ਪਾਕਿਸਤਾਨ ''ਚ ਤਸ਼ੱਦਦ ਖ਼ਿਲਾਫ਼ ਇਕਜੁੱਟ ਹੋਏ ਕਈ ਆਗੂ ! ਫ੍ਰੈਂਕਫਰਟ ''ਚ ਕਰਵਾਈ ਗਈ ਕਾਨਫਰੰਸ
Tuesday, Nov 10, 2026 - 12:45 PM (IST)
ਇੰਟਰਨੈਸ਼ਨਲ ਡੈਸਕ- ਜਰਮਨੀ ਦੇ ਫ਼੍ਰੈਂਕਫ਼ਰਟ ਸ਼ਹਿਰ 'ਚ ਆਯੋਜਿਤ 'ਸਿੰਧੂਦੇਸ਼ ਗਲੋਬਲ ਕਾਨਫ਼ਰੰਸ' ਦੌਰਾਨ ਵੱਖ-ਵੱਖ ਰਾਸ਼ਟਰੀ ਅੰਦੋਲਨਾਂ ਦੇ ਪ੍ਰਮੁੱਖ ਆਗੂਆਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਨੇ ਪਾਕਿਸਤਾਨ 'ਚ ਪੰਜਾਬੀ ਸਾਮਰਾਜਵਾਦ ਅਤੇ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਐਲਾਨ ਕੀਤਾ ਹੈ। 'ਜੀਏ ਸਿੰਧ ਮੁੱਤਹਿਦਾ ਮਹਾਜ਼' (JSMM) ਦੁਆਰਾ ਆਯੋਜਿਤ ਇਸ ਸੰਮੇਲਨ 'ਚ ਅੰਤਰਰਾਸ਼ਟਰੀ ਪੱਧਰ 'ਤੇ 'ਐਂਟੀ-ਕੋਲੋਨੀਅਲ ਅਲਾਇੰਸ' ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਪ੍ਰਮੁੱਖ ਬਲੋਚ ਆਗੂ ਮਹਿਰਾਨ ਮਰੀ ਨੂੰ ਸੌਂਪੀ ਗਈ ਹੈ।
ਕਾਨਫ਼ਰੰਸ 'ਚ ਸਿੰਧੀ, ਬਲੋਚ, ਪਸ਼ਤੂਨ, ਕਸ਼ਮੀਰੀ, ਸਰਾਈਕੀ ਅਤੇ ਗਿਲਗਿਤੀ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ 'ਵਰਲਡ ਉਇਗੁਰ ਕਾਂਗਰਸ' ਦੇ ਆਗੂ ਡੋਲਕੁਨ ਈਸਾ ਨੇ ਵੀ ਇਸ ਕਾਨਫਰੰਸ 'ਚ ਸ਼ਿਰਕਤ ਕਰਕੇ ਆਪਣਾ ਸਮਰਥਨ ਦਿੱਤਾ।
JSMM ਦੇ ਚੇਅਰਮੈਨ ਸ਼ਫ਼ੀ ਬੁਰਫ਼ਤ ਨੇ ਸੰਯੁਕਤ ਰਾਸ਼ਟਰ (UN) ਅਤੇ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਮੰਗ ਰੱਖੀ ਕਿ 7 ਕਰੋੜ ਸਿੰਧੀ ਨਿਵਾਸੀਆਂ ਲਈ ਸਿੰਧੂਦੇਸ਼ ਦੀ ਰਾਜਨੀਤਕ, ਆਰਥਿਕ ਅਤੇ ਖੇਤਰੀ ਆਜ਼ਾਦੀ ਵਾਸਤੇ UN ਦੀ ਦੇਖਰੇਖ ਹੇਠ ਰੈਫਰੈਂਡਮ ਕਰਵਾਇਆ ਜਾਵੇ।
ਬਲੋਚ ਆਗੂ ਮਹਿਰਾਨ ਮਰੀ ਨੇ ਆਪਣੇ ਸੰਬੋਧਨ ਵਿੱਚ 1948 ਵਿੱਚ ਬਲੋਚਿਸਤਾਨ 'ਤੇ ਕੀਤੇ ਗਏ ਗੈਰ-ਕਾਨੂੰਨੀ ਕਬਜ਼ੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਗੈਸ, ਸੈਂਡਕ ਅਤੇ ਰੇਕੋ ਡਿਕ ਵਰਗੇ ਕੁਦਰਤੀ ਸਰੋਤਾਂ ਦਾ ਲਾਭ ਸਥਾਨਕ ਲੋਕਾਂ ਨੂੰ ਨਹੀਂ ਮਿਲ ਰਿਹਾ। ਇਸ ਦੇ ਨਾਲ ਹੀ ਚੀਨ-ਪਾਕਿਸਤਾਨ ਆਰਥਿਕ ਲਾਂਘੇ (CPEC) ਅਤੇ ਗਵਾਦਰ ਪੋਰਟ ਰਾਹੀਂ ਹੋ ਰਹੀ ਆਰਥਿਕ ਲੁੱਟ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ।
ਕਾਨਫ਼ਰੰਸ 'ਚ ਲੋਕਾਂ ਨੂੰ ਜ਼ਬਰਦਸਤੀ ਗਾਇਬ ਕਰਨ, ਕਤਲ, ਸਿੰਧੂ ਨਦੀ ਦੇ ਪਾਣੀਆਂ ਦੀ ਵੰਡ 'ਚ ਧੱਕੇਸ਼ਾਹੀ ਅਤੇ ਪਸ਼ਤੂਨ ਖੇਤਰਾਂ 'ਚ ਫ਼ੌਜੀ ਆਪਰੇਸ਼ਨਾਂ ਦੀ ਨਿਖੇਧੀ ਕੀਤੀ ਗਈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਲੈ ਕੇ ਅੰਤਰਰਾਸ਼ਟਰੀ ਏਜੰਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ।
