ਅਲ ਸਾਲਵਾਡੋਰ ''ਚ ਚੱਕਰਵਾਤੀ ਤੂਫਾਨ ''ਅਮਾਂਡਾ'' ਨੇ ਮਚਾਈ ਤਬਾਹੀ, 11 ਲੋਕਾਂ ਦੀ ਮੌਤ

Monday, Jun 01, 2020 - 10:43 AM (IST)

ਸੈਨ ਜੋਸ (ਵਾਰਤਾ) : ਅਲ ਸਾਲਵਾਡੋਰ ਵਿਚ ਊਸ਼ਣਕਟੀਬੰਧੀ ਚੱਕਰਵਾਤੀ ਤੂਫਾਨ ਅਮਾਂਡਾ ਨੇ ਜ਼ਬਰਦਸਤ ਤਬਾਹੀ ਮਚਾਈ ਅਤੇ ਤੂਫਾਨ ਨਾਲ 11 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਗਰਿਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਮੀਂਹ, ਹੜ੍ਹ, ਜ਼ਮੀਨ ਖਿਸਕਣ ਅਤੇ ਨਦੀਆਂ ਵਿਚ ਉਛਾਲ ਵੇਖਿਆ ਗਿਆ। ਸੈਨ ਜੁਆਨ ਓਪਿਕੋ ਦੇ ਸ਼ਹਿਰ ਗ੍ਰੈਨਾਡਿਲਸ ਵਿਚ 3 ਮੌਤਾਂ ਹੋਈਆਂ ਅਤੇ 1 ਪਰਿਵਾਰ ਹੜ੍ਹ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਰਾਜਧਾਨੀ ਸੈਨ ਸਾਲਵਾਡੋਰ ਦੇ ਸੈਨ ਪੇਡਰੋ ਦੇ ਜ਼ਿਲੇ ਅਤੇ ਸੋਯਾਪੰਗਾ, ਲਾ ਪਾਜ ਅਤੇ ਨਿਊਵੋ ਇਜ਼ਰਾਇਲ ਵਿਚ ਵੀ ਲੋਕਾਂ ਦੀ ਮਰਨ ਦੀ ਸੂਚਨਾ ਮਿਲੀ ਹੈ। ਏਜੰਸੀ ਨੇ ਦੱਸਿਆ 1 ਵਿਅਕਤੀ ਅਜੇ ਵੀ ਲਾਪਤਾ ਹੈ। ਤੂਫਾਨ ਤੋਂ ਬਾਅਦ ਹੜ੍ਹ ਦੀ ਲਪੇਟ ਵਿਚ ਆਉਣ ਨਾਲ 200 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਮੱਧ ਅਮਰੀਕੀ ਦੇਸ਼ ਦੇ ਪੱਛਮੀ ਹਿੱਸੇ ਵਿਚ 100 ਦਰਖਤ ਉੱਖੜ ਗਏ ਹਨ।

PunjabKesari

ਅਧਿਕਾਰੀਆਂ ਮੁਤਾਬਕ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਉਨ੍ਹਾਂ ਲਈ 10 ਸਹਾਰਾ ਘਰ (ਸ਼ੈਲਟਰ ਹੋਮ) ਬਣਾਏ ਹਨ। ਰਾਸ਼ਟਰਪਤੀ ਨਾਇਬ ਬੁਕੇਲੇ ਨੇ ਰਾਸ਼ਟਰਵਿਆਪੀ ਰੈੱਡ ਅਲਟਰ ਦੀ ਘੋਸ਼ਣਾ ਕੀਤੀ ਹੈ ਅਤੇ ਤੂਫਾਨ ਦੇ ਮੱਦੇਨਜ਼ਰ ਇਸ ਤੋਂ ਉਬਰਣ ਲਈ 15 ਦਿਨਾਂ ਦੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਗ੍ਰਹਿ ਮੰਤਰੀ ਮਰਿਓ ਡੁਰਾਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੇਸ਼ ਪਹਿਲਾਂ ਕੋਰੋਨਾ ਵਾਇਰਸ ਕੋਵਿਡ-19 ਨਾਲ ਅਤੇ ਹੁਣ ਇਸ ਚੱਕਰਵਾਤੀ ਤੂਫਾਨ ਦੇ ਆਉਣ ਨਾਲ ਗੰਭੀਰ ਹਾਲਾਤਾਂ ਵਿਚੋਂ ਲੰਘ ਰਿਹਾ ਹੈ।

PunjabKesari

ਵਾਤਾਵਰਣ ਮੰਤਰਾਲਾ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਮੀਨ ਖਿਸਕਣ ਅਤੇ ਚੱਕਰਵਾਤੀ ਤੂਫਾਨ ਅਮਾਂਡਾ ਦੇ ਕਮਜ਼ੋਰ ਪੈਣ ਦੇ ਬਾਵਜੂਦ ਆਉਣ ਵਾਲੇ ਘੰਟਿਆਂ ਵਿਚ ਦੇਸ਼ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


cherry

Content Editor

Related News