ਲੰਡਨ ਦੇ ਉਦਯੋਗਿਕ ਖੇਤਰ ’ਚ ਲੱਗੀ ਭਿਆਨਕ ਅੱਗ, ਰੇਲ ਲਾਈਨਾਂ ਬੰਦ

Saturday, Aug 29, 2026 - 01:57 AM (IST)

ਲੰਡਨ ਦੇ ਉਦਯੋਗਿਕ ਖੇਤਰ ’ਚ ਲੱਗੀ ਭਿਆਨਕ ਅੱਗ, ਰੇਲ ਲਾਈਨਾਂ ਬੰਦ

ਲੰਡਨ - ਨਾਰਥ-ਵੈਸਟ ਲੰਡਨ ਵਿਚ ਵੈਮਬਲੀ ਸਟੇਡੀਅਮ ਨੇੜੇ ਇਕ ਵੇਸਟ ਫੈਸੀਲਿਟੀ (ਕਰਕਟ ਨਿਪਟਾਰਾ ਕੇਂਦਰ) ਵਿਚ ਭਾਰੀ ਅੱਗ ਲੱਗ ਗਈ ਹੈ, ਜਿਸ ਨਾਲ ਇਲਾਕੇ ਵਿਚ ਟਿਊਬ ਅਤੇ ਟਰੇਨ ਲਾਈਨਾਂ ਬੰਦ ਹੋ ਗਈਆਂ।

ਇਹ ਘਟਨਾ ਨੀਸਡਨ ਦੇ ਹੈਨਾ ਕਲੋਜ਼ ਸਥਿਤ ਇਕ ਉਦਯੋਗਿਕ ਖੇਤਰ ਵਿਚ ਵਾਪਰੀ ਹੈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਇਸ ਦਾ ਧੂੰਆਂ ਸੈਂਟਰਲ ਲੰਡਨ ਤੋਂ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਲੰਡਨ ਫਾਇਰ ਬ੍ਰਿਗੇਡ ਦੇ ਲਗਭਗ 125 ਅੱਗ ਬੁਝਾਊ ਦਸਤੇ ਅਤੇ 20 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਅੱਗ ਬੁਝਾਉਣ ’ਚ ਜੁਟੀਆਂ ਹੋਈਆਂ ਹਨ। ਬਹੁਤ ਜ਼ਿਆਦਾ ਧੂੰਏਂ ਕਾਰਨ ਲੋਕਾਂ ਨੂੰ ਆਪਣੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ।

ਅੱਗ ਲੱਗਣ ਕਾਰਨ ਸ਼ੁੱਕਰਵਾਰ ਦੁਪਹਿਰ ਨੂੰ ਪੂਰੀ ਮੈਟਰੋਪੋਲੀਟਨ ਲਾਈਨ ਕਈ ਘੰਟਿਆਂ ਲਈ ਬੰਦ ਹੋ ਗਈ ਸੀ। ਇਹ ਹੁਣ ਥੋੜ੍ਹੀ ਖੁੱਲ੍ਹ ਗਈ ਹੈ ਪਰ ਹੈਰੋ-ਆਨ-ਦਿ-ਹਿੱਲ ਅਤੇ ਐਲਡਗੇਟ ਦੇ ਵਿਚਕਾਰ ਅਜੇ ਵੀ ਬੰਦ ਹੈ, ਜਿਸ ਦਾ ਮਤਲਬ ਹੈ ਕਿ ਸੈਂਟਰਲ ਲੰਡਨ ’ਚ ਕੋਈ ਸਰਵਿਸ ਨਹੀਂ ਚੱਲ ਰਹੀ ਹੈ। ਨੈਸ਼ਨਲ ਰੇਲ ਨੇ ਕਿਹਾ ਕਿ ਐਲਸਬਰੀ ਜਾਣ ਵਾਲੀਆਂ ਰੇਲ ਲਾਈਨਾਂ ’ਤੇ ਅਸਰ ਪੈਣ ਕਾਰਨ ਲੰਡਨ ਮੈਰੀਲੇਬੋਨ ਆਉਣ-ਜਾਣ ਵਾਲੀਆਂ ਰੇਲ ਸੇਵਾਵਾਂ ਵੀ ਦੇਰੀ ਨਾਲ ਚੱਲ ਰਹੀਆਂ ਜਾਂ ਰੱਦ ਹੋ ਰਹੀਆਂ ਹਨ।

ਅੱਗ ਬੁਝਾਊ ਅਧਿਕਾਰੀਆਂ ਅਨੁਸਾਰ ਜਿਸ ਇੰਡਸਟ੍ਰੀਅਲ ਯੂਨਿਟ ਵਿਚ ਅੱਗ ਲੱਗੀ ਹੈ, ਇਹ ਫੈਸੀਲਿਟੀ ‘ਲੰਡਨ ਐਨਰਜੀ’ ਚਲਾਉਂਦੀ ਹੈ, ਜੋ ਨਾਰਥ ਲੰਡਨ ਵੇਸਟ ਅਥਾਰਟੀ ਦੀ ਕੰਪਨੀ ਹੈ। ਇਹ ਬਾਰਨੇਟ, ਕੈਮਡੇਨ, ਐਨਫੀਲਡ, ਹੈਕਨੀ, ਹੈਰਿੰਗੇ, ਇਸਲਿੰਗਟਨ ਅਤੇ ਵਾਲਥਮ ਫਾਰੈਸਟ ਦੇ ਇਲਾਕਿਆਂ ਦੇ ਸਾਰੇ ਕੂੜੇ ਨੂੰ ਨਿਪਟਾਉਣ ਲਈ ਜ਼ਿੰਮੇਵਾਰ ਹੈ। ਫਰਮ ਦੇ ਇਕ ਬੁਲਾਰੇ ਨੇ ਕਿਹਾ ਕਿ ‘‘ਅਸੀਂ ਹੁਣੇ ਆਪਣੇ ਵੈਮਬਲੀ ਟ੍ਰਾਂਸਫਰ ਸਟੇਸ਼ਨ ’ਤੇ ਲੱਗੀ ਅੱਗ ਨੂੰ ਬੁਝਾਉਣ ਲਈ ਕੰਮ ਕਰ ਰਹੇ ਹਾਂ। ਲੰਡਨ ਐਨਰਜੀ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ ਹੈ।’’


author

Inder Prajapati

Content Editor

Related News