ਇੰਗਲੈਂਡ : ਯਾਤਰਾ ਪਾਬੰਦੀਆਂ 'ਚ ਢਿੱਲ ਮਿਲਣ 'ਤੇ ਹਵਾਈ ਅੱਡਿਆਂ 'ਤੇ ਲੱਗੀਆਂ ਲਾਈਨਾਂ

05/18/2021 2:12:05 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿੱਚ 17 ਮਈ ਨੂੰ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਹੋਰ ਢਿੱਲ ਦਿੰਦਿਆਂ ਵਿਦੇਸ਼ੀ ਯਾਤਰਾ ਨੂੰ ਖੋਲ੍ਹਿਆ ਗਿਆ ਹੈ, ਜਿਸ ਕਰਕੇ ਇੰਗਲੈਂਡ ਵਿੱਚ ਹਵਾਈ ਅੱਡਿਆਂ 'ਤੇ ਲੋਕਾਂ ਦੀ ਭੀੜ ਬਣੀ ਰਹੀ। ਬਹੁਤ ਸਾਰੇ ਯਾਤਰੀ ਸਵੇਰੇ 6 ਵਜੇ ਤੋਂ ਹੀ ਪੱਛਮੀ ਲੰਡਨ ਦੇ ਹੀਥਰੋ ਹਵਾਈ ਅੱਡੇ ਅਤੇ ਵੈਸਟ ਸਸੈਕਸ ਦੇ ਗੈਟਵਿਕ ਏਅਰਪੋਰਟ 'ਤੇ ਪਹੁੰਚੇ ਕਿਉਂਕਿ ਯਾਤਰਾ ਸੰਬੰਧੀ ਸਰਕਾਰ ਵੱਲੋਂ ਟ੍ਰੈਫਿਕ ਲਾਈਟ ਸਿਸਟਮ ਲਾਗੂ ਕੀਤਾ ਗਿਆ ਹੈ। ਜਿਸਦੇ ਤਹਿਤ ਲੋਕ ਹਰੀ ਸੂਚੀ ਵਿਚਲੇ ਦੇਸ਼ਾਂ 'ਚ ਬਿਨਾਂ ਰੋਕ ਟੋਕ ਅਤੇ ਵਾਪਸੀ 'ਤੇ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਯਾਤਰਾ ਕਰ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਦਿੱਤਾ ਝਟਕਾ, ਭਾਰਤੀਆਂ ਨੂੰ ਛੱਡ ਪਾਕਿ ਲੋਕਾਂ ਨੂੰ ਦਿੱਤੀ ਯਾਤਰਾ ਦੀ ਮਨਜ਼ੂਰੀ

ਇਸ ਲਈ ਬ੍ਰਿਟੇਨ ਦੇ ਪੰਜ ਸਭ ਤੋਂ ਵੱਧ ਰੁਝੇਵੇਂ ਭਰੇ ਹਵਾਈ ਅੱਡੇ- ਹੀਥਰੋ, ਗੈਟਵਿਕ, ਸਟੈਨਸਟਡ, ਮੈਨਚੇਸਟਰ ਅਤੇ ਲੂਟਨ ਵਿੱਚ ਇਕੱਲੇ ਅੰਬਰ ਸੂਚੀ ਵਾਲੇ ਦੇਸ਼ਾਂ ਲਈ ਤਕਰੀਬਨ 124 ਉਡਾਣਾਂ ਚੱਲੀਆਂ, ਜਿਨ੍ਹਾਂ ਵਿੱਚ 23 ਸਪੇਨ ਲਈ ਵੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਲੋਕਾਂ ਨੂੰ ਬਿਨਾਂ ਕਿਸੇ ਢੁੱਕਵੇਂ ਕਾਰਨ ਦੇ ਵਿਦੇਸ਼ ਯਾਤਰਾ ਕਰਨ 'ਤੇ 5,000 ਪੌਂਡ ਤੱਕ ਦੇ  ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਲੋਕਾਂ ਨੂੰ ਛੁੱਟੀ 'ਤੇ ਜਾਣ ਦੀ ਆਗਿਆ ਹੈ। ਇਸ ਦੇ ਬਾਵਜੂਦ ਵੀ ਬ੍ਰਿਟਿਸ਼ ਲੋਕਾਂ ਲਈ ਵਿਦੇਸ਼ ਜਾਣਾ ਮੁਸ਼ਕਲ ਹੋਵੇਗਾ, ਕਿਉਂਕਿ ਸਿਰਫ ਕੁੱਝ ਮੁੱਢਲੇ ਮੁਲਕ ਹੀ ‘ਗ੍ਰੀਨ ਲਿਸਟ’ ਵਿੱਚ ਹਨ , ਜਦਕਿ ਜ਼ਿਆਦਾਤਰ ਦੇਸ਼, ਜਿਵੇਂ ਫ੍ਰਾਂਸ ਅਤੇ ਸਪੇਨ ਵਰਗੇ ਪ੍ਰਸਿੱਧ ਸਥਾਨ ਫਿਲਹਾਲ ਹਰੀ ਸੂਚੀ ਤੋਂ ਬਾਹਰ ਹਨ, ਜਿਸਦਾ ਅਰਥ ਹੈ ਕਿ ਯਾਤਰੀਆਂ ਨੂੰ 10 ਦਿਨਾਂ ਲਈ ਇਕਾਂਤਵਾਸ ਰੱਖਣਾ ਜਰੂਰੀ ਹੈ।

Vandana

This news is Content Editor Vandana