ਸਾਬਕਾ world champion ਬਾਕਸਰ ਦੀ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ !

Saturday, Aug 22, 2026 - 07:01 PM (IST)

ਸਾਬਕਾ world champion ਬਾਕਸਰ ਦੀ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ !

ਸਪੋਰਟਸ ਡੈਸਕ : ਖੇਡ ਜਗਤ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸਾਊਥ ਅਫਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਜੋਲਾਨੀ ਟੇਟੇ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਪੂਰੇ ਸਾਊਥ ਅਫਰੀਕਾ ਅਤੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਦੇ ਮੁਤਾਬਕ ਇਹ ਘਟਨਾ ਈਸਟਰਨ ਕੇਪ ਦੇ ਮਡਾਂਟਸਾਨੇ ਇਲਾਕੇ ਦੀ ਹੈ। 38 ਸਾਲਾ ਜੋਲਾਨੀ ਟੇਟੇ ਆਪਣੀ ਕਾਰ ਰਾਹੀਂ ਘਰ ਪਹੁੰਚੇ ਸਨ ਤੇ ਗੇਟ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਚਿਹਰੇ 'ਤੇ ਨਕਾਬ ਪਾ ਕੇ ਆਏ ਦੋ ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਦੇ ਨੇੜੇ ਪਹੁੰਚ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਨਾਲ ਛਲਣੀ ਹੋਏ ਟੇਟੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਸਮੇਂ ਕਾਰ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਇੱਕ 27 ਸਾਲਾ ਮਹਿਲਾ ਵੀ ਇਸ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਾਕਸਿੰਗ ਰਿੰਗ ਵਿੱਚ ਪਿਆਰ ਨਾਲ 'ਲਾਸਟ ਬੌਰਨ' ਵਜੋਂ ਜਾਣੇ ਜਾਂਦੇ ਜੋਲਾਨੀ ਟੇਟੇ ਦਾ ਕਰੀਅਰ ਸ਼ਾਨਦਾਰ ਪ੍ਰਾਪਤੀਆਂ ਨਾਲ ਭਰਿਆ ਰਿਹਾ। ਉਨ੍ਹਾਂ ਨੇ ਸਾਲ 2007 ਤੋਂ 2008 ਤੱਕ WBF ਫਲਾਈਵੇਟ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਜਲਵਾ ਕਾਇਮ ਰਿਹਾ ਅਤੇ ਉਨ੍ਹਾਂ ਨੇ ਸਾਲ 2017 ਅਤੇ 2019 ਵਿੱਚ WBO ਬੈਂਟਮਵੇਟ ਦਾ ਤਾਜ ਵੀ ਪਹਿਨਿਆ। ਟੇਟੇ ਦੇ ਨਾਂ ਵਿਸ਼ਵ ਟਾਈਟਲ ਫਾਈਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਨਾਕਆਊਟ ਦਾ ਇਤਿਹਾਸਕ ਰਿਕਾਰਡ ਵੀ ਦਰਜ ਹੈ। ਸਾਲ 2017 ਵਿੱਚ ਉਨ੍ਹਾਂ ਨੇ ਇੱਕ ਮੁਕਾਬਲੇ ਦੌਰਾਨ ਆਪਣੇ ਹੀ ਦੇਸ਼ ਦੇ ਮੁੱਕੇਬਾਜ਼ ਸਿਬੋਨੀਸੋ ਗੋਨਿਆ ਨੂੰ ਮਹਿਜ਼ 11 ਸੈਕੰਡਾਂ ਵਿੱਚ ਨਾਕਆਊਟ ਕਰਕੇ ਇਤਿਹਾਸ ਰਚ ਦਿੱਤਾ ਸੀ।

 ਸਾਲ 2022 ਵਿੱਚ ਡੋਪਿੰਗ ਦੇ ਚੱਲਦਿਆਂ ਜੋਲਾਨੀ ਟੇਟੇ 'ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ 29 ਜੁਲਾਈ 2026 ਨੂੰ ਖਤਮ ਹੋ ਗਈ ਸੀ। ਟੇਟੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਵਾਰ ਫਿਰ ਰਿੰਗ ਵਿੱਚ ਸ਼ਾਨਦਾਰ ਵਾਪਸੀ ਕਰਨ ਦੀਆਂ ਤਿਆਰੀਆਂ ਵਿੱਚ ਜੀ-ਜਾਨ ਨਾਲ ਜੁੱਟੇ ਹੋਏ ਸਨ, ਪਰ ਵਾਪਸੀ ਤੋਂ ਪਹਿਲਾਂ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਸਾਊਥ ਅਫਰੀਕਾ ਦੇ ਖੇਡ ਅਤੇ ਸੱਭਿਆਚਾਰ ਮੰਤਰੀ ਗੇਲਟਨ ਮੈਕੈਂਜੀ ਨੇ ਇਸ ਘਟਨਾ 'ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਇਸ ਨੂੰ ਦੇਸ਼ ਲਈ ਇੱਕ ਬਹੁਤ ਵੱਡਾ ਨੁਕਸਾਨ ਦੱਸਿਆ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਊਥ ਅਫਰੀਕਾ ਨੇ ਆਪਣਾ ਸਭ ਤੋਂ ਬਿਹਤਰੀਨ ਫਾਈਟਰ ਗੁਆ ਦਿੱਤਾ ਹੈ ਅਤੇ ਦੇਸ਼ ਵਿੱਚ ਹਮੇਸ਼ਾ ਉਨ੍ਹਾਂ ਦਾ ਨਾਮ ਪੂਰੇ ਸਨਮਾਨ ਨਾਲ ਲਿਆ ਜਾਵੇਗਾ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News