇਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਰਾਜਾਂ ਤੋਂ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੌਜੂਦ ਸਨ, ਜਦਕਿ ਇਕ ਜਣਾ ਬਗੈਰ ਲਾਇਸੰਸ ਤੋਂ ਹੀ ਟਰੱਕ ਚਲਾ ਰਿਹਾ ਸੀ। ਭਾਰਤ ਸਰਕਾਰ ਦੀ ਦਲੀਲ ਹੈ ਕਿ ਅਪ੍ਰੇਸ਼ਨ ਚੈਕਮੇਟ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਅਮਰੀਕਾ ਦੀ ਲਾਅ ਐਨਫ਼ੋਰਸਮੈਂਟ ਏਜੰਸੀ ਨੇ ਆਪਣੇ ਪੱਧਰ ’ਤੇ ਕਾਰਵਾਈ ਕੀਤੀ। ਜਿਉਂ ਹੀ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਜਾਂ ਇਮੀਗ੍ਰੇਸ਼ਨ ਹਿਰਾਸਤ ਵਿਚ ਲਏ ਜਾਣ ਦੀਆਂ ਰਿਪੋਰਟਾਂ ਉਭਰੀਆਂ ਤਾਂ ਵਿਦੇਸ਼ ਮੰਤਰਾਲੇ ਨੇ ਵਾਸ਼ਿੰਗਟਨ ਸਥਿਤ ਅੰਬੈਸੀ ਨੂੰ ਵੇਰਵੇ ਹਾਸਲ ਕਰਨ ਦੀ ਹਦਾਇਤ ਦਿਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿਚ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਹੁਣ ਤੱਕ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਤੋਂ ਵਿਸਤਾਰਤ ਜਾਣਕਾਰੀ ਆਉਣ ਦੀ ਉਡੀਕ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-  5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ

ਕੇਂਦਰ ਸਰਕਾਰ ਦੇ ਤਾਜ਼ਾ ਜਵਾਬ ਮਗਰੋਂ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਅਤੇ ਨਵਾਂ ਸਵਾਲ ਇਹ ਉਠ ਰਿਹਾ ਹੈ ਕਿ ਆਖਰਕਾਰ 30 ਭਾਰਤੀ ਨਾਗਰਿਕ ਕਿੱਥੇ ਹਨ। ਭਾਰਤੀ ਟਰੱਕ ਡਰਾਈਵਰਾਂ ਦੇ ਜੱਦੀ ਸੂਬੇ, ਜ਼ਿਲ੍ਹੇ ਜਾਂ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਹਿਤ ਕਈ ਐਮ.ਪੀਜ਼ ਨੇ ਸਵਾਲ ਦਾਇਰ ਕੀਤੇ ਪਰ ਤਸੱਲੀਬਖਸ਼ ਜਾਣਕਾਰੀ ਹਾਸਲ ਕਰਨ ਵਿਚ ਨਾਕਾਮ ਰਹੇ। ਇਸੇ ਦੌਰਾਨ ਅਮਰੀਕਾ ਦੇ ਟੈਕਸਾਸ ਸੂਬੇ ਵਿਚ 32 ਹਜ਼ਾਰ ਪੌਂਡ ਵਜ਼ਨੀ ਮਹਿੰਗੀ ਧਾਤ ਚੋਰੀ ਕਰਨ ਦੇ ਮਾਮਲੇ ਤਹਿਤ ਸੀਲੀ ਪੁਲਿਸ ਵੱਲੋਂ ਦੋ ਸ਼ੱਕੀਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 2 ਲੱਖ 72 ਹਜ਼ਾਰ ਡਾਲਰ ਮੁੱਲ ਦੀ ਧਾਤ ਚੋਰੀ ਹੋਣ ਬਾਰੇ ਸ਼ਿਕਾਇਤ ਮਿਲਣ ’ਤੇ ਪੜਤਾਲ ਆਰੰਭੀ ਗਈ ਅਤੇ ਇਕ ਨਾਕੇ ਦੌਰਾਨ ਰੋਕੇ ਟਰੱਕ ਵਿਚੋਂ ਚੋਰੀਸ਼ੁਦਾ ਧਾਤ ਬਰਾਮਦ ਕਰਨ ਵਿਚ ਸਫ਼ਲਤਾ ਮਿਲੀ। 

ਟਰੱਕ ਵਿਚ ਸਵਾਰ ਸ਼ੱਕੀਆਂ ਦੀ ਸ਼ਨਾਖ਼ਤ 25 ਸਾਲਾ ਰਾਹੁਲ ਅਤੇ 36 ਸਾਲਾ ਵਰਿੰਦਰ ਵਜੋਂ ਕੀਤੀ ਗਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋਹਾਂ ਸ਼ੱਕੀਆਂ ਨੇ ਜੁਲਾਈ ਮਹੀਨੇ ਦੇ ਆਰੰਭ ਵਿਚ ਵੀ ਚੋਰੀ ਦੀ ਇਕ ਵਾਰਦਾਤ ਕੀਤੀ। ਸੀਲੀ ਪੁਲਿਸ ਮੁਤਾਬਕ ਆਟੋਮੇਟਡ ਲਾਇਸੰਸ ਪਲੇਟ ਰੀਡਰ ਤਕਨੀਕ ਰਾਹੀਂ ਕਾਰਗੋ ਚੋਰੀ ਦਾ ਮਸਲਾ ਸੁਲਝਾਉਣ ਵਿਚ ਮਦਦ ਮਿਲੀ। ਉਧਰ ਫ਼ਲੋਰੀਡਾ ਦੇ ਐਗਰੀਕਲਚਰਲ ਲਾਅ ਐਨਫ਼ੋਰਸਮੈਂਟ ਦਫ਼ਤਰ ਵੱਲੋਂ ਕੈਲੇਫੋਰਨੀਆ ਦੇ ਟਰੱਕ ਡਰਾਈਵਰ ਮੁਕੇਸ਼ ਮਣੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਟਰੱਕ ਦੀ ਰਜਿਸਟ੍ਰੇਸ਼ਨ 2021 ਵਿਚ ਐਕਸਪਾਇਰ ਹੋ ਚੁੱਕੀ ਸੀ। ਮਾਮਲਾ ਸ਼ੱਕੀ ਮਹਿਸੂਸ ਹੋਣ ’ਤੇ ਸਨਿਫ਼ਰ ਡੌਗਜ਼ ਲਿਆਂਦੇ ਗਏ ਅਤੇ ਟਰੱਕ ਵਿਚੋਂ ਚਿੱਟਾ ਪਾਊਡਰ ਵੀ ਬਰਾਮਦ ਹੋਇਆ। ਲੈਬ ਟੈਸਟ ਦੌਰਾਨ ਪਾਊਡਰ ਦੇ ਕੋਕੀਨ ਹੋਣ ਬਾਰੇ ਤਸਦੀਕ ਹੋ ਗਹੀ ਅਤੇ ਮੁਕੇਸ਼ ਮਣੀ ਨੂੰ ਗ੍ਰਿਫ਼ਤਾਰ ਕਰ ਕੇ ਐਸਕੈਂਬੀਆ ਕਾਊਂਟੀ ਜੇਲ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News