ਭਾਰਤ-ਯੂਰਪੀ ਯੂਨੀਅਨ ਸਾਂਝੇ ਖੋਜ ਪ੍ਰਾਜੈਕਟ ਦੀ ਮਿਲਾਨ ਵਿੱਚ ਹੋਈ ਸ਼ੁਰੂਆਤੀ ਮੀਟਿੰਗ
Tuesday, Jul 14, 2026 - 09:14 PM (IST)
ਮਿਲਾਨ (ਟੇਕ ਚੰਦ ਜਗਤ ਪੁਰ ) : ਪੋਲੀਟੈਕਨੀਕੋ ਡੀ ਮਿਲਾਨੋ (PoliMi) ਨੇ ਆਈਆਈਟੀ ਮਦਰਾਸ ਦੇ ਸਹਿਯੋਗ ਨਾਲ ਮਿਲਾਨ ਵਿਖੇ ਭਾਰਤ–ਯੂਰਪੀ ਯੂਨੀਅਨ ਦੇ ਸਾਂਝੇ ਖੋਜ ਪ੍ਰਾਜੈਕਟ “India–EU: Agro/Forestry/Biogenic Residues to Advanced Technologies” ਦੀ ਸ਼ੁਰੂਆਤੀ (Kick-off) ਮੀਟਿੰਗ ਦਾ ਆਯੋਜਨ ਕੀਤਾ। ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਭਾਰਤ ਸਰਕਾਰ ਅਤੇ ਯੂਰਪੀ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਫੰਡ ਕੀਤਾ ਜਾ ਰਿਹਾ ਹੈ। ਇਸ ਵਿੱਚ ਭਾਰਤ ਅਤੇ ਯੂਰਪ ਦੀਆਂ ਪ੍ਰਮੁੱਖ ਖੋਜ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਵਿਗਿਆਨੀਆਂ ਦੀ ਭਾਗੀਦਾਰੀ ਹੈ।
ਇਸ ਮੌਕੇ ਭਾਰਤ ਦੇ ਕੌਂਸਲ ਜਨਰਲ ਲਵਾਨਿਆ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸ਼ਹਿਰੀ ਖੇਤਰਾਂ ਵਿੱਚ ਠੋਸ ਕੂੜਾ-ਕਰਕਟ ਪ੍ਰਬੰਧਨ ਲਈ ਕਿਫ਼ਾਇਤੀ, ਟਿਕਾਊ ਅਤੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਂਝੇ ਖੋਜ ਪ੍ਰਾਜੈਕਟ ਭਵਿੱਖ ਦੀ ਹਰੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮੀਟਿੰਗ ਦੌਰਾਨ ਨਵੀਂ ਅਤੇ ਨਵੀਨੀਕਰਨਯੋਗ ਊਰਜਾ ਮੰਤਰਾਲਾ (ਭਾਰਤ ਸਰਕਾਰ), ਯੂਰਪੀਅਨ ਕਮਿਸ਼ਨ, ਪੋਲੀਟੈਕਨੀਕੋ ਡੀ ਮਿਲਾਨੋ ਅਤੇ ਆਈਆਈਟੀ ਮਦਰਾਸ ਦੇ ਨੁਮਾਇੰਦਿਆਂ ਨੇ ਪ੍ਰਾਜੈਕਟ ਦੇ ਉਦੇਸ਼ਾਂ ਅਤੇ ਕਾਰਜ-ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਪਹਿਲ ਭਾਰਤ–ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਕੌਂਸਲ (TTC) ਦੇ ਸਹਿਯੋਗ ਨਾਲ ਹਰੀ ਅਤੇ ਸਾਫ਼ ਤਕਨਾਲੋਜੀ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਦਾ ਮੁੱਖ ਉਦੇਸ਼ ਖੇਤੀਬਾੜੀ, ਜੰਗਲਾਤ ਅਤੇ ਹੋਰ ਬਾਇਓਜੈਨਿਕ ਕੂੜੇ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਨਵੀਨੀਕਰਨਯੋਗ ਹਾਈਡ੍ਰੋਜਨ ਅਤੇ ਹੋਰ ਸਾਫ਼ ਊਰਜਾ ਸਰੋਤਾਂ ਵਿੱਚ ਬਦਲਣਾ ਹੈ, ਜਿਸ ਨਾਲ ਭਾਰਤ ਅਤੇ ਯੂਰਪ ਦੇ ਸਵੱਛ ਊਰਜਾ ਟੀਚਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ।
