ਫਲੋਰੀਡਾ 'ਚ ਭਾਰੀ ਮੀਂਹ ਤੋਂ ਬਾਅਦ ਭਿਆਨਕ ਹੜ੍ਹ, ਬਚਾਏ ਗਏ 500 ਲੋਕ
Tuesday, Nov 24, 2026 - 09:52 AM (IST)
ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਦੱਖਣੀ-ਪੂਰਬੀ ਰਾਜ ਫਲੋਰੀਡਾ ਵਿੱਚ ਪਿਛਲੇ ਹਫ਼ਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਰਾਜ ਦੇ ਗਵਰਨਰ ਰੋਨ ਡਿਸੈਂਟਿਸ ਅਨੁਸਾਰ ਰਾਹਤ ਤੇ ਬਚਾਅ ਟੀਮਾਂ ਨੇ ਹੁਣ ਤੱਕ ਹੜ੍ਹ ਦੇ ਪਾਣੀ ਵਿੱਚ ਫਸੇ ਲਗਭਗ 500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਸੈਂਟ ਜੌਹਨਜ਼ ਨਦੀ ਵਿੱਚ ਪਾਣੀ ਦਾ ਪੱਧਰ ਰਿਕਾਰਡ ਪੱਧਰ 'ਤੇ ਪਹੁੰਚਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਹੋਰ ਵਧਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੱਡੀ ਆਫ਼ਤ ਐਲਾਨਣ ਦੀ ਮੰਗ ਕੀਤੀ ਹੈ।
ਗਵਰਨਰ ਡਿਸੈਂਟਿਸ ਨੇ ਵੈਸਟ ਮੈਲਬੋਰਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ 15 ਤੋਂ 20 ਇੰਚ ਤੱਕ ਬਾਰਿਸ਼ ਦਰਜ ਕੀਤੀ ਗਈ ਹੈ। ਨੈਸ਼ਨਲ ਵੈਦਰ ਸਰਵਿਸ (NWS) ਅਨੁਸਾਰ ਜਨੇਵਾ ਨੇੜੇ ਲੇਕ ਹਾਰਨੀ ਵਿਖੇ ਸੈਂਟ ਜੌਹਨਜ਼ ਨਦੀ ਦਾ ਪਾਣੀ 13.1 ਫੁੱਟ 'ਤੇ ਪਹੁੰਚ ਗਿਆ ਹੈ, ਜੋ ਕਿ ਹੜ੍ਹ ਦੇ ਖ਼ਤਰੇ ਦੇ ਨਿਸ਼ਾਨ 8 ਫੁੱਟ ਤੋਂ ਕਿਤੇ ਜ਼ਿਆਦਾ ਹੈ। ਡੇਲੈਂਡ , ਐਸਟਰ ਅਤੇ ਸੈਨਫੋਰਡ ਵਰਗੇ ਇਲਾਕਿਆਂ ਵਿੱਚ ਵੀ ਨਦੀ ਦਾ ਪਾਣੀ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਮੌਸਮ ਵਿਭਾਗ ਨੇ ਵਾਹਨ ਚਾਲਕਾਂ ਨੂੰ ਜਲ-ਥਲ ਹੋਈਆਂ ਸੜਕਾਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।
ਹੜ੍ਹ ਦੇ ਪਾਣੀ ਕਾਰਨ ਸਿਹਤ ਸੇਵਾਵਾਂ ਵਿੱਚ ਵੀ ਵਿਘਨ ਪਿਆ ਹੈ। ਮੈਮੋਰੀਅਲ ਰੀਜਨਲ ਹਸਪਤਾਲ ਵਿੱਚ ਪਾਣੀ ਭਰਨ ਅਤੇ ਛੱਤ ਦੀਆਂ ਟਾਈਲਾਂ ਡਿੱਗਣ ਕਾਰਨ ਮਰੀਜ਼ਾਂ ਨੂੰ ਦੂਜੀਆਂ ਥਾਵਾਂ 'ਤੇ ਸ਼ਿਫ਼ਟ ਕਰਨਾ ਪਿਆ ਹੈ। ਇਸ ਤੋਂ ਇਲਾਵਾ ਸੈਨਫੋਰਡ ਦੇ ਐੱਚ.ਸੀ.ਏ. ਫਲੋਰੀਡਾ ਲੇਕ ਮੋਨਰੋ ਹਸਪਤਾਲ ਦੇ ਆਲੇ-ਦੁਆਲੇ ਹੜ੍ਹ ਰੋਧਕ ਬੈਰੀਅਰ ਲਗਾਏ ਗਏ ਹਨ।
ਬਚਾਅ ਕਾਰਜਾਂ ਲਈ ਨੈਸ਼ਨਲ ਗਾਰਡ ਦੇ 421 ਜਵਾਨਾਂ ਅਤੇ 54 ਉੱਚੀ ਗੱਡੀਆਂ ਨੂੰ ਛੇ ਕਾਊਂਟੀਆਂ ਵਿੱਚ ਤੈਨਾਤ ਕੀਤਾ ਗਿਆ ਹੈ। ਅਹਿਮ ਸਰਕਾਰੀ ਤੇ ਆਮ ਢਾਂਚੇ ਨੂੰ ਬਚਾਉਣ ਲਈ 10,000 ਫੁੱਟ ਤੋਂ ਵੱਧ ਅਸਥਾਈ ਬੈਰੀਅਰ ਲਗਾਏ ਗਏ ਹਨ। ਸਫ਼ਾਈ ਟੀਮਾਂ ਨੇ 250 ਤੋਂ ਵੱਧ ਜਾਇਦਾਦਾਂ 'ਤੇ ਕੰਮ ਕੀਤਾ ਹੈ ਅਤੇ 1,600 ਤੋਂ ਵੱਧ ਪੀੜਤ ਲੋਕਾਂ ਨੇ ਮਦਦ ਕੇਂਦਰਾਂ ਤੱਕ ਪਹੁੰਚ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
