"ਭਾਰਤ ਸਦਾ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਰਿਣੀ ਰਹੇਗਾ"

Thursday, Jan 26, 2023 - 11:37 PM (IST)

"ਭਾਰਤ ਸਦਾ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦਾ ਰਿਣੀ ਰਹੇਗਾ"

ਰੋਮ (ਦਲਵੀਰ ਕੈਂਥ) : ਲਿਖਤੀ ਤੌਰ 'ਤੇ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਸੰਵਿਧਾਨ ਜਿਸ ਨੂੰ 2 ਸਾਲ 11 ਮਹੀਨੇ ਤੇ 18 ਦਿਨ ਦੀ ਸਖ਼ਤ ਮਿਹਨਤ ਕਰਦਿਆਂ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੇ 26 ਨਵੰਬਰ 1949 'ਚ ਪੂਰਾ ਕੀਤਾ, ਨੂੰ ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਲਾਗੂ ਕਰਦਿਆਂ ਇਤਿਹਾਸਕ ਕਾਰਵਾਈ ਕਰਦਿਆਂ 26 ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਐਲਾਨਿਆ, ਜਿਸ ਨੂੰ ਅੱਜ ਭਾਰਤ ਸਮੇਤ ਦੁਨੀਆ ਭਰ ਵਿੱਚ ਰਹਿ ਰਹੇ ਭਾਰਤੀਆਂ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ। ਯੂਰਪੀਅਨ ਦੇਸ਼ ਇਟਲੀ ਵਿੱਚ ਵੀ ਭਾਰਤ ਦੇ 74ਵੇਂ ਗਣਤੰਤਰ ਦਿਵਸ ਨੂੰ ਭਾਰਤੀ ਅੰਬੈਸੀ ਰੋਮ ਵਿਖੇ ਸਮੂਹ ਸਟਾਫ਼ ਵੱਲੋਂ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਗਿਆ।

ਇਹ ਵੀ ਪੜ੍ਹੋ : ਯੂਕੇ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਡਨ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ

ਇਸ ਮੌਕੇ ਰਾਜਦੂਤ ਮੈਡਮ ਡਾ. ਨੀਨਾ ਮਲਹੋਤਰਾ ਨੇ ਭਾਰਤੀਆਂ ਦੀ ਜਾਨ ਤੇ ਸ਼ਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸਤਿਕਾਰਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਰਾਸ਼ਟਰ ਦੇ ਨਾਂ ਸੰਦੇਸ਼ ਪੜ੍ਹ ਕੇ ਸੁਣਾਇਆ। ਡਾ. ਨੀਨਾ ਨੇ ਅੰਬੈਸੀ ਆਏ ਸਾਰੇ ਸਭ ਮਹਿਮਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਲ ਇਸ ਲਈ ਵੀ ਵਿਸ਼ੇਸ਼ ਹੈ ਕਿ ਅੱਜ ਆਪਾਂ ਭਾਰਤ ਤੇ ਇਟਲੀ ਦੇ ਰਾਜਨੀਤਕ ਸੰਬੰਧਾਂ ਦੀ ਵੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਹ ਗਣਤੰਤਰ ਦਿਵਸ ਸਾਡੇ ਸਭ ਲਈ ਬਹੁਤ ਅਹਿਮ ਹੈ। ਸੰਵਿਧਾਨ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਆਪਣੀ ਯਾਤਰਾ ਬਹੁਤ ਹੀ ਅਦਭੁੱਤ ਰਹੀ ਹੈ, ਜਿਸ ਤੋਂ ਕਈ ਦੇਸ਼ਾਂ ਨੂੰ ਪ੍ਰੇਰਨਾ ਮਿਲੀ ਹੈ। ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ ਉਸ ਸਮੇਂ ਰਾਸ਼ਟਰੀ ਤੌਰ 'ਤੇ ਸਾਡੀਆਂ ਜੋ ਕਾਮਯਾਬੀਆਂ ਰਹੀਆਂ ਹਨ, ਅਸੀਂ ਉਨ੍ਹਾਂ ਦਾ ਉਤਸਵ ਮਨਾਉਂਦੇ ਹਾਂ।

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ

ਸਾਡਾ ਇਹ ਦੁਨੀਆਵੀ ਦਸਤਾਵੇਜ਼ ਦੁਨੀਆ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਅਤਾ ਦੇ ਮਾਨਵਤਾਵਾਦੀ ਦਰਸ਼ਨ ਦੇ ਨਾਲ-ਨਾਲ ਆਤਮਿਕ ਵਿਚਾਰਾਂ ਤੋਂ ਵੀ ਪ੍ਰੇਰਿਤ ਹੈ। ਸਾਡਾ ਦੇਸ਼ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਸਦਾ ਹੀ ਰਿਣੀ ਰਹੇਗਾ, ਜਿਨ੍ਹਾਂ ਨੇ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੀ ਅਗਵਾਈ ਕਰਦਿਆਂ ਸੰਵਿਧਾਨ ਨੂੰ ਸੰਪੂਰਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਅੱਜ ਦੇ ਦਿਨ ਸਾਨੂੰ ਉਨ੍ਹਾਂ ਸਭ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸੰਵਿਧਾਨ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਇਸ ਮੌਕੇ ਅੰਬੈਸੀ ਦੇ ਸਟਾਫ਼ ਮੈਂਬਰਾਂ ਵੱਲੋਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਹਾਜ਼ਰ ਭਾਰਤੀਆਂ ਅੰਦਰ ਦੇਸ਼ ਭਗਤੀ ਦੇ ਜਜ਼ਬੇ ਨੂੰ ਚੋਖਾ ਰੰਗ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News