ਸ਼ਹੀਦਾਂ ਦੀ ਯਾਦ ਤੇ ਦਸਤਾਰ ਪਰੰਪਰਾ ਨੂੰ ਸਮਰਪਿਤ ਕਰੇਮੋਨਾ ਵਿਖੇ ਗੁਰਮਤਿ ਸਮਾਗਮ

Monday, Jul 13, 2026 - 03:09 AM (IST)

ਸ਼ਹੀਦਾਂ ਦੀ ਯਾਦ ਤੇ ਦਸਤਾਰ ਪਰੰਪਰਾ ਨੂੰ ਸਮਰਪਿਤ ਕਰੇਮੋਨਾ ਵਿਖੇ ਗੁਰਮਤਿ ਸਮਾਗਮ

ਕਰੇਮਨਾ ਸੰਗ (ਕੈਂਥ) - ਬੀਤੇ ਦਿਨੀਂ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ, ਪੇਸੀਨਾ ਕਰੇਮੋਨੇਜੇ, ਤੌਰੇ, ਕਰੇਮੋਨਾ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ। ਸ਼ਾਮ ਦੇ ਦੀਵਾਨ ਵਿੱਚ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਪ੍ਰੇਰਨਾ ਕੀਤੀ ਗਈ। 

ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ ਕਰਨ 'ਤੇ ਜਥੇਦਾਰ ਸਾਹਿਬ ਵੱਲੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚੱਲੀ ਆਉਂਦੀ ਪੁਰਾਤਨ ਮਰਿਆਦਾ ਨੂੰ ਬਹਾਲ ਰੱਖਣ ਲਈ ਜਥੇ ਨੂੰ ਸ਼ਾਬਾਸ਼ ਦਿੱਤੀ ਗਈ। ਸ਼ਹੀਦਾਂ ਨੂੰ ਸਮਰਪਿਤ ਸਮਾਗਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਰਹੇ। ਜਿਸ ਵਿੱਚ ਪਹਿਲੇ ਉਮਰ ਵਰਗ ਵਿੱਚ 10 ਸਾਲ ਤੱਕ, ਦੂਸਰੇ ਉਮਰ ਵਰਗ ਵਿੱਚ 10 ਤੋਂ 15 ਸਾਲ ਅਤੇ ਤੀਸਰੇ ਉਮਰ ਵਰਗ ਵਿੱਚ 15 ਤੋਂ 20 ਸਾਲ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਸਭ ਤੋਂ ਛੋਟੀ ਉਮਰ ਅੱਠ ਮਹੀਨਿਆਂ ਦੇ ਬੱਚੇ ਵੱਲੋਂ ਦਸਤਾਰ ਸਜਾਈ ਗਈ। ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਦੁਮਾਲੇ ਅਤੇ ਦਸਤਾਰਾਂ ਸਜਾਈਆਂ। 

PunjabKesari

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ 'ਤੇ ਜੀ ਆਇਆਂ ਨੂੰ ਆਖਿਆ ਅਤੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਜਿੱਤਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਮੈਡਲ, ਸ਼ੀਲਡਾਂ ਅਤੇ ਵੱਡੀ ਉਮਰ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਦੁਮਾਲਿਆਂ-ਦਸਤਾਰਾਂ ਦੀ ਬਖਸ਼ਿਸ਼ ਕੀਤੀ ਗਈ। ਸਾਰੇ ਬੱਚਿਆਂ ਨੂੰ ਬੇਨਤੀ ਕੀਤੀ ਗਈ ਕਿ ਜਿਨ੍ਹਾਂ ਨੇ ਅੱਜ ਦਸਤਾਰਾਂ ਸਜਾਈਆਂ ਹਨ, ਉਹ ਗੁਰਦੁਆਰਾ ਸਾਹਿਬ ਹਮੇਸ਼ਾ ਦਸਤਾਰਾਂ ਸਜਾ ਕੇ ਹੀ ਆਉਣ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਗਤਕਾ ਅਕੈਡਮੀ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ, ਉਹਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਸ਼ਹਿਰਾਂ ਤੇ ਪਿੰਡਾਂ ਤੋਂ ਵੀ ਬੱਚੇ ਪਹੁੰਚੇ। 

ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਪਹੁੰਚੀਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
 


author

Inder Prajapati

Content Editor

Related News