ਇਸ ਦੇਸ਼ 'ਚ 20 ਸਾਲਾਂ ਬਾਅਦ ਹੋਣਗੀਆਂ ਚੋਣਾਂ ! ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਜਾਰੀ ਕੀਤਾ ਫ਼ਰਮਾਨ
Friday, Jul 10, 2026 - 12:55 PM (IST)
ਯੇਰੂਸ਼ਲਮ (ਏਐਨਆਈ): ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਨਿਊਜ਼ ਏਜੰਸੀ 'ਵਫ਼ਾ' ਮੁਤਾਬਕ ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਗਏ ਫ਼ਰਮਾਨ ਅਨੁਸਾਰ ਇਹ ਚੋਣਾਂ ਸ਼ਨੀਵਾਰ ਨੂੰ 28 ਨਵੰਬਰ, 2026 ਨੂੰ ਹੋਣਗੀਆਂ।
ਜ਼ਿਕਰਯੋਗ ਹੈ ਕਿ ਫਲਸਤੀਨ ਵਿੱਚ ਪਿਛਲੀ ਵਾਰ ਸਾਲ 2006 ਵਿੱਚ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਹੁਣ ਲਗਭਗ 20 ਸਾਲਾਂ ਬਾਅਦ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸਮਾਚਾਰ ਏਜੰਸੀ ਮੁਤਾਬਕ ਰਾਸ਼ਟਰਪਤੀ ਅੱਬਾਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਚੋਣਾਂ ਯੇਰੂਸ਼ਲਮ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਸਮੇਤ ਸਾਰੇ ਫਲਸਤੀਨੀ ਇਲਾਕਿਆਂ ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਫਲਸਤੀਨੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਫਲਸਤੀਨੀ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਰਨ ਲਈ "ਸੁਤੰਤਰ ਅਤੇ ਸਿੱਧੀਆਂ ਵਿਧਾਨ ਸਭਾ ਚੋਣਾਂ" ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਦੇਸ਼ ਵਿੱਚ ਲੋਕਤੰਤਰ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਜੇਕਰ ਵੋਟਿੰਗ ਹੁੰਦੀ ਹੈ, ਤਾਂ ਇਹ 20 ਸਾਲਾਂ ਵਿੱਚ ਪਹਿਲੀ ਵਾਰ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੀ ਤਿੰਨ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਲਈ ਰਵਾਨਾ
ਸਾਲ 2006 ਵਿੱਚ ਹੋਈਆਂ ਆਖਰੀ ਵਿਧਾਨ ਸਭਾ ਚੋਣਾਂ ਵਿੱਚ ਹਮਾਸ ਨੇ ਰਾਸ਼ਟਰਪਤੀ ਅੱਬਾਸ ਦੀ 'ਫਤਹ' ਪਾਰਟੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।ਇਸ ਜਿੱਤ ਤੋਂ ਬਾਅਦ ਪੈਦਾ ਹੋਏ ਮੱਤਭੇਦਾਂ ਕਾਰਨ 2007 ਵਿੱਚ ਹਮਾਸ ਨੇ ਗਾਜ਼ਾ 'ਤੇ ਕਬਜ਼ਾ ਕਰ ਲਿਆ ਸੀ। ਇਸ ਸਿਆਸੀ ਫੁੱਟ ਕਾਰਨ ਫਲਸਤੀਨੀ ਵਿਧਾਨ ਸਭਾ (PLC) ਦੀ ਸਾਲ 2007 ਤੋਂ ਬਾਅਦ ਕੋਈ ਬੈਠਕ ਨਹੀਂ ਹੋਈ ਹੈ।
ਹਾਲਾਂਕਿ ਚੋਣਾਂ ਦਾ ਐਲਾਨ ਹੋ ਗਿਆ ਹੈ, ਪਰ ਇਸ ਦੇ ਰਾਹ ਵਿੱਚ ਕਈ ਵੱਡੀਆਂ ਰੁਕਾਵਟਾਂ ਹਨ। ਸਭ ਤੋਂ ਅਹਿਮ ਚੁਣੌਤੀ ਪੂਰਬੀ ਯੇਰੂਸ਼ਲਮ ਵਿੱਚ ਵੋਟਿੰਗ ਕਰਵਾਉਣਾ ਹੈ, ਜਿੱਥੇ ਇਜ਼ਰਾਈਲ ਨੇ ਅਜੇ ਤੱਕ ਕੋਈ ਗਾਰੰਟੀ ਨਹੀਂ ਦਿੱਤੀ। ਸਾਲ 2021 ਵਿੱਚ ਵੀ ਇਹੀ ਮੁੱਖ ਕਾਰਨ ਸੀ ਕਿ ਤੈਅ ਚੋਣਾਂ ਨੂੰ ਰੱਦ ਕਰਨਾ ਪਿਆ ਸੀ। ਇਸ ਤੋਂ ਇਲਾਵਾਗਾਜ਼ਾ ਵਿੱਚ ਜਾਰੀ ਜੰਗ ਕਾਰਨ 21 ਲੱਖ ਲੋਕ ਬੇਘਰ ਹਨ ਅਤੇ 90 ਫੀਸਦੀ ਤੋਂ ਵੱਧ ਬੁਨਿਆਦੀ ਢਾਂਚਾ ਤਬਾਹ ਹੋ ਚੁੱਕਾ ਹੈ, ਜਿਸ ਕਾਰਨ ਉੱਥੇ ਵੋਟਾਂ ਪਵਾਉਣਾ ਫਿਲਹਾਲ ਅਸੰਭਵ ਜਾਪ ਰਿਹਾ ਹੈ। ਮਹਿਮੂਦ ਅੱਬਾਸ ਸਾਲ 2005 ਵਿੱਚ ਸਿਰਫ਼ ਚਾਰ ਸਾਲਾਂ ਦੇ ਕਾਰਜਕਾਲ ਲਈ ਚੁਣੇ ਗਏ ਸਨ, ਪਰ ਉਹ ਪਿਛਲੇ ਦੋ ਦਹਾਕਿਆਂ ਤੋਂ ਫ਼ਰਮਾਨਾਂ ਰਾਹੀਂ ਸੱਤਾ ਚਲਾ ਰਹੇ ਹਨ। ਉਨ੍ਹਾਂ ਦੇ ਲੰਬੇ ਸ਼ਾਸਨ ਕਾਰਨ ਅਕਸਰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਵੀ ਲੱਗਦੇ ਰਹੇ ਹਨ। ਅੱਬਾਸ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਚੋਣਾਂ ਕਰਵਾਉਣ ਦੀ ਗੱਲ ਵੀ ਕਹੀ ਹੈ, ਪਰ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਕਿ ਉਹ ਖੁਦ ਦੁਬਾਰਾ ਚੋਣ ਲੜਨਗੇ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
