ਕਿਸਾਨਾਂ ਲਈ Good news, ਯੂਰਪੀ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ ਪਲਾਨ

Friday, May 29, 2026 - 04:11 PM (IST)

ਕਿਸਾਨਾਂ ਲਈ Good news, ਯੂਰਪੀ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ ਪਲਾਨ

ਬ੍ਰਸੇਲਜ਼ (ਇੰਟ.)- ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ’ਚ ਵਧਦੇ ਤਣਾਅ ਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ’ਤੇ ਵੀ ਦਿਖਾਈ ਦੇਣ ਲੱਗਾ ਹੈ। ਯੂਰਪੀ ਸੰਘ (ਈ. ਯੂ.) ਦੇ ਖੇਤੀਬਾੜੀ ਮੰਤਰੀਆਂ ਨੇ ਬ੍ਰਸੇਲਜ਼ ਵਿਚ ਬੈਠਕ ਕਰ ਕੇ ਖਾਦਾਂ ਦੀ ਉਪਲਬਧਤਾ ਅਤੇ ਵਧਦੀਆਂ ਕੀਮਤਾਂ ’ਤੇ ਚਰਚਾ ਕੀਤੀ ਹੈ। ਰਿਪੋਰਟਾਂ ਮੁਤਾਬਕ ਯੂਰਪ ਵਿਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70 ਫੀਸਦੀ ਉੱਪਰ ਪਹੁੰਚ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰੂਸ-ਯੂਕ੍ਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਬੰਦ ਜਾਂ ਸੀਮਿਤ ਉਤਪਾਦਨ ’ਤੇ ਚਲੇ ਗਏ ਸਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਅਜਿਹੇ ਵਿਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਲਈ ਨਵਾਂ ‘ਫਰਟੀਲਾਈਜ਼ਰ ਐਕਸ਼ਨ ਪਲਾਨ’ ਤਿਆਰ ਕੀਤਾ ਹੈ।

ਕਿਸਾਨਾਂ ਨੂੰ ਰਾਹਤ ਦੇਣ ਦੀ ਤਿਆਰੀ

ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਵਿਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੇ ਤਹਿਤ ਖੇਤੀਬਾੜੀ ਬਜਟ ’ਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ‘ਕਾਮਨ ਐਗਰੀਕਲਚਰ ਪਾਲਿਸੀ’ ਤਹਿਤ ਐਡਵਾਂਸ ਪੇਮੈਂਟ ਵਿਚ ਰਾਹਤ ਵਰਗੇ ਕਦਮ ਸ਼ਾਮਲ ਹਨ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।

ਯੂਰਪੀ ਸੰਘ ਰੂਸ ਅਤੇ ਬੇਲਾਰੂਸ ’ਤੇ ਆਪਣੀ ਨਿਰਭਰਤਾ ਘੱਟ ਕਰਨ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਇਹ ਯੋਜਨਾ ਯੂਰਪ ਵਿਚ ਮਜ਼ਬੂਤ ਖਾਦ ਉਦਯੋਗ ਖੜ੍ਹਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ’ਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਸਾਡੇ ਕੋਲ 1000 ਤੋਂ ਵੱਧ ਸ਼ੂਟਰ.....'! ਬਿਸ਼ਨੋਈ ਗੈਂਗ ਨੇ ਕੈਨੇਡਾ ਪੁਲਸ ਨੂੰ ਚਿੱਠੀ ਲਿਖ ਦੇ'ਤੀ ਚੁਣੌਤੀ

ਯੂਰਪ ’ਚ ਵਧਿਆ ਸਿਆਸੀ ਮਤਭੇਦ

ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਵਿਚਕਾਰ ਮਤਭੇਦ ਵੀ ਉੱਭਰਨ ਲੱਗੇ ਹਨ। ਫਰਾਂਸ ਅਤੇ ਇਟਲੀ ਨੇ ‘ਕਾਰਬਨ ਬਾਰਡਰ ਟੈਕਸ’ ਵਿਚ ਰਾਹਤ ਦੀ ਮੰਗ ਕੀਤੀ ਹੈ, ਜਦਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਹਨ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਵਿਚ ਢਿੱਲ ਦੇਣ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ’ਚ ਨਾਈਟ੍ਰੇਟ ਦਾ ਖਤਰਾ ਵਧ ਸਕਦਾ ਹੈ।

ਕੀ ਮਹਿੰਗਾ ਹੋਵੇਗਾ ਖਾਣਾ?

ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਹਨ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਖਾਦ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਖੇਤੀ ਉਤਪਾਦਨ ਦੀ ਲਾਗਤ ’ਤੇ ਦਿਖਾਈ ਦੇ ਸਕਦਾ ਹੈ। ਆਮ ਤੌਰ ’ਤੇ ਖਾਦ ਦੀਆਂ ਕੀਮਤਾਂ ਦਾ ਅਸਰ ਬਾਜ਼ਾਰ ਵਿਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ।

ਦੱਖਣ ਏਸ਼ੀਆ ਅਤੇ ਅਫ਼ਰੀਕਾ ’ਤੇ ਜ਼ਿਆਦਾ ਖਤਰਾ

ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਵਿਚ ਦੱਖਣ ਏਸ਼ੀਆ ਅਤੇ ਅਫ਼ਰੀਕੀ ਦੇਸ਼ਾਂ ’ਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਅਤੇ ਊਰਜਾ ਸਪਲਾਈ ’ਤੇ ਵਧੇਰੇ ਨਿਰਭਰ ਹਨ। ਅਜਿਹੇ ਵਿਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵਧ ਰਹੀ ਹੈ।

ਯੂਰਪ ਖਾਦ ਦੀ ਦਰਾਮਦ ’ਤੇ ਕਿੰਨਾ ਨਿਰਭਰ ਹੈ?

-ਯੂਰਪੀ ਸੰਘ ਹਰ ਸਾਲ ਵੱਡੀ ਮਾਤਰਾ ਵਿਚ ਖਾਦਾਂ ਦਾ ਦਰਾਮਦ ਕਰਦਾ ਹੈ।

-2024 ਵਿਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤੀ ਸੀ।

-ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਦਰਾਮਦ ਕੀਤੀ ਸੀ।

-ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਣ ਵੀ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ।

-ਸਪਲਾਈ ਸੰਕਟ ਕਾਰਨ ਕਿਸਾਨਾਂ ਅਤੇ ਖੇਤੀਬਾੜੀ ਉਦਯੋਗ ’ਤੇ ਆਰਥਿਕ ਦਬਾਅ ਵਧ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਤੇਲ ਸੰਕਟ ਹੋ ਸਕਦੈ ਹੋਰ ਡੂੰਘਾ! ਹੋਰਮੁਜ਼ 'ਚ ਫਸੇ 2,000 ਜਹਾਜ਼; ਅਮਰੀਕਾ ਨੇ ਜਤਾਈ ਵੱਡੀ ਚਿੰਤਾ

ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਤਿਆਰੀ

-ਯੂਰਪ ਦੇ ਸਾਰੇ ਦੇਸ਼ਾਂ ’ਤੇ ਖਾਦ ਸੰਕਟ ਦਾ ਅਸਰ ਇਕ ਸਮਾਨ ਨਹੀਂ ਹੈ।

-ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਵਿਚ ਮੰਨਿਆ ਜਾ ਰਿਹਾ ਹੈ।

-2025 ਵਿਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ।

-ਫਿਨਲੈਂਡ ਅਤੇ ਸਵੀਡਨ ਨੇ ਰਣਨੀਤਕ ਭੰਡਾਰਨ ਦੀ ਤਿਆਰੀ ਤੇਜ਼ ਕਰ ਦਿੱਤੀ ਹੈ।

-ਦੋਵਾਂ ਦੇਸ਼ਾਂ ਨੇ ਖਾਦ, ਅਨਾਜ ਅਤੇ ਈਂਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ ਹਨ।

-ਸਵੀਡਨ ਨੇ ਨਾਟੋ ਵਿਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾਈ ਹੈ।

-‘ਟੋਟਲ ਡਿਫੈਂਸ’ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News