ਸੱਤਾ ਤੋਂ ਤਿਲਕ ਆ ਗਿਆ ਸੜਕਾਂ ''ਤੇ ! ਹੁਣ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਪਾਕਿ ਦਾ ਸਾਬਕਾ ਡਿਪਟੀ ਸਪੀਕਰ
Saturday, Feb 07, 2026 - 11:17 AM (IST)
ਇੰਟਰਨੈਸ਼ਨਲ ਡੈਸਕ- ਕਦੇ ਪਾਕਿਸਤਾਨ ਦੀ ਸੱਤਾ ਦੇ ਗਲਿਆਰਿਆਂ ’ਚ ਪ੍ਰਭਾਵਸ਼ਾਲੀ ਅਹੁਦੇ ’ਤੇ ਬੈਠਣ ਵਾਲੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਅੱਜ ਅਮਰੀਕਾ ਦੀਆਂ ਸੜਕਾਂ ’ਤੇ ਟੈਕਸੀ ਚਲਾ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਸੂਰੀ ਨੇ ਖ਼ੁਦ ਵੀਡੀਓ ਜਾਰੀ ਕਰ ਕੇ ਇਹ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਅਤੇ ਕਿਹਾ ਕਿ ਇਮਾਨਦਾਰੀ ਦੀ ਕੀਮਤ ਉਨ੍ਹਾਂ ਨੂੰ ਸੱਤਾ, ਜਾਇਦਾਦ ਅਤੇ ਦੇਸ਼ ਛੱਡ ਕੇ ਚੁਕਾਉਣੀ ਪਈ।
ਇਮਰਾਨ ਖਾਨ ਦਾ ਸਾਥ ਪਿਆ ਭਾਰੀ
ਕਾਸਿਮ ਸੂਰੀ ਨੇ ਸਾਫ਼ ਕਿਹਾ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਕੀਤਾ, ਜਿਸ ਦੀ ਕੀਮਤ ਉਨ੍ਹਾਂ ਨੂੰ ਫਰਜ਼ੀ ਮਾਮਲਿਆਂ, ਜਾਇਦਾਦ ਜ਼ਬਤ ਹੋਣ ਅਤੇ ਬੈਂਕ ਖਾਤੇ ਸੀਲ ਹੋਣ ਦੇ ਰੂਪ ’ਚ ਚੁਕਾਉਣੀ ਪਈ। ਸੂਰੀ ਮੁਤਾਬਕ ਪਾਕਿਸਤਾਨ ਸਰਕਾਰ ਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਕੋਲ ਦੇਸ਼ ਛੱਡਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ। ਸੂਰੀ ਨੇ ਦੱਸਿਆ ਕਿ ਪਾਕਿਸਤਾਨ ਛੱਡਣ ਤੋਂ ਬਾਅਦ ਉਹ ਹੁਣ ਅਮਰੀਕਾ ਵਿਚ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਹੇ ਹਨ ਅਤੇ ਆਰਥਿਕ ਸੰਘਰਸ਼ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸਾਦਗੀ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕੀਤੀ ਪਰ ਉਸੇ ਇਮਾਨਦਾਰੀ ਨੇ ਮੈਨੂੰ ਸੱਤਾ ਤੋਂ ਸੜਕ ’ਤੇ ਲਿਆ ਖੜ੍ਹਾ ਕੀਤਾ।
ਇਹ ਵੀ ਪੜ੍ਹੋ- ਪਾਕਿ PM ਦਾ ਇਕ ਵਾਰ ਫ਼ਿਰ ਵਿਵਿਦਿਤ ਬਿਆਨ ! ਕਿਹਾ- ''ਪਾਕਿਸਤਾਨ ਦਾ ਹਿੱਸਾ ਬਣੇਗਾ ਕਸ਼ਮੀਰ..''
2018 ਤੋਂ 2022 ਤੱਕ ਰਹੇ ਡਿਪਟੀ ਸਪੀਕਰ
ਕਾਸਿਮ ਸੂਰੀ ਨੇ ਯਾਦ ਦਿਵਾਇਆ ਕਿ ਉਹ 15 ਅਗਸਤ 2018 ਤੋਂ 16 ਅਪ੍ਰੈਲ 2022 ਤੱਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ 19ਵੇਂ ਡਿਪਟੀ ਸਪੀਕਰ ਰਹੇ। ਇਸ ਦੇ ਬਾਵਜੂਦ ਉਨ੍ਹਾਂ ਨੇ ਕਦੇ ਨਿੱਜੀ ਜਾਇਦਾਦ ਨਹੀਂ ਬਣਾਈ ਅਤੇ ਨਾ ਹੀ ਸੱਤਾ ਦੀ ਦੁਰਵਰਤੋਂ ਕੀਤੀ। ਸਾਬਕਾ ਡਿਪਟੀ ਸਪੀਕਰ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ ਝੂਠੇ ਮੁਕੱਦਮਿਆਂ ਵਿਚ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਕਾਨੂੰਨ ਦਾ ਰਾਜ ਖ਼ਤਮ ਹੋ ਚੁੱਕਾ ਹੈ ਅਤੇ ਅਸਹਿਮਤੀ ਰੱਖਣ ਵਾਲਿਆਂ ਨੂੰ ਚੁਣ-ਚੁਣ ਕੇ ਕੁਚਲਿਆ ਜਾ ਰਿਹਾ ਹੈ। ਸੂਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਪਾਕਿਸਤਾਨ ਸਰਕਾਰ ਦਾ ਅੱਤਿਆਚਾਰ ਅਤੇ ਦਮਨ ਖੁੱਲ੍ਹ ਕੇ ਸਾਹਮਣੇ ਆ ਚੁੱਕਾ ਹੈ। ਦੇਸ਼ ’ਚ ਲੋਕਾਂ ਨੂੰ ਜ਼ਬਰਦਸਤੀ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਇਨਸਾਫ਼ ਸਿਰਫ਼ ਨਾਂ ਦਾ ਰਹਿ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
