ਕੈਨੇਡਾ ਪੁੱਜੀ ਬੇਬੇ ਹੋਈ ਬੀਮਾਰ, ਹਸਪਤਾਲ ਵੱਲੋਂ ਬਣਾਏ ਬਿੱਲ ਨੂੰ ਦੇਖ ਪਰਿਵਾਰ ਦੇ ਉੱਡੇ ਹੋਸ਼
Friday, Apr 04, 2025 - 12:44 PM (IST)

ਬਰੈਂਪਟਨ: ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਹਾਲ ਹੀ ਵਿਚ ਉੱਥੇ ਰਹਿ ਰਿਹਾ ਭਾਰਤੀ ਮੂਲ ਦਾ ਪਰਿਵਾਰ ਵੱਡੀ ਆਰਥਿਕ ਸਮੱਸਿਆ ਵਿਚ ਘਿਰ ਗਿਆ ਜਦੋਂ ਸੁਪਰ ਵੀਜ਼ਾ ’ਤੇ ਬਰੈਂਪਟਨ ਪੁੱਜੀ 88 ਸਾਲ ਦੀ ਬਜ਼ੁਰਗ ਔਰਤ ਗੰਭੀਰ ਬਿਮਾਰ ਪੈ ਗਈ ਅਤੇ ਹਸਪਤਾਲ ਨੇ 96 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਬਿੱਲ ਬਣਾ ਦਿਤਾ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਬਰੈਂਪਟਨ ਨਾਲ ਸਬੰਧਤ ਜੋਸਫ਼ ਕ੍ਰਿਸਟੀ ਆਪਣੇ ਮਾਤਾ ਜੀ ਨੂੰ ਵੀਜ਼ਾ ਮਿਲਣ ’ਤੇ ਬਹੁਤ ਖੁਸ਼ ਹੋਇਆ ਪਰ ਕੈਨੇਡਾ ਪੁੱਜਦਿਆਂ ਹੀ ਉਹ ਖੰਘ, ਸਾਹ ਲੈਣ ਵਿਚ ਤਕਲੀਫ਼ ਅਤੇ ਬੁਖਾਰ ਵਰਗੀਆਂ ਅਲਾਮਤਾਂ ਨਾਲ ਘਿਰ ਗਈ। ਇਸੇ ਦੌਰਾਨ ਜੋਸਫ਼ ਦੇ ਮਾਤਾ ਜੀ ਆਪਣੀ ਬੇਟੀ ਨੂੰ ਮਿਲਣ ਹੈਮਿਲਟਨ ਚਲੇ ਗਏ ਜਿਥੇ ਤਬੀਅਤ ਹੋਰ ਵਿਗੜਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਬੀਮੇ ਦਾ ਦਾਅਵਾ ਹੋਇਆ ਰੱਦ
ਭਾਰਤੀ ਮੂਲ ਦੇ ਪਰਿਵਾਰ ਨੇ ਬੇਸਿਕ ਸੁਪਰ ਵੀਜ਼ਾ ਟ੍ਰੈਵਲ ਇੰਸ਼ੋਰੈਂਸ ਖਰੀਦਿਆ ਹੋਇਆ ਸੀ ਪਰ ਇਲਾਜ ਮਗਰੋਂ ਸਾਹਮਣੇ ਆਇਆ ਕਿ ਬੀਮਾ ਹੋਣ ਤੋਂ ਪਹਿਲਾਂ ਹੀ ਬਜ਼ੁਰਗ ਮਾਤਾ ਜੀ ਬਿਮਾਰ ਸਨ ਜਿਸ ਦੇ ਮੱਦੇਨਜ਼ਰ ਬੀਮੇ ਦਾ ਦਾਅਵਾ ਰੱਦ ਹੋ ਗਿਆ। ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਹਾਲਾਤ ਵਿਚ ਬੀਮੇ ਦਾ ਦਾਅਵਾ ਨਹੀਂ ਮਿਲ ਸਕਦਾ ਜਦੋਂ ਸਬੰਧਤ ਸ਼ਖਸ ਪਹਿਲਾਂ ਵੀ ਇਸ ਕਿਸਮ ਦੇ ਹਾਲਾਤ ਵਿਚੋਂ ਲੰਘ ਚੁੱਕਾ ਹੋਵੇ। ਬੀਮਾ ਕਰਨ ਵਾਲੀ ਕੰਪਨੀ ਮੈਨਿਊਲਾਈਫ਼ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿੱਤਾ ਕਿ ਹਸਪਤਾਲ ਦਾ ਬਿੱਲ ਪਰਿਵਾਰ ਨੂੰ ਆਪਣੀ ਜੇਬ ਵਿਚੋਂ ਦੇਣਾ ਹੋਵੇਗਾ ਜੋ 96,311 ਡਾਲਰ ਬਣਦਾ ਸੀ।
ਬੀਮਾ ਕਰਾਉਣ ਵੇਲੇ ਭਾਰਤੀ ਪਰਿਵਾਰ ਤੋਂ ਕਿਸੇ ਕਿਸਮ ਦੇ ਸਵਾਲ ਨਹੀਂ ਸਨ ਪੁੱਛੇ ਗਏ ਅਤੇ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਕੀ ਕੀਤਾ ਜਾਵੇ। ਇਕ ਟਰੈਵਲ ਇੰਸ਼ੋਰੈਂਸ ਕੰਪਨੀ ਪ੍ਰੈਜ਼ੀਡੈਂਟ ਮਾਰਟਿਨ ਫਾਇਰਸਟੋਨ ਦਾ ਕਹਿਣਾ ਸੀ ਕਿ ਸ਼ਰਤਾਂ ਪੜ੍ਹਨੀਆਂ ਬੇਹੱਦ ਲਾਜ਼ਮੀ ਹਨ ਅਤੇ ਜੇ ਇਨ੍ਹਾਂ ਵਿਚ ਲਿਖਿਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਕਿਸੇ ਸਿਹਤ ਸਮੱਸਿਆ ਨੂੰ ਕਵਰ ਨਹੀਂ ਕੀਤਾ ਜਾਵੇ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ ਪੁਲਸ ਨੇ ਭਾਰਤੀ ਗੁਜਰਾਤੀ ਕੇਤਨ ਪਟੇਲ ਨੂੰ ਕੀਤਾ ਗ੍ਰਿਫ਼ਤਾਰ
ਡਾਕਟਰੀ ਸਲਾਹ ਲੈਣੀ ਲਾਜ਼ਮੀ
ਇਸੇ ਦੌਰਾਨ ਸੀ.ਟੀ.ਵੀ. ਵੱਲੋਂ ਮੈਨਿਊਲਾਈਫ਼ ਨਾਲ ਸੰਪਰਕ ਕੀਤਾ ਗਿਆ ਤਾਂ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕਈ ਵਾਰ ਵਿਲੱਖਣ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਮੈਡੀਕਲ ਫਾਈਲ ਦੀ ਵਿਆਖਿਆ ਬੀਮਾ ਕੌਂਟਰੈਕਟ ਨਾਲ ਮੇਲ ਨਹੀਂ ਖਾਂਦੀ। ਇਸ ਮਾਮਲੇ ’ਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਮਗਰੋਂ ਪੂਰਾ ਮੈਡੀਕਲ ਬਿੱਲ ਅਦਾ ਕਰਨ ਦੀ ਹਾਮੀ ਭਰ ਦਿਤੀ ਗਈ। ਬੀਮਾ ਕੰਪਨੀ ਦੇ ਹਾਮੀ ਭਰਨ ਮਗਰੋਂ ਭਾਰਤੀ ਮੂਲ ਦੇ ਪਰਿਵਾਰ ਨੇ ਸੁਖ ਦਾ ਸਾਹ ਲਿਆ ਪਰ ਇਸ ਪ੍ਰਕਿਰਿਆ ਨੂੰ ਪੂਰਾ ਹੁੰਦਿਆਂ ਕਾਫ਼ੀ ਸਮਾਂ ਵੀ ਲੱਗਾ। ਮੈਨਿਊਲਾਈਫ਼ ਨੇ ਕਿਹਾ ਕਿ ਸਿਹਤ ਨਾਲ ਸਬੰਧਤ ਕੁਝ ਸਵਾਲਾਂ ਨੂੰ ਸਮਝਣਾ ਆਮ ਇਨਸਾਨ ਲਈ ਮੁਸ਼ਕਲ ਹੋ ਸਕਦਾ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਸਪੱਸ਼ਟੀਕਰਨ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।