ਇਕ ਸ਼ਹਿਰ ਅਜਿਹਾ ਵੀ..; 4 ਡਿਗਰੀ ਤੱਕ ਡਿਗਿਆ ਤਾਪਮਾਨ, ਇੰਝ ਦਿੱਤੀ ਗਰਮੀ ਨੂੰ ਮਾਤ

Monday, Jul 27, 2026 - 04:48 PM (IST)

ਇਕ ਸ਼ਹਿਰ ਅਜਿਹਾ ਵੀ..; 4 ਡਿਗਰੀ ਤੱਕ ਡਿਗਿਆ ਤਾਪਮਾਨ, ਇੰਝ ਦਿੱਤੀ ਗਰਮੀ ਨੂੰ ਮਾਤ

ਇੰਟਰਨੈਸ਼ਨਲ ਡੈਸਕ- ਦੁਨੀਆ ’ਚ ਇਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਬੂਟੇ ਲਾਉਣ ਦੀ ਪਹਿਲਕਦਮੀ ਨੇ ਤਾਪਮਾਨ ਨੂੰ ਕਈ ਡਿਗਰੀ ਤੱਕ ਘਟਾ ਦਿੱਤਾ। ਅਜਿਹਾ ਕੋਲੰਬੀਆ ਦੇ ਮੇਡੇਲਿਨ ਸ਼ਹਿਰ ਵਿਚ ਹੋਇਆ ਹੈ। 2013 ’ਚ ਇੱਥੇ ਕੰਕਰੀਟ ਦੀਆਂ ਸੜਕਾਂ ਦੇ ਦੋਵੇਂ ਪਾਸੇ ਬਸ ਉੱਚੀਆਂ-ਉੱਚੀਆਂ ਕੱਚ ਦੀਆਂ ਇਮਾਰਤਾਂ ਹੀ ਨਜ਼ਰ ਆਉਂਦੀਆਂ ਸਨ। ਇੱਥੇ ਗ੍ਰੀਨ ਕਾਰੀਡੋਰ ਪ੍ਰਾਜੈਕਟ ਲਾਂਚ ਹੋਇਆ ਅਤੇ 10 ਸਾਲਾਂ ਵਿਚ ਤਾਪਮਾਨ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ।

ਮੇਡੇਲਿਨ ਦੀ ਕ੍ਰਾਂਤੀ ਨੇ ਦੁਨੀਆ ਦਾ ਧਿਆਨ ਖਿੱਚਿਆ
ਮੇਡੇਲਿਨ ਸਿਟੀ ਗਵਰਨਮੈਂਟ ਦੇ ਅਨੁਸਾਰ ਸ਼ਹਿਰ ਦਾ ਤਾਪਮਾਨ ਗ੍ਰੀਨ ਕਾਰੀਡੋਰ ਪ੍ਰਾਜੈਕਟ ਨਾਲ ਲੱਗਭਗ 4 ਡਿਗਰੀ ਸੈਲਸੀਅਸ ਤੱਕ ਘਟਿਆ ਹੈ। ਪਹਿਲਾਂ ਇੱਥੋਂ ਦਾ ਔਸਤ ਹਵਾ ਦਾ ਤਾਪਮਾਨ 31 ਡਿਗਰੀ ਸੈਲਸੀਅਸ ਰਹਿੰਦਾ ਸੀ, ਜੋ ਹੁਣ 27 ਡਿਗਰੀ ਸੈਲਸੀਅਸ ਹੈ। ਉੱਥੇ ਹੀ ਸਤ੍ਹਾ ਦਾ ਤਾਪਮਾਨ 40.5 ਡਿਗਰੀ ਸੈਲਸੀਅਸ ਤੋਂ ਘਟ ਕੇ 30.2 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਖ਼ੁਦ ਯੂਨਾਈਟਿਡ ਨੇਸ਼ਨਜ਼ ਐਨਵਾਇਰਮੈਂਟ ਪ੍ਰੋਗਰਾਮ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ।

PunjabKesari

ਕੋਲੰਬੀਆ ਦਾ ਦਿਲ ਹੈ ਮੇਡੇਲਿਨ
ਮੇਡੇਲਿਨ ਸ਼ਹਿਰ ਕੋਲੰਬੀਆ ਦੇ ਉੱਤਰ-ਪੱਛਮ ’ਚ ਸਥਿਤ ਹੈ। ਇਸ ਸ਼ਹਿਰ ਨੂੰ ਸਦਾਬਹਾਰ ਬਸੰਤ ਦਾ ਸ਼ਹਿਰ ਵੀ ਕਹਿੰਦੇ ਹਨ, ਕਿਉਂਕਿ ਹੁਣ ਇੱਥੋਂ ਦਾ ਮੌਸਮ ਸਾਲ ਭਰ ਸੁਹਾਵਣਾ ਰਹਿੰਦਾ ਹੈ। ਸ਼ਹਿਰ ਵਿਚ 40 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਜੀ.ਡੀ.ਪੀ. ਲੱਗਭਗ 35 ਅਰਬ ਡਾਲਰ ਹੈ। ਕਦੇ ਇਹ ਸ਼ਹਿਰ ਡਰੱਗ ਕਾਰਟੇਲ ਲਈ ਬਦਨਾਮ ਸੀ। 21ਵੀਂ ਸਦੀ ਵਿਚ ਸ਼ਹਿਰ ਨੇ ਖ਼ੁਦ ਨੂੰ ਬਦਲਿਆ ਅਤੇ ਹੁਣ ਇਹ ਸ਼ਹਿਰੀ ਯੋਜਨਾਬੰਦੀ ਕਾਰਨ ਦੁਨੀਆ ਭਰ ਵਿਚ ਪਛਾਣਿਆ ਜਾ ਰਿਹਾ ਹੈ। ਅਰਬਨ ਲੈਂਡ ਇੰਸਟੀਚਿਊਟ ਵੱਲੋਂ ਇਸ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਇਨੋਵੇਟਿਵ ਸ਼ਹਿਰ ਐਲਾਨਿਆ ਜਾ ਚੁੱਕਾ ਹੈ।

ਐਮਰਜੈਂਸੀ ਬਣ ਰਹੀ ਸੀ ਗਰਮੀ
ਮੇਡੇਲਿਨ ਵਿਚ ਗਰਮੀ ਇਕ ਸਮੱਸਿਆ ਨਹੀਂ ਬਲਕਿ ਐਮਰਜੈਂਸੀ ਬਣਦੀ ਜਾ ਰਹੀ ਸੀ। ਸ਼ਹਿਰ ਵਿਚ ਪੀ.ਐੱਮ. 2.5 ਦਾ ਪੱਧਰ ਵੱਧ ਰਿਹਾ ਸੀ। 2020 ’ਚ ਅੰਤੀਓਕੀਆ ਯੂਨੀਵਰਸਿਟੀ ਦੇ ਇਕ ਅਧਿਐਨ ਨੇ ਸਿੱਟਾ ਕੱਢਿਆ ਕਿ 2016 ਵਿਚ ਅਬੁਰਾ ਘਾਟੀ ਖੇਤਰ ਵਿਚ ਪ੍ਰਦੂਸ਼ਣ ਕਾਰਨ 1,971 ਮੌਤਾਂ ਹੋਈਆਂ ਸਨ। ਮੇਡੇਲਿਨ ਦੇ ਵਾਤਾਵਰਣ ਸਕੱਤਰ ਜੋਹਾਨ ਲੋਂਦੋਨੋ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਕਦੇ ਅਸੀਂ ਸਦਾਬਹਾਰ ਬਸੰਤ ਦਾ ਸ਼ਹਿਰ ਅਖਵਾਉਂਦੇ ਹਾਂ ਪਰ ਅਸੀਂ ਵਧਦੇ ਤਾਪਮਾਨ ਨੂੰ ਮਹਿਸੂਸ ਕਰ ਰਹੇ ਹਾਂ। ਹਰ ਸਾਲ ਗਰਮੀ ਵੱਧ ਰਹੀ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬੀਮਾਰੀਆਂ ਵੱਧ ਰਹੀਆਂ ਸਨ, ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਸਨ।

PunjabKesari

ਦਰੱਖਤਾਂ ਨਾਲ ਕਿਵੇਂ ਘਟਿਆ ਤਾਪਮਾਨ ?
ਛਾਂ :
ਇਹ ਸਭ ਤੋਂ ਸਰਲ ਅਤੇ ਸਿੱਧੀ ਪ੍ਰਕਿਰਿਆ ਹੈ। ਦਰੱਖਤ ਸੂਰਜ ਦੀਆਂ ਕਿਰਨਾਂ ਨੂੰ ਜ਼ਮੀਨ ਅਤੇ ਕੰਕਰੀਟ ਤੱਕ ਪਹੁੰਚਣ ਤੋਂ ਰੋਕਦੇ ਹਨ।

ਗਰਮੀ ਸੋਖਦੇ ਹਨ ਰੁੱਖ : ਰੁੱਖ ਇਕ ਕੁਦਰਤੀ ਏਅਰ ਕੰਡੀਸ਼ਨਰ ਵਾਂਗ ਕੰਮ ਕਰਦਾ ਹੈ। ਹਰੇ ਪੱਤੇ ਹਵਾ ਤੋਂ ਗਰਮੀ ਨੂੰ ਸੋਖ ਲੈਂਦੇ ਹਨ।

ਹਵਾ ਦਾ ਦਬਾਅ : ਰੁੱਖਾਂ ਨਾਲ ਸ਼ਹਿਰ ਵਿਚ ਹਵਾ ਦਾ ਵਹਾਅ ਬਣਿਆ ਰਹਿੰਦਾ ਹੈ। ਅਜਿਹੇ ਵਿਚ ਹਵਾ ਗਰਮ ਹੋਣ ਦੀ ਬਜਾਏ ਠੰਢੀ ਹੁੰਦੀ ਹੈ।

ਇਹ ਵੀ ਪੜ੍ਹੋ- 'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News