ਵੱਡੀ ਸਫਲਤਾ: ਵਿਗਿਆਨੀਆਂ ਨੇ IVF ਰਾਹੀਂ ਤਿਆਰ ਕੀਤਾ ਪਹਿਲਾ ਕੰਗਾਰੂ ਭਰੂਣ
Friday, Feb 07, 2025 - 05:15 AM (IST)
ਸਿਡਨੀ - ਆਸਟ੍ਰੇਲੀਆਈ ਵਿਗਿਆਨੀਆਂ ਨੇ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ (ਆਈ. ਵੀ. ਐੱਫ.) ਰਾਹੀਂ ਪਹਿਲਾ ਕੰਗਾਰੂ ਭਰੂਣ ਤਿਆਰ ਕੀਤਾ ਹੈ। ਕੁਈਨਜ਼ਲੈਂਡ ਯੂਨੀਵਰਸਿਟੀ (ਯੂ.ਕਿਊ.) ਦੇ ਖੋਜਕਾਰਾਂ ਦੀ ਅਗਵਾਈ ਵਾਲੀ ਇਕ ਟੀਮ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਕ ਪਰਿਪੱਕ ਆਂਡੇ ’ਚ ਸ਼ੁਕਰਾਣੂ ਨੂੰ ਇੰਜੈਕਟ ਕਰ ਕੇ ਪੂਰਬੀ ਗ੍ਰੇ ਕੰਗਾਰੂ ਭਰੂਣ ਪੈਦਾ ਕੀਤਾ।
ਇਹ ਪ੍ਰਕਿਰਿਆ ਆਮ ਤੌਰ ’ਤੇ ਮਨੁੱਖੀ ਆਈ.ਵੀ.ਐੱਫ. ’ਚ ਵਰਤੀ ਜਾਂਦੀ ਹੈ, ਜਿਸ ਨੂੰ ਇੰਟ੍ਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ (ਆਈ. ਸੀ. ਐੱਸ. ਆਈ.) ਕਿਹਾ ਜਾਂਦਾ ਹੈ। ਮੁੱਖ ਖੋਜਕਰਤਾ ਐਂਡਰੇਸ ਗੈਂਬਿਨੀ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਪਤੀ ਆਸਟ੍ਰੇਲੀਆ ’ਚ ਖ਼ਤਮ ਹੋ ਰਹੇ ਮਾਰਸੁਪਿਅਲਸ ਦੇ ਬਚਾਅ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ, ਜਿਨ੍ਹਾਂ ’ਚ ਕੋਆਲਾ, ਵੋਮਬੈਟ, ਪੋਸਮ ਤੇ ਤਸਮਾਨਿਆਈ ਡੈਵਿਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਭਵਿੱਖ ਵਿਚ ਵਰਤੋਂ ਲਈ ਇਨ੍ਹਾਂ ਵਿਲੱਖਣ ਅਤੇ ਕੀਮਤੀ ਜਾਨਵਰਾਂ ਦੇ ਜੈਨੇਟਿਕ ਪਦਾਰਥਾਂ ਨੂੰ ਸੁਰੱਖਿਅਤ ਰੱਖਣਾ ਹੈ।