ਇੰਡੋਨੇਸ਼ੀਆ ''ਚ ਝਾੜ-ਫੂਕ ਨਾਲ ਹੋਵੇਗਾ LGBTQ ਦਾ ਇਲਾਜ

Saturday, May 09, 2020 - 01:12 AM (IST)

ਇੰਡੋਨੇਸ਼ੀਆ ''ਚ ਝਾੜ-ਫੂਕ ਨਾਲ ਹੋਵੇਗਾ LGBTQ ਦਾ ਇਲਾਜ

ਜਕਾਰਤਾ - ਟ੍ਰਾਂਸਜੇਂਡਰਾਂ ਅਤੇ ਸਮਲਿੰਗੀਆਂ ਨੂੰ ਆਮ ਤੌਰ 'ਤੇ ਕਈ ਸਮਾਜਾਂ ਵਿਚ ਸਵੀਕਾਰ ਨਹੀਂ ਕੀਤਾ ਜਾਂਦਾ ਪਰ ਇੰਡੋਨੇਸ਼ੀਆ ਵਿਚ ਇਸ ਦਾ ਅਜੀਬ ਇਲਾਜ ਕੱਢਿਆ ਗਿਆ ਹੈ। ਇਥੋਂ ਦੇ ਰੂੜੀਵਾਦੀ ਆਸੇਹ ਸੂਬੇ ਨੇ ਇਕ ਨਵਾਂ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਪਾਸ ਹੋ ਗਿਆ ਤਾਂ ਐਲ. ਬੀ. ਜੀ. ਕਿਊ. ਭਾਈਚਾਰੇ ਦੇ ਮੈਂਬਰਾਂ ਨੂੰ ਨਰਕ ਦੀ ਅੱਗ ਤੋਂ ਬਚਣ ਲਈ ਝਾੜ-ਫੂਕ ਕਰਵਾਉਣ ਲਾਜ਼ਮੀ ਹੋਵੇਗਾ।

ਇੰਡੋਨੇਸ਼ੀਆ ਦੇ ਰੂੜੀਵਾਦੀ ਸਮਾਜ ਵਿਚ ਟ੍ਰਾਂਸਜੇਂਡਰ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ ਅਤੇ ਇਸ ਤੋਂ ਮੁਕਤੀ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ ਪਰ ਹੁਣ ਝਾੜ-ਫੂਕ ਨੂੰ ਕਾਨੂੰਨੀ ਦਰਜਾ ਮਿਲਣ ਨਾਲ ਇਸ ਭਾਈਚਾਰੇ ਦੀਆਂ ਮੁਸ਼ਕਿਲਾਂ ਵੱਧਣਗੀਆਂ। ਦੁਨੀਆ ਦੇ ਸਭ ਤੋਂ ਵੱਡੇ ਇਸਲਾਮੀ ਦੇਸ਼ ਇੰਡੋਨੇਸ਼ੀਆ ਵਿਚ ਸਮਲਿੰਗੀਆਂ ਅਤੇ ਟ੍ਰਾਂਸਜੇਂਡਰਾਂ ਦੀ ਕਥਿਤ ਸ਼ੁੱਧਤਾ ਲਈ ਝਾੜ-ਫੂਕ ਦਾ ਇਸਤੇਮਾਲ ਆਮ ਹੈ।

ਹੁੰਦਾ ਹੈ ਆਤਮਾ ਦਾ ਵਾਸ
ਹਾਲਾਂਕਿ, ਆਸੇਹ ਸੂਬੇ ਨੂੰ ਛੱਡ ਕੇ ਪੂਰੇ ਇੰਡੋਨੇਸ਼ੀਆ ਵਿਚ ਸਮਲਿੰਗਕਤਾ 'ਤੇ ਕੋਈ ਪਾਬੰਦੀ ਨਹੀਂ ਹੈ। ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਸਮਲਿੰਗੀ ਜਾਂ ਟ੍ਰਾਂਸਜੇਂਡਰ ਹੈ ਤਾਂ ਉਸ ਵਿਚ ਕਿਸੇ ਆਤਮਾ ਦਾ ਵਾਸ ਹੈ। ਇਸ ਆਤਮਾ ਨੂੰ ਧਾਰਮਿਕ ਰੀਤੀ-ਰਿਵਾਜ਼ ਜਾਂ ਝਾੜ-ਫੂਕ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਇੰਡੋਨੇਸ਼ੀਆ ਵਿਚ ਹਰ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਝਾੜ-ਫੂਕ ਦਾ ਸਹਾਰਾ ਲਿਆ ਜਾਂਦਾ ਹੈ। ਭਾਂਵੇ ਮਾਨਸਿਕ ਬੀਮਾਰੀ ਹੋਵੇ ਜਾਂ ਪਰਿਵਾਰਕ ਸਮੱਸਿਆ, ਹਰ ਮਰਜ਼ ਦੀ ਇਕ ਹੀ ਦਵਾਈ ਹੈ ਝਾੜ-ਫੂਕ।

ਐਲ. ਜੀ. ਬੀ. ਟੀ. ਕਿਊ. ਭਾਈਚਾਰੇ ਖਿਲਾਫ ਹੋਵੇਗਾ ਇਸਤੇਮਾਲ
ਹੁਣ ਇਸ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਐਲ. ਜੀ. ਬੀ. ਟੀ. ਕਿਊ. ਭਾਈਚਾਰੇ 'ਤੇ ਅਤਿਆਚਾਰ ਦਾ ਸ਼ੱਕ ਵਧ ਗਿਆ ਹੈ। ਐਮਨੇਸਟੀ ਇੰਟਰਨੈਸ਼ਨਲ ਇੰਡੋਨੇਸ਼ੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਓਸਮਾਨ ਹਾਮਿਦ ਨੇ ਆਖਿਆ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਐਲ. ਜੀ. ਬੀ. ਟੀ. ਕਿਊ. ਭਾਈਚਾਰੇ ਖਿਲਾਫ ਝਾੜ-ਫੂਕ ਦਾ ਇਸਤੇਮਾਲ ਕੀਤਾ ਜਾਵੇਗਾ। ਉਥੇ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਵਧੇਗਾ। ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਦਾ ਦਾਅਵਾ ਕਰਨ ਵਾਲੇ ਆਰਿਸ ਫਤੋਨੀ ਵੀ ਉਨਾਂ ਵਿਚ ਸ਼ਾਮਲ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ ਇਕ ਦਹਾਕੇ ਵਿਚ ਅਜਿਹੇ 10 ਮਰੀਜ਼ਾਂ ਨੂੰ ਠੀਕ ਕੀਤਾ ਹੈ।

ਡਾਕਟਰ ਵੀ ਕਰਦੇ ਝਾੜ-ਫੂਕ
ਝਾੜ-ਫੂਕ ਦੌਰਾਨ ਉਹ ਕੁਰਾਨ ਪੜਦੇ ਹਨ ਅਤੇ ਆਪਣੇ ਹੱਥ ਮਰੀਜ਼ 'ਤੇ ਰੱਖਦੇ ਹਨ। ਇਸ ਤੋਂ ਬਾਅਦ ਉਹ ਕਥਿਤ ਆਤਮਾ ਦੇ ਸੰਕੇਤਾਂ ਨੂੰ ਪੜਦੇ ਹਨ, ਜਿਸ ਨੇ ਮਰੀਜ਼ ਨੂੰ ਆਪਣੇ ਵਸ਼ ਵਿਚ ਕਰ ਰੱਖਿਆ ਹੈ। ਰਾਜਧਾਨੀ ਜਕਾਰਤਾ ਵਿਚ 6 ਕਾਲੋਨੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਐਲ. ਜੀ. ਬੀ. ਟੀ. ਕਿਊ. ਭਾਈਚਾਰੇ ਦੇ ਲੋਕਾਂ ਦਾ ਇਲਾਜ ਕਰਨ ਲਈ ਝਾੜ-ਫੂਕ ਕਰਦੇ ਹਨ। ਉਹ ਖੁਲ੍ਹੇ ਤੌਰ 'ਤੇ ਇਸ ਦਾ ਪ੍ਰਚਾਰ ਨਹੀਂ ਕਰਦੇ ਹਨ ਕਿਉਂਕਿ ਦੇਸ਼ ਵਿਚ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਡਾਕਟਰ ਕੋਲ ਜਾਣ ਦੀ ਬਜਾਏ ਅਜਿਹੇ ਬਾਬਿਆਂ ਕੋਲ ਜਾਣਾ ਪਸੰਦ ਕਰਦੇ ਹਨ।


author

Khushdeep Jassi

Content Editor

Related News