ਮਿਸਰ ਤੇ ਇਥੋਪੀਆ ਵਿਚਾਲੇ ਸਿਖ਼ਰਾਂ ''ਤੇ ਪਹੁੰਚਿਆ ਤਣਾਅ ! ਚੀਨ ਲਈ ਖੜ੍ਹੀ ਹੋਈ ਵੱਡੀ ਮੁਸੀਬਤ

Saturday, Oct 10, 2026 - 02:26 PM (IST)

ਮਿਸਰ ਤੇ ਇਥੋਪੀਆ ਵਿਚਾਲੇ ਸਿਖ਼ਰਾਂ ''ਤੇ ਪਹੁੰਚਿਆ ਤਣਾਅ ! ਚੀਨ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਇੰਟਰਨੈਸ਼ਨਲ ਡੈਸਕ- ਨੀਲ ਨਦੀ 'ਤੇ ਬਣੇ 'ਗ੍ਰੈਂਡ ਇਥੋਪੀਅਨ ਰੇਨੇਸਾਂਸ ਡੈਮ' ਅਤੇ ਸੋਮਾਲੀਆ 'ਚ ਮਿਸਰ ਦੀ ਵਧਦੀ ਫੌਜੀ ਮੌਜੂਦਗੀ ਨੂੰ ਲੈ ਕੇ ਮਿਸਰ ਅਤੇ ਇਥੋਪੀਆ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖ਼ਰ 'ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਵਧਦਾ ਖੇਤਰੀ ਵਿਵਾਦ ਚੀਨ ਲਈ ਵੱਡੀ ਕੂਟਨੀਤਕ ਅਤੇ ਆਰਥਿਕ ਮੁਸੀਬਤ ਬਣ ਗਿਆ ਹੈ, ਕਿਉਂਕਿ ਦੋਵੇਂ ਹੀ ਦੇਸ਼ ਅਫਰੀਕਾ ਅਤੇ ਮਿਡਲ ਈਸਟ 'ਚ ਬੀਜਿੰਗ ਦੇ ਅਹਿਮ ਰਣਨੀਤਕ ਭਾਈਵਾਲ ਹਨ।

ਚੀਨ ਦੇ 'ਬੈਲਟ ਐਂਡ ਰੋਡ ਇਨੀਸ਼ੀਏਟਿਵ' ਤਹਿਤ ਮਿਸਰ ਅਤੇ ਇਥੋਪੀਆ ਦੋਵੇਂ ਹੀ ਅਹਿਮ ਹਨ। ਚੀਨ ਨੇ ਇਥੋਪੀਆ 'ਚ ਬੁਨਿਆਦੀ ਢਾਂਚੇ, ਡੈਮਾਂ ਅਤੇ ਉਦਯੋਗਿਕ ਜ਼ੋਨਾਂ 'ਚ ਕਰੋੜਾਂ ਡਾਲਰ ਲਗਾਏ ਹਨ, ਜਦਕਿ ਮਿਸਰ ਵਿੱਚ ਸੁਏਜ਼ ਨਹਿਰ ਆਰਥਿਕ ਜ਼ੋਨ ਅਤੇ ਨਵੀਂ ਪ੍ਰਸ਼ਾਸਨਿਕ ਰਾਜਧਾਨੀ ਵਿੱਚ ਭਾਰੀ ਨਿਵੇਸ਼ ਕੀਤਾ ਹੈ।

ਮਿਸਰ ਅਤੇ ਇਥੋਪੀਆ ਦੋਵੇਂ ਹਾਲ ਹੀ 'ਚ BRICS ਸੰਗਠਨ ਦੇ ਪੂਰਨ ਮੈਂਬਰ ਬਣੇ ਹਨ, ਜਿਸ ਦਾ ਵਿਸਥਾਰ ਕਰਨ 'ਚ ਚੀਨ ਨੇ ਮੁੱਖ ਭੂਮਿਕਾ ਨਿਭਾਈ ਸੀ। ਦੋਵਾਂ ਮੈਂਬਰ ਦੇਸ਼ਾਂ ਵਿਚਾਲੇ ਜੰਗ ਦੀ ਸਥਿਤੀ BRICS ਦੀ ਏਕਤਾ ਅਤੇ ਗਲੋਬਲ ਸਾਊਥ ਦੇ ਆਗੂ ਵਜੋਂ ਚੀਨ ਦੇ ਅਕਸ ਨੂੰ ਢਾਹ ਲਗਾ ਸਕਦੀ ਹੈ।

ਅਸਲ 'ਚ ਇਥੋਪੀਆ ਦੁਆਰਾ ਨੀਲ ਨਦੀ 'ਤੇ ਵਿਸ਼ਾਲ ਡੈਮ ਨੂੰ ਭਰਨ ਅਤੇ ਚਲਾਉਣ ਦੇ ਇੱਕਤਰਫਾ ਫੈਸਲੇ ਦਾ ਮਿਸਰ ਸਖ਼ਤ ਵਿਰੋਧ ਕਰ ਰਿਹਾ ਹੈ। ਮਿਸਰ ਦਾ ਮੰਨਣਾ ਹੈ ਕਿ ਇਸ ਨਾਲ ਉਸ ਦੇ ਪਾਣੀ ਦੀ ਸੁਰੱਖਿਆ ਖਤਰੇ 'ਚ ਪੈ ਜਾਵੇਗੀ। ਇਥੋਪੀਆ ਦੁਆਰਾ ਸੋਮਾਲੀਲੈਂਡ ਨਾਲ ਸਮੁੰਦਰੀ ਪਹੁੰਚ ਲਈ ਕੀਤੇ ਸਮਝੌਤੇ ਦੇ ਜਵਾਬ 'ਚ ਮਿਸਰ ਨੇ ਸੋਮਾਲੀਆ ਨਾਲ ਰੱਖਿਆ ਸਮਝੌਤਾ ਕੀਤਾ ਹੈ ਅਤੇ ਉੱਥੇ ਆਪਣੀ ਫੌਜ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ, ਜਿਸ ਨੂੰ ਇਥੋਪੀਆ ਆਪਣੀ ਘੇਰਾਬੰਦੀ ਵਜੋਂ ਦੇਖ ਰਿਹਾ ਹੈ।

ਹਾਲਾਂਕਿ ਚੀਨ ਨੇ ਇਤਿਹਾਸਕ ਤੌਰ 'ਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦੀ ਨੀਤੀ ਅਪਣਾਈ ਹੈ, ਪਰ ਇਸ ਵਿਵਾਦ ਵਿੱਚ ਚੀਨ ਲਈ ਕਿਸੇ ਇੱਕ ਦਾ ਪੱਖ ਲੈਣਾ ਅਸੰਭਵ ਹੈ। ਜੇਕਰ ਚੀਨ ਇਥੋਪੀਆ ਦਾ ਸਮਰਥਨ ਕਰਦਾ ਹੈ ਤਾਂ ਮਿਸਰ ਨਾਲ ਉਸ ਦੇ ਸੁਏਜ਼ ਨਹਿਰ ਨਾਲ ਜੁੜੇ ਰਣਨੀਤਕ ਹਿੱਤ ਖਤਰੇ 'ਚ ਪੈਂਦੇ ਹਨ; ਜੇਕਰ ਮਿਸਰ ਵੱਲ ਝੁਕਦਾ ਹੈ ਤਾਂ ਇਥੋਪੀਆ 'ਚ ਉਸ ਦਾ ਵਿਸ਼ਾਲ ਨਿਵੇਸ਼ ਡੁੱਬ ਸਕਦਾ ਹੈ। ਇਹੀ ਕਾਰਨ ਹੈ ਕਿ ਬੀਜਿੰਗ ਹੁਣ ਖਾਮੋਸ਼ ਰਹਿਣ ਦੀ ਬਜਾਏ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਵਾ ਕੇ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


author

Harpreet SIngh

Content Editor

Related News