ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ, ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ

Monday, Oct 14, 2024 - 05:09 PM (IST)

ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ, ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ

ਟੋਰਾਂਟੋ (ਰਾਜ ਗੋਗਨਾ )- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪ੍ਰਵਾਸੀ ਭਾਈਚਾਰੇ ਨੇ ਕਤਰ ਏਅਰਵੇਜ਼ ਦੀ ਟੋਰਾਂਟੋ ਤੋਂ ਦੋਹਾ ਲਈ 11 ਦਸੰਬਰ, 2024 ਤੋਂ ਸ਼ੁਰੂ ਹੋਣ ਵਾਲੀ ਸਿੱਧੀ ਉਡਾਣ ਸੇਵਾ ਦੇ ਐਲਾਨ ਦਾ ਸਵਾਗਤ ਕੀਤਾ ਹੈ। ਕੈਨੇਡਾ ਤੋਂ ਪ੍ਰੈੱਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਟੋਰਾਂਟੋ ਨੂੰ ਦੋਹਾ ਰਾਹੀਂ ਸਿੱਧਾ ਅੰਮ੍ਰਿਤਸਰ ਨਾਲ ਸਿੱਧਾ ਜੋੜੇਗੀ, ਇਸ ਨਾਲ ਪੰਜਾਬੀਆਂ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।

ਉਡਾਣਾਂ ਦਾ ਸਮਾਂ

ਢਿੱਲੋਂ ਅਨੁਸਾਰ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀ ਉਡਾਣ ਰੋਜ਼ਾਨਾ ਸਵੇਰੇ 4:10 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਦੋਹਾ ਪਹੁੰਚਦੀ ਹੈ। ਦੋਹਾ ਪਹੁੰਚ ਕੇ 3 ਘੰਟੇ 45 ਮਿੰਟ ਬਾਅਦ ਯਾਤਰੀ ਹਫਤੇ ‘ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਸਵੇਰੇ 9:50 ਵਜੇ ਦੋਹਾ ਤੋਂ ਉਡਾਣ ਲੈ ਕੇ ਉਸੇ ਦਿਨ ਦੁਪਹਿਰ ਨੂੰ 3:55 ਵਜੇ ਟੋਰਾਂਟੋ ਪੁੱਜਣਗੇ। ਟੋਰਾਂਟੋ ਤੋਂ ਇਹ ਉਡਾਣ ਉਸੇ ਦਿਨ ਸ਼ਾਮ ਨੂੰ 8:00 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਵਜੇ ਦੋਹਾ ਪਹੁੰਚੇਗੀ। ਇਸ ਉਪਰੰਤ ਯਾਤਰੀ ਰਾਤ ਦੇ 8:40 ਵਜੇ ਉਡਾਣ ਲੈ ਕੇ ਅਗਲੇ ਦਿਨ ਦੀ ਸਵੇਰ ਨੂੰ 2:40 ਵਜੇ ਅੰਮ੍ਰਿਤਸਰ ਪਹੁੰਚ ਜਾਣਗੇ। ਇੰਝ ਅੰਮ੍ਰਿਤਸਰ-ਟੋਰਾਂਟੋ ਵਿਚਕਾਰ ਹਵਾਈ ਯਾਤਰਾ ਸਿਰਫ 20 ਘੰਟਿਆ ‘ਚ ਪੂਰੀ ਹੋ ਜਾਏਗੀ। ਨਾਲ ਹੀ ਸਾਮਾਨ ਜਮਾ ਕਰਾਉਣਾ ਤੇ ਲੈਣਾ ਅਤੇ ਇਮੀਗ੍ਰੇਸ਼ਨ ਸਿਰਫ ਅੰਮ੍ਰਿਤਸਰ ਅਤੇ ਟੋਰਾਂਟੋ ‘ਚ ਹੀ ਹੋਵੇਗੀ।

PunjabKesari

ਨਿਓਸ ਏਅਰ ਵਧਾਏਗੀ ਉਡਾਣਾਂ ਦੀ ਗਿਣਤੀ

ਉਨ੍ਹਾਂ ਅੱਗੇ ਦੱਸਿਆ, “ਕਤਰ ਏਅਰਵੇਜ਼ ਅੰਮ੍ਰਿਤਸਰ ਤੋਂ ਰੋਜ਼ਾਨਾ ਸਿੱਧੀਆਂ ਉਡਾਣਾਂ ਦਾ ਸੰਚਾਲਨ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਹੈ, ਜੋ ਕਿ ਦੋਹਾ ਰਾਹੀਂ ਅਮਰੀਕਾ ਦੇ 9 ਹਵਾਈ ਅੱਡਿਆਂ ਅਤੇ ਕੈਨੇਡਾ ਦੇ ਮਾਂਟਰੀਅਲ ਹਵਾਈ ਅੱਡੇ ਨਾਲ ਜੋੜਦੀਆਂ ਹਨ। ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਹੁਣ ਦੋਹਾ ਰਾਹੀਂ ਕੈਨੇਡਾ ਵਿੱਚ ਮਾਂਟਰੀਅਲ ਅਤੇ ਟੋਰਾਂਟੋ ਲਈ ਹਫ਼ਤੇ ‘ਚ 10 ਹੋ ਜਾਣਗੀਆਂ। ਕਤਰ ਏਅਰਵੇਜ਼ ਇੱਥੋਂ ਫਿਰ ਏਅਰ ਕੈਨੇਡਾ ਰਾਹੀਂ ਕੈਨੇਡਾ ਦੇ ਬਾਕੀ ਸ਼ਹਿਰਾਂ ਨਾਲ ਜੋੜਦੀ ਹੈ।ਪੰਜਾਬੀਆਂ ਲਈ ਇਸ ਵੇਲੇ ਦਿੱਲੀ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇੱਕੋ-ਇੱਕ ਵਿਕਲਪ ਅੰਮ੍ਰਿਤਸਰ ਤੋਂ ਮਿਲਾਨ ਰਾਹੀਂ ਇਟਲੀ ਦੀ ਨਿਓਸ ਏਅਰ ਦੀ ਟੋਰਾਂਟੋ ਲਈ ਉਡਾਣ ਹੈ। ਗੁਮਟਾਲਾ ਨੇ ਇਸ ਸੰਬੰਧੀ ਦੱਸਿਆ ਕਿ ਨਿਓਸ ਏਅਰ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦੇ ਹੋਏ ਦਸੰਬਰ ਮਹੀਨੇ ਲਈ ਟੋਰਾਂਟੋ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਹਫਤੇ ‘ਚ ਦੋ ਤੋਂ ਵਧਾ ਕੇ ਚਾਰ ਕਰ ਦਿੱਤੀਆਂ ਹਨ। ਹੁਣ ਟੋਰਾਂਟੋ ਤੋਂ ਕਤਰ ਏਅਰਵੇਜ਼ ਦੀ ਉਡਾਣ ਸ਼ੁਰੂ ਹੋਣ ਨਾਲ ਪੰਜਾਬੀਆਂ ਲਈ ਟੋਰਾਂਟੋ ਲਈ ਇੱਕ ਹੋਰ ਵਿਕਲਪ ਜੁੜ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- Family ਸਮੇਤ ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਵੱਡੀ ਅਪਡੇਟ

ਢਿੱਲੋਂ ਅਤੇ ਗੁਮਟਾਲਾ ਨੇ ਸਾਂਝੇ ਤੌਰ 'ਤੇ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਵਚਨਬੱਧਤਾ ਨੂੰ ਦੁਹਰਾਂਦਿਆਂ ਕਿਹਾ, “ਸਾਡੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਏਅਰ ਇੰਡੀਆ ਸਣੇ ਹੋਰਨਾਂ ਏਅਰਲਾਈਨ ਕੰਪਨੀਆਂ ਤੱਕ ਪਹੁੰਚ ਕਰ ਉਨ੍ਹਾਂ ਨੂੰ ਅੰਕੜੇ ਅਤੇ ਹੋਰ ਜਾਣਕਾਰੀ ਦੇ ਕੇ ਉਡਾਣਾਂ ਦੀ ਮੰਗ ਕਰਦੇ ਰਹਿੰਦੇ ਹਾਂ। ਨਾਲ ਹੀ ਅਸੀਂ ਪੰਜਾਬੀ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਮੇਸ਼ਾ ਅੰਮ੍ਰਿਤਸਰ ਤੋਂ ਹੀ ਉਡਾਣਾਂ ਲੈਣ ਨੂੰ ਤਰਜੀਹ ਦੇਣ ਜਿਸ ਨਾਲ ਅਸੀਂ ਏਅਰਲਾਈਨ ਕੰਪਨੀਆਂ ਤੱਕ ਉਡਾਣਾਂ ਸ਼ੁਰੂ ਕਰਾਉਣ ਲਈ ਮਜਬੂਤ ਅੰਕੜੇ ਸਾਂਝੇ ਕਰਕੇ ਵਕਾਲਤ ਕਰ ਸਕੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News