ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ
Friday, Aug 21, 2026 - 12:14 PM (IST)
ਵਾਸ਼ਿੰਗਟਨ ਡੀਸੀ (ਏਐਨਆਈ): ਅਮਰੀਕਾ ਵਿੱਚ ਪੱਕੇ ਤੌਰ 'ਤੇ ਰਹਿਣ ਲਈ ਗ੍ਰੀਨ ਕਾਰਡ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ, ਖ਼ਾਸ ਕਰਕੇ ਲੱਖਾਂ ਭਾਰਤੀ ਪੇਸ਼ੇਵਰਾਂ ਲਈ ਅਹਿਮ ਖ਼ਬਰ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਸਥਾਈ ਨਿਵਾਸ ਲਈ ਅਪਲਾਈ ਕਰਨ ਵਾਲੇ ਫਾਰਮ ਵਿੱਚ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਗਲੇ ਮਹੀਨੇ ਇੱਕ ਨਵਾਂ ਫਾਰਮ ਜਾਰੀ ਕੀਤਾ ਜਾਵੇਗਾ।
USCIS ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਗ੍ਰੀਨ ਕਾਰਡ ਲਈ ਵਰਤਿਆ ਜਾਣ ਵਾਲਾ ਪ੍ਰਮੁੱਖ ਫਾਰਮ I-485 (Application to Register Permanent Residence or Adjust Status) ਅਪਡੇਟ ਕੀਤਾ ਜਾ ਰਿਹਾ ਹੈ। ਇਸ ਨਵੇਂ ਫਾਰਮ ਦੀ ਸੰਸਕਰਣ ਮਿਤੀ 18 ਸਤੰਬਰ, 2026 ਹੋਵੇਗੀ, ਜੋ 20 ਜਨਵਰੀ, 2025 ਵਾਲੇ ਪੁਰਾਣੇ ਫਾਰਮ ਦੀ ਜਗ੍ਹਾ ਲਵੇਗੀ।
ਇਸ ਬਦਲਾਅ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੋਵਾਂ ਫਾਰਮਾਂ ਨੂੰ ਇਕੱਠੇ ਸਵੀਕਾਰ ਕਰਨ ਲਈ ਕੋਈ ਵੀ ਰਿਆਇਤੀ ਸਮਾਂ ਨਹੀਂ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ:ਜੇਕਰ ਤੁਹਾਡੀ ਅਰਜ਼ੀ 18 ਸਤੰਬਰ ਜਾਂ ਉਸ ਤੋਂ ਬਾਅਦ ਜਮ੍ਹਾਂ ਹੁੰਦੀ ਹੈ (ਚਾਹੇ ਡਾਕ ਰਾਹੀਂ ਪੋਸਟਮਾਰਕ ਕੀਤੀ ਗਈ ਹੋਵੇ ਜਾਂ ਇਲੈਕਟ੍ਰਾਨਿਕ ਤਰੀਕੇ ਨਾਲ ਭੇਜੀ ਗਈ ਹੋਵੇ), ਤਾਂ ਸਿਰਫ਼ ਨਵਾਂ ਫਾਰਮ ਹੀ ਸਵੀਕਾਰ ਕੀਤਾ ਜਾਵੇਗਾ। ਜੇਕਰ 18 ਸਤੰਬਰ ਨੂੰ ਜਾਂ ਉਸ ਤੋਂ ਬਾਅਦ ਪੁਰਾਣਾ ਫਾਰਮ ਭੇਜਿਆ ਜਾਂਦਾ ਹੈ, ਤਾਂ USCIS ਉਸ ਨੂੰ ਬਿਨਾਂ ਕਿਸੇ ਸਮੀਖਿਆ ਦੇ ਸਿੱਧੇ ਤੌਰ 'ਤੇ ਰੱਦ ਕਰ ਦੇਵੇਗਾ। ਇਸ ਦੇ ਉਲਟ ਨਵੇਂ ਫਾਰਮ ਨੂੰ 18 ਸਤੰਬਰ ਤੋਂ ਪਹਿਲਾਂ ਜਮ੍ਹਾਂ ਨਹੀਂ ਕੀਤਾ ਜਾ ਸਕਦਾ।
ਪੜ੍ਹੋ ਇਹ ਅਹਿਮ ਖ਼ਬਰ- ਐਲੋਨ ਮਸਕ ਦੀ 'ਸਟਾਰਲਿੰਕ' ਨੇ ਮੁੜ ਮੰਗੀ ਭਾਰਤ 'ਚ ਐਂਟਰੀ! ਸੈਟੇਲਾਈਟ ਨੈੱਟਵਰਕ ਦੀ ਤਿਆਰੀ
ਵਿਭਾਗ ਅਨੁਸਾਰ ਫਾਰਮ I-485 ਵਿੱਚ ਇਹ ਬਦਲਾਅ ਹਾਲ ਹੀ ਵਿੱਚ ਐਲਾਨੇ ਗਏ 'ਪਬਲਿਕ ਚਾਰਜ' ਦੇ ਨਿਯਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕੀਤਾ ਗਿਆ ਹੈ। 'ਪਬਲਿਕ ਚਾਰਜ' ਨਿਯਮ ਤਹਿਤ ਇਹ ਜਾਂਚ ਕੀਤੀ ਜਾਂਦੀ ਹੈ ਕਿ ਕੀ ਕੋਈ ਬਿਨੈਕਾਰ ਭਵਿੱਖ ਵਿੱਚ ਆਪਣੀ ਰੋਜ਼ੀ-ਰੋਟੀ ਲਈ ਮੁੱਖ ਤੌਰ 'ਤੇ ਅਮਰੀਕੀ ਸਰਕਾਰ ਦੀ ਵਿੱਤੀ ਜਾਂ ਸਮਾਜਿਕ ਮਦਦ 'ਤੇ ਨਿਰਭਰ ਹੋ ਸਕਦਾ ਹੈ ਜਾਂ ਨਹੀਂ।
ਅਮਰੀਕਾ ਵਿੱਚ ਤਕਨਾਲੋਜੀ, ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਵਿਸ਼ੇਸ਼ ਖੇਤਰਾਂ ਵਿੱਚ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਬਹੁਤ ਵੱਡੀ ਹੈ। ਸਾਲਾਨਾ ਵੀਜ਼ਾ ਕੋਟੇ ਕਾਰਨ ਬਹੁਤ ਸਾਰੇ ਭਾਰਤੀਆਂ ਨੂੰ ਗ੍ਰੀਨ ਕਾਰਡ ਦੀ ਉਡੀਕ ਵਿੱਚ ਲੰਬਾ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿੱਚ ਨਿਯਮਾਂ ਦੀ ਬਾਰੀਕੀ ਨਾਲ ਪਾਲਣਾ ਕਰਨਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਜੋ ਕਿਸੇ ਤਕਨੀਕੀ ਗਲਤੀ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਨਾ ਹੋਵੇ। ਜ਼ਿਕਰਯੋਗ ਹੈ ਕਿ ਫਾਰਮ I-485 ਭਰਨ ਵਾਲੇ ਬਿਨੈਕਾਰ ਆਪਣੀ ਪ੍ਰਕਿਰਿਆ ਦੌਰਾਨ ਕੰਮ ਕਰਨ ਅਤੇ ਯਾਤਰਾ ਕਰਨ ਦੀ ਇਜਾਜ਼ਤ ਲਈ ਵੀ ਨਾਲ ਹੀ ਅਪਲਾਈ ਕਰ ਸਕਦੇ ਹਨ। USCIS ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਅਰਜ਼ੀ ਜਮ੍ਹਾਂ ਕਰਨ ਦੀ ਫੀਸ ਜਾਂ ਸਮਾਂ-ਸੀਮਾ ਵਿੱਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ ਹੈ। ਬਿਨੈਕਾਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਸਹੂਲਤ ਲਈ ਨਵੇਂ ਫਾਰਮ ਦਾ ਪ੍ਰੀਵਿਊ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ USCIS ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਵਾ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
