ਡੈਲਟਾ ਏਅਰਲਾਈਨਜ਼ ਦੇ ਸਿਸਟਮ 'ਚ ਆਈ ਖ਼ਰਾਬੀ, ਕਰੀਬ 2000 ਉਡਾਣਾਂ ਹੋਈਆਂ ਲੇਟ

Monday, Nov 23, 2026 - 09:28 AM (IST)

ਡੈਲਟਾ ਏਅਰਲਾਈਨਜ਼ ਦੇ ਸਿਸਟਮ 'ਚ ਆਈ ਖ਼ਰਾਬੀ, ਕਰੀਬ 2000 ਉਡਾਣਾਂ ਹੋਈਆਂ ਲੇਟ

ਐਟਲਾਂਟਾ  (ਭਾਸ਼ਾ): ਅਮਰੀਕਾ ਵਿੱਚ ਥੈਂਕਸਗਿਵਿੰਗ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੇ ਸਭ ਤੋਂ ਵਿਅਸਤ ਯਾਤਰਾ ਸੀਜ਼ਨ ਦੇ ਵਿਚਕਾਰ 'ਡੈਲਟਾ ਏਅਰਲਾਈਨਜ਼'  ਦਾ ਆਟੋਮੇਟਿਡ ਸਿਸਟਮ ਖ਼ਰਾਬ ਹੋਣ ਕਾਰਨ ਵੱਡਾ ਹਵਾਈ ਸੰਕਟ ਪੈਦਾ ਹੋ ਗਿਆ। ਐਤਵਾਰ ਨੂੰ ਜਹਾਜ਼ਾਂ ਦਾ ਵਜ਼ਨ ਅਤੇ ਸੰਤੁਲਨ ਮਾਪਣ ਵਾਲੇ ਆਟੋਮੇਸ਼ਨ ਸਿਸਟਮ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਏਅਰਲਾਈਨ ਦੀਆਂ 1,000 ਤੋਂ ਵੱਧ ਉਡਾਣਾਂ ਸ਼ੁਰੂਆਤ ਵਿੱਚ ਹੀ ਲੇਟ ਹੋ ਗਈਆਂ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।

ਆਟੋਮੇਸ਼ਨ ਸਿਸਟਮ ਠੱਪ ਹੋਣ ਤੋਂ ਬਾਅਦ ਡੈਲਟਾ ਦੀਆਂ ਟੀਮਾਂ ਨੂੰ ਜਹਾਜ਼ਾਂ ਨੂੰ ਰਵਾਨਾ ਕਰਨ ਲਈ ਮੈਨੂਅਲ (ਹੱਥੀਂ) ਤਰੀਕੇ ਵਰਤਣੇ ਪਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਹਾਜ਼ ਉਡਾਣ ਭਰਨ ਲਈ ਜ਼ਿਆਦਾ ਭਾਰਾ ਨਾ ਹੋਵੇ। ਹਾਲਾਂਕਿ ਕੁਝ ਘੰਟਿਆਂ ਬਾਅਦ ਸਿਸਟਮ ਨੂੰ ਬਹਾਲ ਕਰ ਲਿਆ ਗਿਆ, ਪਰ ਇਸ ਦੇ ਬਾਵਜੂਦ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ ਲੀਹ 'ਤੇ ਨਹੀਂ ਆ ਸਕਿਆ।ਇਸ ਹਵਾਈ ਗੜਬੜੀ ਕਾਰਨ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਡੈਲਟਾ ਦੇ ਮੁੱਖ ਹੱਬ ਅਤੇ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ 'ਹਾਰਟਸਫੀਲਡ-ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰਪੋਰਟ' ਵਿਖੇ ਆਉਣ ਵਾਲੀਆਂ ਕੁਝ ਉਡਾਣਾਂ 'ਤੇ ਲਗਭਗ ਇੱਕ ਘੰਟੇ ਦੀ ਗਰਾਊਂਡ ਸਟਾਪ (ਰੋਕ) ਲਗਾ ਦਿੱਤੀ। FAA ਅਨੁਸਾਰ ਜਹਾਜ਼ ਦੀ ਢਾਂਚਾਗਤ ਸੁਰੱਖਿਆ ਲਈ ਵਜ਼ਨ ਅਤੇ ਸੀਮਾਵਾਂ ਦੀ ਪਾਲਣਾ ਕਰਨਾ ਅਤੀ ਜ਼ਰੂਰੀ ਹੈ। ਏਜੰਸੀ ਨੇ 'ਐਕਸ' (X) 'ਤੇ ਸਪੱਸ਼ਟ ਕੀਤਾ ਕਿ ਇਹ ਦੇਰੀ FAA ਦੇ ਆਪਣੇ ਏਅਰ ਟ੍ਰੈਫਿਕ ਸਿਸਟਮ ਦੀ ਖ਼ਰਾਬੀ ਕਰਕੇ ਨਹੀਂ ਹੋਈ ਸੀ।

PunjabKesari

ਉਡਾਣਾਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ 'ਫਲਾਈਟ-ਅਵੇਅਰ'  ਅਨੁਸਾਰ ਐਤਵਾਰ ਸ਼ਾਮ ਤੱਕ ਡੈਲਟਾ ਦੀਆਂ ਲਗਭਗ 58 ਫੀਸਦੀ (ਲਗਭਗ 2,000) ਉਡਾਣਾਂ ਵਿੱਚ ਦੇਰੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਐਟਲਾਂਟਾ ਏਅਰਪੋਰਟ ਤੋਂ ਰਵਾਨਾ ਹੋਣ ਵਾਲੀਆਂ 58 ਫੀਸਦੀ ਅਤੇ ਉੱਥੇ ਆਉਣ ਵਾਲੀਆਂ 50 ਫੀਸਦੀ ਉਡਾਣਾਂ ਪ੍ਰਭਾਵਿਤ ਹੋਈਆਂ। ਡੈਲਟਾ ਅਨੁਸਾਰ ਇਨ੍ਹਾਂ ਵਿੱਚੋਂ 70 ਫੀਸਦੀ ਦੇਰੀ ਆਟੋਮੇਸ਼ਨ ਖ਼ਰਾਬੀ ਕਾਰਨ ਅਤੇ ਬਾਕੀ ਖ਼ਰਾਬ ਮੌਸਮ ਕਾਰਨ ਹੋਈ। ਏਅਰਲਾਈਨ ਦੀਆਂ ਲਗਭਗ 3 ਫੀਸਦੀ ਉਡਾਣਾਂ ਰੱਦ ਵੀ ਕਰਨੀਆਂ ਪਈਆਂ।

ਯਾਤਰੀਆਂ ਲਈ ਮੁੜ ਬੁਕਿੰਗ, ਖਾਣੇ ਤੇ ਹੋਟਲ ਦਾ ਪ੍ਰਬੰਧ

ਡੈਲਟਾ ਨੇ ਹੋਈ ਦੇਰੀ ਲਈ ਮਾਫ਼ੀ ਮੰਗਦਿਆਂ ਪ੍ਰਭਾਵਿਤ ਯਾਤਰੀਆਂ ਲਈ ਹੋਟਲ ਦੇ ਕਮਰੇ, ਖਾਣਾ, ਮੁੜ ਬੁਕਿੰਗ ਅਤੇ ਰੱਦ ਹੋਈਆਂ ਉਡਾਣਾਂ ਲਈ ਰਿਫੰਡ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਹੀਨੇ ਦੀ ਸ਼ੁਰੂਆਤ ਵਿੱਚ FAA ਨੈੱਟਵਰਕ ਵਿੱਚ ਖ਼ਰਾਬੀ ਕਾਰਨ 25 ਸਾਲਾਂ ਵਿੱਚ ਸਭ ਤੋਂ ਲੰਮੀ ਦੇਸ਼-ਵਿਆਪੀ ਰੋਕ ਲੱਗੀ ਸੀ, ਅਤੇ ਯੂਨਾਈਟਿਡ ਏਅਰਲਾਈਨਜ਼ ਦਾ ਸਿਸਟਮ ਵੀ ਠੱਪ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News