ਕੁਈਨਜ਼ਲੈਂਡ ਸੰਸਦ ’ਚ ਗੂੰਜਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਸੰਦੇਸ਼
Thursday, Nov 14, 2019 - 09:18 PM (IST)
ਬ੍ਰਿਸਬੇਨ (ਸੁਰਿੰਦਰਪਾਲ ਖੁਰਦ) - ਦੁਨੀਆ ਭਰ ਵਿਚ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੇ ਜਾ ਰਹੇ ਹਨ, ਉੱਥੇ ਕੁਈਨਜ਼ਲੈਂਡ ਦੀ ਸਿੱਖ ਸੰਗਤ ਨੇ ਵੀ ਸ਼ਲਾਘਾਯੋਗ ਉਪਰਾਲਾ ਕਰਦਿਆਂ ਕੁਈਨਜ਼ਲੈਂਡ ਸੂਬੇ ਦੀ ਸੰਸਦ ਭਵਨ ਬ੍ਰਿਸਬੇਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਆਸਟਰੇਲੀਆਈ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕੁਈਨਜ਼ਲੈਂਡ ਸੰਸਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਇਸ ਮੌਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁੰਦਰ ਪਾਲਕੀ ਵਿਚ ਸੰਸਦ ਭਵਨ ਵਿਖੇ ਲਿਆਂਦੇ ਗਏ। ਗਿਆਨੀ ਹਰਕੀਰਤ ਸਿੰਘ ਵਲੋਂ ਅਰਦਾਸ ਅਤੇ ਰਹਿਰਾਸ ਜੀ ਦੇ ਪਾਠ ਦੀ ਸੰਪੂਰਨਤਾ ਤੋਂ ਉਪਰੰਤ ਭਾਈ ਕਾਰਜ ਸਿੰਘ ਦੇ ਕੀਰਤਨੀ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ਗਏ। ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਅਤੇ ਗੁਰਦੁਆਰਾ ਸਿੰਘ ਸਭਾ ਟਾਇਗਮ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ।
ਇਸ ਮੁਬਾਰਕ ਮੌਕੇ ਨੂੰ ਸਜਦਾ ਕਰਨ ਲਈ ਆਸਟਰੇਲੀਆ ਭਰ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ, ਇਸ ਮੌਕੇ ਸਰਕਾਰ ਤਰਫੋਂ ਸੂਬੇ ਦੇ ਬਹੁ-ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸਟਰਲਿੰਗ ਹਿੰਚਲਿਫ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਆਸਟਰੇਲੀਆਈ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ। ਰਵਿੰਦਰ ਸਿੰਘ ਸਹੋਤਾ ਤੇ ਗੁਰਸ਼ਰਨ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫਲਸਫ਼ੇ, ਸਿੱਖਿਆਵਾਂ, ਸਿੱਖ ਇਤਿਹਾਸ ਦੀ ਮੌਲਿਕਤਾ ਅਤੇ ਵਿਲੱਖਣਤਾ, ਗੁਰੂ ਸਾਹਿਬ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਅਤੇ ਗੁਰਦੁਆਰਾ ਸਿੰਘ ਸਭਾ ਟਾਇਗਮ ਦੀਆਂ ਪ੍ਰਬੰਧਕ ਕਮੇਟੀਆਂ ਸਮੇਤ ਸਮੁੱਚੀ ਸੰਗਤ ਅਤੇ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਐਨਾਟੈਸ਼ੀਆ ਪਾਲਾਸ਼ਾਈ ਦੀ ਸਰਕਾਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਤੋਂ ਇਕੱਤਰ ਹੋਈ ਰਾਸ਼ੀ ਸੋਕਾ ਰਾਹਤ ਫੰਡ ਲਈ ਸਰਕਾਰ ਨੂੰ ਦਿੱਤੀ ਜਾਵੇਗੀ। ਸਟੇਜ ਦੀ ਕਾਰਵਾਈ ਹਰਜਿੰਦਰ ਸਿੰਘ ਰੰਧਾਵਾ ਵਲੋ ਨਿਭਾਈ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।