ਸਿੱਖ ਭਾਈਚਾਰੇ ਲਈ ਖੁਸ਼ਖਬਰੀ, ਲਹਿੰਦੇ ਪੰਜਾਬ ’ਚ ਇਤਿਹਾਸਿਕ ਗੁਰਦੁਆਰਾ ਖਾਰਾ ਸਾਹਿਬ ਮੁੜ ਖੁੱਲ੍ਹਿਆ (ਤਸਵੀਰਾਂ)

Sunday, Nov 29, 2026 - 04:26 PM (IST)

ਸਿੱਖ ਭਾਈਚਾਰੇ ਲਈ ਖੁਸ਼ਖਬਰੀ, ਲਹਿੰਦੇ ਪੰਜਾਬ ’ਚ ਇਤਿਹਾਸਿਕ ਗੁਰਦੁਆਰਾ ਖਾਰਾ ਸਾਹਿਬ ਮੁੜ ਖੁੱਲ੍ਹਿਆ (ਤਸਵੀਰਾਂ)

ਲਾਹੌਰ (ਭਾਸ਼ਾ)- ਪਾਕਿਸਤਾਨ ਵਿਖੇ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਨੌਸ਼ਹਿਰਾ ਵਿਰਕਾਂ ਇਲਾਕੇ ਵਿੱਚ ਸਥਿਤ ਇਤਿਹਾਸਕ ਗੁਰੂ ਘਰ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ (ਭਾਈ ਕੇ ਮੱਟੂ) ਸ਼ਨੀਵਾਰ ਨੂੰ 1947 ਪੰਜਾਬ ਵੰਡ ਤੋਂ ਬਾਅਦ 80 ਸਾਲਾਂ ਦੇ ਅਰਸੇ ਮਗਰੋਂ ਸੇਵਾ ਸੰਭਾਲ ਉਪਰੰਤ ਮੁੜ ਖੋਲ੍ਹ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਅਸਥਾਨ ’ਤੇ ਆਮਦ ਨਾਲ ਇਤਿਹਾਸਕ ਤੌਰ ’ਤੇ ਸਬੰਧਤ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਕਾਫ਼ੀ ਖਰਾਬ ਹਾਲਤ ਵਿੱਚ ਸੀ ਪਰ ਹੁਣ ਇੱਥੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਿੱਖ ਸੰਗਤ ਕਾਇਮ ਹੋਈ ਹੈ। ਇਹ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਸੇਵਾ ਸੰਭਾਲ ਉਪਰੰਤ ਗੁਰੂ ਘਰ ਮੁੜ ਖੁੱਲ੍ਹਣ ਦਾ ਰਸਮੀ ਉਦਘਾਟਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਗਿਆ ਹੋਵੇ।

PunjabKesari

ਇਸ ਅਸਥਾਨ ਦੀ ਬਹਾਲੀ ਦਾ ਕੰਮ ਬਾਬਾ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੂਰਾ ਕੀਤਾ ਗਿਆ, ਜੋ ਕਿ ਇਸ ਖੇਤਰ ਦੀ ਸਦੀਆਂ ਪੁਰਾਣੀ ਸਿੱਖ ਧਾਰਮਿਕ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਅਹਿਮ ਕਦਮ ਹੈ। ਇਤਿਹਾਸਕ ਸਰੋਤਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਕਸ਼ਮੀਰ ਯਾਤਰਾ ਤੋਂ ਵਾਪਸੀ ਸਮੇਂ 1620 ਈ. ਵਿੱਚ ਇਸ ਅਸਥਾਨ 'ਤੇ ਆਏ ਸਨ, ਜਿੱਥੇ ਗੁਰੂ ਸਾਹਿਬ ਮਹੀਨਾ ਭਰ ਠਹਿਰੇ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ।ਸਥਾਨਕ ਪੰਡਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਬਣਿਆ ਅਤੇ ਉਸਨੂੰ ਭਾਈ ਦਾ ਲਕਬ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਜੀ ਜੰਞ ਵੀ ਇੱਥੋਂ ਹੁੰਦਿਆਂ ਪਿੰਡ ਮੜਿਆਲੀ ਗਈ ਸੀ ਜਿਸ ਸਦਕਾ ਇਸ ਗੁਰੂ ਘਰ ਨੂੰ ਗੁਰਦੁਆਰਾ ਖਾਰਾ ਸਾਹਿਬ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। 

 

 
 
 
 
 
 
 
 
 
 
 
 
 
 
 
 

A post shared by Jathedar Giani Kuldeep Singh Gargajj (@jathedarkuldeepsinghgargajj)

ਪੜ੍ਹੋ ਇਹ ਅਹਿਮ ਖ਼ਬਰ-  ਜੰ./ਗ 'ਚ ਛਾਲ ਮਾਰਨ ਦੀ ਤਿਆਰੀ 'ਚ ਪਾਕਿਸਤਾਨ ! ਸਾਊਦੀ ਅਰਬ ਭੇਜੀਆਂ ਆਪਣੀਆਂ ਫੌਜਾਂ

ਪਿੰਡ ਵਾਸੀਆਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਪੱਕੀ ਇਮਾਰਤ 1940-45 ਦੀ ਬਣੀ ਹੋਈ ਹੈ। ਇਸਦੀ ਵਾਸਤੂਕਲਾ ਵਿੱਚ ਗੁੰਬਦ, ਫੁੱਲ-ਬੂਟਿਆਂ ਵਾਲੀਆਂ ਸਜਾਵਟੀ ਚਿੱਤਰਕਾਰੀ (ਫਰੈਸਕੋ) ਅਤੇ ਬਾਰੀਕੀ ਨਾਲ ਚਿੱਤਰਕਾਰੀ ਕੀਤੀਆਂ ਛੱਤਾਂ ਸ਼ਾਮਲ ਹਨ। ਪਿੰਡ ਦੀ ਨਿਵਾਸੀ ਮਾਈ ਸਹਿਜੋ ਜੀ ਨੇ ਪੱਕਾ ਸਰੋਵਰ ਬਣਾਇਆ। ਸੰਨ 1900 ਈ. ਤੋਂ 1947 ਈ. ਤੱਕ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੰਤਰ ਪ੍ਰਕਾਸ਼ ਹੁੰਦਾ ਰਿਹਾ। ਸਾਵਣ ਮਹੀਨੇ ਦੀ ਪੰਜ, ਛੇ ਅਤੇ ਸੱਤ ਤਰੀਕ ਨੂੰ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਸੀ ਅਤੇ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੀ। ਇੱਥੇ ਭਾਈ ਜਸਪਤ ਜੀ ਦੀ ਪੁਰਾਤਨ ਸਮਾਧ ਵੀ ਮੌਜੂਦ ਹੈ ਜਿਸ ਨੂੰ ਹੂਬਹੂ ਸੁਰਜੀਤ ਕੀਤਾ ਗਿਆ ਹੈ। ਭਾਈ ਜਸਪਤ ਜੀ ਔਖੇ ਸਮੇਂ ਆਪ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਲੰਗਰ ਤਿਆਰ ਕਰਦੇ ਅਤੇ ਜੰਗਲਾਂ ਵਿੱਚ ਜਾ ਕੇ ਸਿੰਘਾਂ ਨੂੰ ਛਕਾਉਂਦੇ ਸਨ। ਗੁਰੂ ਘਰ ਦੀ ਮੰਜੀ ਸਾਹਿਬ ਅਤੇ ਗੁੰਬਦ ਦੀ ਸੇਵਾ ਵੀ ਭਾਈ ਜਸਪਤ ਜੀ ਨੇ ਕਰਵਾਈ ਸੀ।

ਪੰਜਾਬ ਸਰਕਾਰ ਨੇ 'ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ' (ETPB) ਦੇ ਸਹਿਯੋਗ ਨਾਲ ਇਸ ਇਤਿਹਾਸਕ ਅਸਥਾਨ ਦੀ ਬਹਾਲੀ ਦਾ ਕੰਮ ਕੀਤਾ, ਤਾਂ ਜੋ ਇਸਨੂੰ ਮੁੜ ਸੁਰਜੀਤ ਕਰਕੇ ਸਿੱਖ ਭਾਈਚਾਰੇ ਲਈ ਖੋਲ੍ਹਿਆ ਜਾ ਸਕੇ।ਸ਼ਨੀਵਾਰ ਨੂੰ, ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨਾਲ ਮਿਲ ਕੇ, ਬਹਾਲ ਕੀਤੇ ਗਏ ਇਸ ਗੁਰੂਘਰ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ, ਇਤਿਹਾਸਕ ਪੂਜਾ ਸਥਾਨਾਂ ਨੂੰ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਿਹਾਰਕ ਉਪਾਅ ਕਰ ਰਹੀ ਹੈ ਕਿ ਘੱਟ ਗਿਣਤੀ ਭਾਈਚਾਰੇ ਆਪਣੀ ਆਸਥਾ ਦਾ ਸੁਤੰਤਰ ਤੌਰ 'ਤੇ ਅਭਿਆਸ ਕਰ ਸਕਣ ।ਉਨ੍ਹਾਂ ਕਿਹਾ ਕਿ ਇਹ ਬਹਾਲੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਇਤਿਹਾਸਕ ਧਾਰਮਿਕ ਸਥਾਨਾਂ ਦੀ ਰੱਖਿਆ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਭਲਾਈ ਅਤੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਧਾਰਮਿਕ ਸਦਭਾਵਨਾ, ਸਹਿਣਸ਼ੀਲਤਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਸ਼ਲਾਘਾਯੋਗ ਹਨ। ਉਨ੍ਹਾਂ ਇਸ ਬਹਾਲੀ ਨੂੰ ਸਿੱਖ ਧਾਰਮਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਸ਼ਰਧਾਲੂਆਂ ਦੀਆਂ ਅਧਿਆਤਮਿਕ ਇੱਛਾਵਾਂ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਜੋ ਦਹਾਕਿਆਂ ਤੋਂ ਇਸ ਅਸਥਾਨ 'ਤੇ ਜਾਣ ਤੋਂ ਅਸਮਰੱਥ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News