ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ ''ਤੇ ਪਾਇਆ ਜ਼ੋਰ
Thursday, Nov 19, 2026 - 02:53 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸੰਸਥਾਪਕ ਇਮਰਾਨ ਖ਼ਾਨ ਦੁਆਰਾ ਦੇਸ਼ ਦੀਆਂ ਚੋਟੀ ਦੀਆਂ ਅਦਾਲਤਾਂ ਦੇ ਮੁੱਖ ਜੱਜਾਂ ਨੂੰ ਲਿਖੇ ਗਏ ਖੁੱਲ੍ਹੇ ਖ਼ਤ ਤੋਂ ਬਾਅਦ ਪਾਕਿਸਤਾਨ ਬਾਰ ਕੌਂਸਲ (PBC) ਦੇ ਅੱਠ ਮੈਂਬਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਨਿਆਂਪਾਲਿਕਾ ਨੂੰ ਸੁਪਰੀਮ ਕੋਰਟ ਦੇ ਹੁਕਮ ਤੁਰੰਤ ਲਾਗੂ ਕਰਵਾਉਣ ਦੀ ਅਪੀਲ ਕੀਤੀ ਹੈ। ਬਾਰ ਕੌਂਸਲ ਦੇ ਮੈਂਬਰਾਂ ਨੇ ਸੁਪਰੀਮ ਕੋਰਟ ਦੁਆਰਾ ਇਮਰਾਨ ਖ਼ਾਨ ਨੂੰ ਡਾਕਟਰੀ ਇਲਾਜ ਲਈ 'ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ' ਵਿੱਚ ਤਬਦੀਲ ਕਰਨ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਢੁਕਵਾਂ ਇਲਾਜ ਅਤੇ ਸੰਵਿਧਾਨਕ ਅਧਿਕਾਰ ਦੇਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਸੁਪਰੀਮ ਕੋਰਟ ਦੇ 3-ਮੈਂਬਰੀ ਬੈਂਚ ਨੇ ਸਰਕਾਰ ਨੂੰ ਦੋ ਦਿਨਾਂ ਦੇ ਅੰਦਰ ਇਮਰਾਨ ਖ਼ਾਨ ਨੂੰ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਪਰ ਸਰਕਾਰ ਨੇ ਉਨ੍ਹਾਂ ਨੂੰ ਹਸਪਤਾਲ ਭੇਜਣ ਦੀ ਬਜਾਏ ਸਰਕਾਰੀ ਹਸਪਤਾਲ 'ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼' (PIMS) ਵਿੱਚ ਚੈੱਕਅਪ ਕਰਵਾ ਕੇ ਮੁੜ ਜੇਲ੍ਹ ਭੇਜ ਦਿੱਤਾ। ਇਮਰਾਨ ਖ਼ਾਨ ਨੇ ਫੈਡਰਲ ਕਾਂਸਟੀਚਿਊਸ਼ਨਲ ਕੋਰਟ (FCC), ਸੁਪਰੀਮ ਕੋਰਟ ਅਤੇ ਇਸਲਾਮਾਬਾਦ ਹਾਈ ਕੋਰਟ (IHC) ਦੇ ਚੀਫ਼ ਜਸਟਿਸਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਉਹ ਆਪਣੇ ਵਿਰੁੱਧ ਦਰਜ ਝੂਠੇ ਕੇਸਾਂ ਵਿੱਚ ਆਪਣੀ ਬੇਗੁਨਾਹੀ ਉਦੋਂ ਹੀ ਸਾਬਿਤ ਕਰ ਸਕਣਗੇ ਜੇਕਰ ਉਹ ਜ਼ਿੰਦਾ ਰਹਿਣਗੇ।
ਪੜ੍ਹੋ ਇਹ ਅਹਿਮ ਖ਼ਬਰ- 'ਮੁਨੀਰ ਆਪਣੀ ਮਰਜ਼ੀ ਨਾਲ ਕਰ ਸਕਦੇ ਹਨ ਇਮਰਾਨ ਖ਼ਾਨ ਦਾ ਕ./ਤਲ'! ਪੁੱਤਰ ਨੇ ਵਿਸ਼ਵ ਭਾਈਚਾਰੇ ਤੋਂ ਮੰਗੀ ਮਦਦ
ਇਸ ਸਾਂਝੇ ਬਿਆਨ 'ਤੇ ਆਬਿਦ ਸ਼ਾਹਿਦ ਜ਼ੁਬੇਰੀ, ਮੁਹੰਮਦ ਮਕਸੂਦ ਬੁੱਟਰ, ਸ਼ਫ਼ਕਤ ਮਹਿਮੂਦ ਚੌਹਾਨ, ਅਬਦੁਲ ਸੱਤਾਰ ਖ਼ਾਨ, ਮੁਨੀਰ ਅਹਿਮਦ ਕਾਕੜ, ਸਲਮਾਨ ਅਕਰਮ ਰਾਜਾ, ਸਲਾਹੁੱਦੀਨ ਅਹਿਮਦ ਅਤੇ ਕਾਜ਼ੀ ਮੁਹੰਮਦ ਅਰਸ਼ਦ ਦੇ ਦਸਤਖ਼ਤ ਹਨ। ਬਾਰ ਕੌਂਸਲ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀ ਜ਼ਿੰਦਗੀ ਜਾਂ ਆਜ਼ਾਦੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਦੀ ਹੋਵੇਗੀ। ਉਨ੍ਹਾਂ ਨੇ ਅਦਾਲਤੀ ਹੁਕਮ ਲਾਗੂ ਕਰਵਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਅਧਿਕਾਰ ਵੀ ਸੁਰੱਖਿਅਤ ਰੱਖਿਆ ਹੈ। ਬਿਆਨ ਅਨੁਸਾਰ ਇਮਰਾਨ ਖ਼ਾਨ ਨੂੰ ਇਕਾਂਤ ਕਾਰਾਵਾਸ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ, ਵਕੀਲਾਂ ਤੇ ਪਰਿਵਾਰ ਨਾਲ ਮੁਲਾਕਾਤ ਤੋਂ ਵਾਂਝਾ ਰੱਖ ਕੇ ਸੰਵਿਧਾਨ ਦੀ ਧਾਰਾ 9 (ਜੀਵਨ ਤੇ ਆਜ਼ਾਦੀ ਦਾ ਅਧਿਕਾਰ) ਅਤੇ ਧਾਰਾ 10-ਏ (ਨਿਰਪੱਖ ਸੁਣਵਾਈ ਦਾ ਅਧਿਕਾਰ) ਦੀ ਉਲੰਘਣਾ ਕੀਤੀ ਜਾ ਰਹੀ ਹੈ।
ਬਾਰ ਕੌਂਸਲ ਨੇ ਦੱਸਿਆ ਕਿ ਇਮਰਾਨ ਖ਼ਾਨ ਦੀਆਂ ਭੈਣਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ ਅਲੀਮਾ ਖ਼ਾਨ ਅਜੇ ਵੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹਨ। ਡੈਮੋਕ੍ਰੇਟਿਕ ਅਲਾਇੰਸ: ਪੀ.ਬੀ.ਸੀ. ਦੇ ਸਾਬਕਾ ਵਾਈਸ ਚੇਅਰਮੈਨ ਆਬਿਦ ਸਾਕੀ ਦੀ ਅਗਵਾਈ ਵਾਲੀ ਵਕੀਲਾਂ ਦੀ ਸੰਸਥਾ 'ਡੈਮੋਕ੍ਰੇਟਿਕ ਅਲਾਇੰਸ' ਨੇ ਵੀ ਇਮਰਾਨ ਖ਼ਾਨ ਦੇ ਡਿੱਗ ਰਹੇ ਸਿਹਤ ਮਿਆਰ 'ਤੇ ਚਿੰਤਾ ਪ੍ਰਗਟਾਉਂਦਿਆਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਮਾਨਵਾਧਿਕਾਰ ਸੰਸਥਾਵਾਂ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। 'ਹਿਊਮਨ ਰਾਈਟਸ ਕਮਿਸ਼ਨ ਆਫ਼ ਪਾਕਿਸਤਾਨ' (HRCP) ਨੇ ਰਾਜਨੀਤਿਕ ਕੈਦੀਆਂ ਨਾਲ ਹੋ ਰਹੇ ਵਿਵਹਾਰ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਇਮਰਾਨ ਖ਼ਾਨ ਦੁਆਰਾ ਲਗਾਏ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਕਰਵਾਉਣ ਅਤੇ ਸੰਵਿਧਾਨਕ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਮਾਨਵਾਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਇਲਾਜ ਅਤੇ ਪਰਿਵਾਰਕ ਮੁਲਾਕਾਤਾਂ 'ਤੇ ਰੋਕ ਲਗਾਉਣਾ ਪਾਕਿਸਤਾਨ ਦੀਆਂ ਅੰਤਰਰਾਸ਼ਟਰੀ ਸੰਧੀਆਂ (ICCPR ਦੀ ਧਾਰਾ 10) ਦੀ ਉਲੰਘਣਾ ਹੈ। ਐਮਨੈਸਟੀ ਨੇ ਅਲੀਮਾ ਖ਼ਾਨ ਦੀ ਤੁਰੰਤ ਰਿਹਾਈ ਅਤੇ ਪਰਿਵਾਰ 'ਤੇ ਹੋ ਰਹੇ ਰਾਜਨੀਤਿਕ ਅੱਤਿਆਚਾਰ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
