ਕੈਨੇਡਾ ’ਚ ਫਾਸਟ-ਟ੍ਰੈਕ ਵੀਜ਼ਾ ’ਤੇ ਪਾਬੰਦੀ ਮਗਰੋਂ US, ਬ੍ਰਿਟੇਨ, ਆਸਟ੍ਰੇਲੀਆ ਦਾ ਰੁਖ ਕਰ ਸਕਦੇ ਹਨ ਭਾਰਤੀ ਵਿਦਿਆਰਥੀ

Monday, Nov 18, 2024 - 09:40 AM (IST)

ਕੈਨੇਡਾ ’ਚ ਫਾਸਟ-ਟ੍ਰੈਕ ਵੀਜ਼ਾ ’ਤੇ ਪਾਬੰਦੀ ਮਗਰੋਂ  US, ਬ੍ਰਿਟੇਨ, ਆਸਟ੍ਰੇਲੀਆ ਦਾ ਰੁਖ ਕਰ ਸਕਦੇ ਹਨ ਭਾਰਤੀ ਵਿਦਿਆਰਥੀ

ਜਲੰਧਰ (ਇੰਟ.): ਕੈਨੇਡਾ ਵੱਲੋਂ ਫਾਸਟ-ਟ੍ਰੈਕ ਵੀਜ਼ਿਆਂ ’ਤੇ ਪਾਬੰਦੀ ਲਾਉਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜਿਸ ਕਾਰਨ ਉਹ ਹੁਣ ਅਮਰੀਕਾ, ਯੂ. ਕੇ., ਆਸਟ੍ਰੇਲੀਆ, ਜਰਮਨੀ, ਫਰਾਂਸ, ਆਇਰਲੈਂਡ ਤੇ ਜਾਪਾਨ ਵਰਗੇ ਹੋਰ ਦੇਸ਼ਾਂ ’ਚ ਉੱਚ ਸਿੱਖਿਆ ਹਾਸਲ ਕਰਨ ਬਾਰੇ ਵਿਚਾਰ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿਗੜ ਰਹੇ ਦੁਵੱਲੇ ਕੂਟਨੀਤਕ ਸਬੰਧਾਂ, ਵਧਦੇ ਰਿਹਾਇਸ਼ੀ ਸੰਕਟ ਅਤੇ ਕੈਨੇਡਾ ’ਚ ਵੱਧਦੀ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋ ਗਿਆ ਹੈ।

ਇਹ ਵੀ ਪੜ੍ਹੋ: ਅਰਸ਼ ਡੱਲਾ ਕੇਸ: ਕੈਨੇਡੀਅਨ ਅਦਾਲਤ ਨੇ ਮੁਕੱਦਮੇ ਦੇ ਟੈਲੀਕਾਸਟ 'ਤੇ ਲਾਈ ਪੂਰਨ ਪਾਬੰਦੀ

ਬਦਲਾਂ ਦੀ ਭਾਲ ਕਰ ਰਹੇ ਵਿਦਿਆਰਥੀ

ਕੰਸਲਟੈਂਸੀ ਲੀਵਰੇਜ ਡਾਟ ਬਿਜ ਦੇ ਸੰਸਥਾਪਕ ਅਕਸ਼ੈ ਚਤੁਰਵੇਦੀ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸ.ਡੀ.ਐੱਸ.) ਪ੍ਰੋਗਰਾਮ ਨੂੰ ਬੰਦ ਕਰਨ ਦਾ ਕੈਨੇਡਾ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਹੈ। ਇਸ ਨਾਲ ਨਾ ਸਿਰਫ਼ ਕੈਨੇਡਾ ’ਚ ਪੜ੍ਹਾਈ ਲਈ ਸਥਿਤੀ ਹੋਰ ਵਿਗੜ ਜਾਵੇਗੀ, ਸਗੋਂ ਇਸਦਾ ਨਿਯਮਤ ਵੀਜ਼ਾ ਬਿਨੈ-ਪੱਤਰਾਂ ’ਤੇ ਵੀ ਭਾਰੀ ਦਬਾਅ ਪਵੇਗਾ। ਲੀਵਰੇਜ ਡਾਟ ਬਿਜ ਕੋਲ ਕੈਨੇਡਾ ’ਚ ਆਗਾਮੀ ਦਾਖਲੇ ਲਈ 5,000 ਤੋਂ ਵੱਧ ਬਿਨੈਕਾਰ ਹਨ। ਚਤੁਰਵੇਦੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਕਰੀਬ 65 ਫੀਸਦੀ ਨੇ ਯੂ. ਕੇ., ਯੂ. ਐੱਸ. ਅਤੇ ਜਰਮਨੀ ’ਚ ਸੰਭਾਵਿਤ ਬਦਲਾਂ ਬਾਰੇ ਪੁੱਛਗਿੱਛ ਕੀਤੀ ਹੈ।

ਸਿੱਖਿਆ ਦੇ ਖੇਤਰ ’ਚ ਪਛਾਣ ਗੁਆ ਦੇਵੇਗਾ ਕੈਨੇਡਾ

ਕਾਲਜਿਫਾਈ ਦੇ ਸਹਿ-ਸੰਸਥਾਪਕ ਆਦਰਸ਼ ਖੰਡੇਲਵਾਲ ਨੇ ਕਿਹਾ ਹੈ ਕਿ ਅਚਾਨਕ ਹੋਈ ਤਬਦੀਲੀ ਮਹੱਤਵਪੂਰਨ ਪ੍ਰਣਾਲੀਆਂ ਨੂੰ ਅਸਫਲ ਕਰ ਦਿੰਦੀ ਹੈ। ਇਨ੍ਹਾਂ ’ਚ ਰਿਹਾਇਸ਼ ਸੁਰੱਖਿਅਤ ਕਰਨਾ, ਟਿਊਸ਼ਨ ਦਾ ਭੁਗਤਾਨ ਕਰਨਾ ਅਤੇ ਯਾਤਰਾ ਦੀ ਯੋਜਨਾ ਬਣਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਈ ਲੋਕ, ਜੋ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਤਿਆਰ ਸਨ, ਨੂੰ ਹੁਣ ਵਿਘਨ ਵਾਲੀਆਂ ਯੋਜਨਾਵਾਂ ਦੇ ਤਣਾਅ ਨਾਲ ਨਜਿੱਠਣਾ ਪੈ ਸਕਦਾ ਹੈ। 2023 ’ਚ 2,25,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਲਈ ਵੀਜ਼ਾ ਪ੍ਰਾਪਤ ਕੀਤਾ ਸੀ, ਜਿਨ੍ਹਾਂ ’ਚ ਜ਼ਿਆਦਾਤਰ ਫਾਸਟ-ਟ੍ਰੈਕ ਵੀਜ਼ੇ ਸਨ। ਖੰਡੇਲਵਾਲ ਨੇ ਕਿਹਾ ਕਿ ਕੈਨੇਡਾ ਇਸ ਪਾਬੰਦੀ ਨਾਲ ਚੋਟੀ ਦੇ ਸਥਾਨ ਵਜੋਂ ਆਪਣੀ ਲੀਡ ਗੁਆ ਸਕਦਾ ਹੈ।

ਇਹ ਵੀ ਪੜ੍ਹੋ: US 'ਚ ਨੌਕਰੀਆਂ 'ਤੇ ਸੰਕਟ! ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਦਿੱਤਾ ਇਹ ਸੰਕੇਤ

ਸਿੱਖਿਆ ਬਾਜ਼ਾਰ ’ਚ ਕਰੀਬ 30 ਫੀਸਦੀ ਦੀ ਗਿਰਾਵਟ

ਆਈ.ਡੀ.ਪੀ. ਐਜੂਕੇਸ਼ਨ ਦੇ ਦੱਖਣੀ ਏਸ਼ੀਆ, ਕੈਨੇਡਾ ਅਤੇ ਲੈਟਿਨ ਅਮਰੀਕਾ ਦੇ ਖੇਤਰੀ ਨਿਰਦੇਸ਼ਕ ਪੀਯੂਸ਼ ਕੁਮਾਰ ਅਨੁਸਾਰ ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ ਨੂੰ ਰੋਕਣ ਦੇ ਫੈਸਲੇ ਸਮੇਤ ਕਈ ਕਾਰਨਾਂ ਕਰ ਕੇ ਇਸ ਸਾਲ ਭਾਰਤ ’ਚ ਕੈਨੇਡੀਅਨ ਸਿੱਖਿਆ ਬਾਜ਼ਾਰ ’ਚ ਲਗਭਗ 30 ਫੀਸਦੀ ਦੀ ਗਿਰਾਵਟ ਆਈ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਗਾਮੀ ਦਾਖਲੇ ਲਈ 8 ਨਵੰਬਰ ਤੱਕ ਅਪਲਾਈ ਕੀਤਾ ਹੈ, ਉਹ ਐੱਸ.ਡੀ.ਐੱਸ. ਸ਼੍ਰੇਣੀ ਤਹਿਤ ਆਪਣਾ ਵੀਜ਼ਾ ਪ੍ਰਾਪਤ ਕਰ ਸਕਣਗੇ। ਜਿਨ੍ਹਾਂ ਨੇ ਕੈਨੇਡਾ ’ਚ ਪੜ੍ਹਾਈ ਲਈ ਜਨਵਰੀ ਜਾਂ ਮਈ 2025 ’ਚ ਦਾਖਲੇ ਲਈ 8 ਨਵੰਬਰ ਤੋਂ ਬਾਅਦ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਨਿਯਮਤ ਗੈਰ-ਐੱਸ. ਡੀ. ਐੱਸ. ਰੂਟ ਰਾਹੀਂ ਆਪਣਾ ਵੀਜ਼ਾ ਫਾਈਲ ਕਰਨਾ ਚਾਹੀਦਾ ਹੈ। ਕੁਮਾਰ ਨੇ ਕਿਹਾ ਕਿ ਕੁਝ ਵਿਦਿਆਰਥੀ ਬਚੇ ਹਨ, ਜਿਨ੍ਹਾਂ ਨੇ ਐੱਸ.ਡੀ.ਐੱਸ. ਰੂਟ ਰਾਹੀਂ ਅਪਲਾਈ ਨਹੀਂ ਕੀਤਾ ਹੈ ਅਤੇ ਹੁਣ ਅਸੀਂ ਉਨ੍ਹਾਂ ਨੂੰ ਗੈਰ-ਐੱਸ.ਡੀ.ਐੱਸ. ਰੂਟ ਰਾਹੀਂ ਅਪਲਾਈ ਕਰਨ ’ਚ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ 4 ਤੋਂ 6 ਹਫ਼ਤੇ ਪਹਿਲਾਂ ਅਪਲਾਈ ਕਰਨਾ ਪਵੇਗਾ।

ਦਾਖਲਿਆਂ ’ਚ 85 ਫੀਸਦੀ ਗਿਰਾਵਟ ਦਾ ਅੰਦਾਜਾ

ਫਾਰੇਨ ਐਡਮਿਟਸ ਦੇ ਸਹਿ-ਸੰਸਥਾਪਕ ਨਿਖਿਲ ਜੈਨ ਦਾ ਕਹਿਣਾ ਹੈ, ਜੋ ਪ੍ਰਕਿਰਿਆ 20-45 ਦਿਨਾਂ ਦੀ ਸੀ ਉਹ ਹੁਣ ਘੱਟੋ-ਘੱਟ 60-90 ਦਿਨਾਂ ਤੱਕ ਵੱਧ ਜਾਵੇਗੀ। ਇਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਜ਼ਿਆਦਾ ਪ੍ਰੇਸ਼ਾਨੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੀ ਉਹ ਕੌਂਸਲਿੰਗ ਕਰ ਰਹੇ ਹਨ, ਉਨ੍ਹਾਂ ’ਚੋਂ ਇਕ ਨੇ ਕੈਨੇਡਾ ਦੇ ਇਕ ਕਾਲਜ ’ਚ ਆਪਣੇ ਬੱਚੇ ਦੇ ਪਹਿਲੇ ਸਮੈਸਟਰ ਦੀ ਫੀਸ ਦਾ ਭੁਗਤਾਨ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਨ੍ਹਾਂ ਦਾ ਬੱਚਾ ਦਾਖਲੇ ਲਈ ਸਮੇਂ ਸਿਰ ਜਾਵੇਗਾ ਜਾਂ ਨਹੀਂ। ਕਰੀਅਰ ਮੋਜ਼ੇਕ ਦੀ ਮਨੀਸ਼ਾ ਜੇਵੇਰੀ ਨੇ ਕਿਹਾ ਕਿ ਐੱਸ.ਡੀ.ਐੱਸ. ਰੂਟ ਦੇ ਬੰਦ ਹੋਣ ਦੇ ਨਤੀਜੇ ਵਜੋਂ ਕੈਨੇਡਾ ’ਚ ਦਾਖਲਿਆਂ ’ਚ 85 ਫੀਸਦੀ ਦੀ ਗਿਰਾਵਟ ਦਾ ਅੰਦਾਜਾ ਹੈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਧਾਈ ਕੈਨੇਡਾ ਦੀ ਚਿੰਤਾ, ਜਾਣੋ ਕੀ ਹੈ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News