ਓਹੀਓ ਨਦੀ ’ਚ ਤੈਰਾਕ ਨੂੰ ਬਚਾਉਣ ਦੀ ਕੋਸ਼ਿਸ਼ ’ਚ 5 ਲੋਕਾਂ ਦੀ ਮੌਤ
Tuesday, Jul 21, 2026 - 02:45 AM (IST)
ਪਾਵੇਲ - ਅਮਰੀਕਾ ਦੇ ਓਹੀਓ ’ਚ ਸੀਓਟੋ ਨਦੀ ਵਿਚ ਡੁੱਬਦੇ ਹੋਏ ਇਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ 5 ਲੋਕਾਂ ਦੀ ਜਾਨ ਚਲੀ ਗਈ। ਜਦੋਂ ਇਕ ਵਿਅਕਤੀ ਪਾਣੀ ਵਿਚ ਸੰਘਰਸ਼ ਕਰ ਰਿਹਾ ਸੀ, ਤਾਂ ਉਸ ਨੂੰ ਬਚਾਉਣ ਲਈ ਉਸ ਦੇ ਸਾਥੀਆਂ ਨੇ ਇਕ-ਇਕ ਕਰ ਕੇ ਨਦੀ ਵਿਚ ਛਾਲ ਮਾਰ ਦਿੱਤੀ, ਪਰ ਉਹ ਵੀ ਡੂੰਘੇ ਪਾਣੀ ਦੀ ਲਪੇਟ ’ਚ ਆ ਗਏ। ਇਹ ਦਰਦਨਾਕ ਹਾਦਸਾ ਓਹੀਓ ਸੂਬੇ ਦੇ ਕੋਲੰਬਸ ਸ਼ਹਿਰ ਨੇੜੇ ਪਾਵੇਲ ਇਲਾਕੇ ਵਿਚ ਸੀਓਟੋ ਨਦੀ ’ਤੇ ਵਾਪਰਿਆ। ਇਹ ਸਮੂਹ ਸੀਓਟੋ ਨਦੀ ਦੇ ਕੰਢੇ ਇਕੱਠਾ ਹੋਇਆ ਸੀ, ਜਿੱਥੇ ਇਕ ਵਿਅਕਤੀ ਤੈਰਨ ਲਈ ਪਾਣੀ ਵਿਚ ਗਿਆ ਅਤੇ ਡੁੱਬਣ ਲੱਗਾ।
ਉਸ ਨੂੰ ਬਚਾਉਣ ਦੇ ਚੱਕਰ ਵਿਚ ਪੰਜ ਹੋਰ ਲੋਕ ਵੀ ਪਾਣੀ ਵਿਚ ਕੁੱਦ ਪਏ, ਪਰ ਤੇਜ਼ ਵਹਾਅ ਅਤੇ ਡੂੰਘਾਈ ਕਾਰਨ ਉਹ ਵੀ ਪਾਣੀ ਵਿਚ ਸੰਘਰਸ਼ ਕਰਨ ਲੱਗੇ। ਰੈਸਕਿਊ ਟੀਮਾਂ ਨੇ ਐਤਵਾਰ ਨੂੰ ਪਾਣੀ ’ਚੋਂ 2 ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸੋਮਵਾਰ ਨੂੰ ਤਿੰਨ ਪੁਰਸ਼ਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ। ਇਕ ਰਾਹਗੀਰ ਨੇ ਇਕ ਡਰੇ ਹੋਏ ਬੱਚੇ ਨੂੰ ਸੜਕ ’ਤੇ ਦੌੜਦੇ ਦੇਖਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ, ਜਿਸ ਤੋਂ ਬਾਅਦ ਪੁਲਸ ਅਤੇ ਬਚਾਅ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ। 2 ਬੱਚਿਆਂ ਨੂੰ ਸੁਰੱਖਿਅਤ ਕੱਢ ਕੇ ਪਰਿਵਾਰਕ ਭਲਾਈ ਸੇਵਾਵਾਂ ਦੀ ਸੰਭਾਲ ਵਿਚ ਰੱਖਿਆ ਗਿਆ ਹੈ।
