ਕੈਨੇਡਾ ਦੀ ਮਹਿੰਗਾਈ ਨੇ ਝੰਬੇ ਪੰਜਾਬੀ, ਮਜਬੂਰੀ 'ਚ ਕਰ ਰਹੇ ਇਹ ਕੰਮ

Thursday, Oct 10, 2024 - 02:48 PM (IST)

ਕੈਨੇਡਾ ਦੀ ਮਹਿੰਗਾਈ ਨੇ ਝੰਬੇ ਪੰਜਾਬੀ, ਮਜਬੂਰੀ 'ਚ ਕਰ ਰਹੇ ਇਹ ਕੰਮ

ਟੋਰਾਂਟੋ: ਕੈਨੇਡਾ ਵਿਚ ਰੁਜ਼ਗਾਰ ਦੇ ਬਦਤਰ ਹਾਲਾਤ ਪੇਸ਼ ਕਰਦੀ ਇਕ ਹੋਰ ਅਣਸੁਖਾਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਇਕ ਚੌਥਾਈ ਕਾਮੇ ਆਪਣਾ ਗੁਜ਼ਾਰਾ ਚਲਾਉਣ ਲਈ ਗਿਗ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਹਨ। ਗਿਗ ਵਰਕਰਜ਼ ਵਿਚ ਪਾਰਸਲ ਡਿਲੀਵਰੀ ਅਤੇ ਰਾਈਡ ਸ਼ੇਅਰਿੰਗ ਡਰਾਈਵਰ ਵਰਗੇ ਕੰਮ ਸ਼ਾਮਲ ਹੁੰਦੇ ਹਨ ਅਤੇ ਪੰਜਾਬ ਤੋਂ ਨਵੇਂ ਪੁੱਜ ਰਹੇ ਨੌਜਵਾਨਾਂ ਵਿਚੋਂ ਜ਼ਿਆਦਾਤਰ ਇਨ੍ਹਾਂ ਕਿੱਤਿਆਂ ਨੂੰ ਅਪਨਾਉਣ ਲਈ ਮਜਬੂਰ ਹਨ। 

ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਸਰਵੇਖਣ ਮੁਤਾਬਕ 18 ਸਾਲ ਤੋਂ 34 ਸਾਲ ਉਮਰ ਦੇ 30 ਫ਼ੀਸਦੀ ਕਾਮੇ ਗਿਗ ਵਰਕਰ ਵਜੋਂ ਕੰਮ ਕਰਦੇ ਹਨ ਜਦਕਿ 35 ਸਾਲ ਤੋਂ 54 ਸਾਲ ਉਮਰ ਵਾਲਿਆਂ ਵਿਚ ਗਿਗ ਵਰਕਰਾਂ ਦੀ ਗਿਣਤੀ 23 ਫ਼ੀਸਦੀ ਦਰਜ ਕੀਤੀ ਗਈ। 55 ਸਾਲ ਤੋਂ ਵੱਧ ਉਮਰ ਵਰਗ ਵਿਚ ਸਿਰਫ 16 ਫ਼ੀਸਦੀ ਕਾਮੇ ਹੀ ਗਿਗ ਵਰਕਰ ਵਜੋਂ ਕੰਮ ਕਰਨਾ ਪਸੰਦ ਕਰਦੇ ਹਨ। ਦੂਜੇ ਪਾਸੇ ਇਸ ਖੇਤਰ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਸਾਊਥ ਏਸ਼ੀਅਨ ਜਾਂ ਅਫ਼ਰੀਕੀ ਮੂਲ ਦੇ ਹੁੰਦੇ ਹਨ ਜਦਕਿ ਗੋਰਿਆਂ ਦੀ ਗਿਣਤੀ ਸਿਰਫ 20 ਫ਼ੀਸਦੀ ਦਰਜ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ 

ਗਿਗ ਵਰਕਰ ਵਜੋਂ ਕੰਮ ਕਰ ਕੇ ਖਾ ਰਹੇ ਰੋਟੀ 

ਸਰਵੇਖਣ ਵਿਚ ਸ਼ਾਮਲ ਕਈ ਕਿਰਤੀਆਂ ਨੇ ਦੱਸਿਆ ਕਿ ਰਵਾਇਤੀ ਨੌਕਰੀ ਨਾਲ ਖਰਚਾ ਪੂਰਾ ਨਹੀਂ ਹੁੰਦਾ ਜਿਸ ਕਰ ਕੇ ਉਹ ਗਿਗ ਵਰਕਰ ਵਜੋਂ ਵਾਧੂ ਕੰਮ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਰਵਾਇਤੀ ਨੌਕਰੀਆਂ ਰਾਹੀਂ ਐਨੀ ਕਮਾਈ ਨਹੀਂ ਹੋ ਰਹੀ ਜਿੰਨੀ ਇਸ ਵੇਲੇ ਗੁਜ਼ਾਰਾ ਚਲਾਉਣ ਲਈ ਲਾਜ਼ਮੀ ਹੈ। ਵੈਨਕੂਵਰ ਦੀ ਫ੍ਰੀਲਾਂਸ ਗ੍ਰਾਫਿਕ ਡਿਜ਼ਾਈਨਰ ਚੈਰਿਲ ਲੋਹ ਨੇ ਦੱਸਿਆ ਕਿ ਉਹ ਆਪਣਾ ਖਰਚਾ ਚਲਾਉਣ ਲਈ ਰਵਾਇਤੀ ਨੌਕਰੀ ਕਰਨ ਦੀ ਬਜਾਏ ਪ੍ਰੌਜੈਕਟਾਂ ’ਤੇ ਆਧਾਰਤ ਕੰਮ ਕਰ ਰਹੀ ਹੈ ਜਿਸ ਨਾਲ ਕਮਾਈ ਵਿਚ ਵਾਧਾ ਹੁੰਦਾ ਹੈ। ਇਸ ਤਰੀਕੇ ਨਾਲ ਕੰਮ ਦਾ ਸਮਾਂ ਖੁਦ ਤੈਅ ਕਰਨ ਦਾ ਮੌਕਾ ਮਿਲਦਾ ਹੈ ਅਤੇ ਕੋਈ ਵਾਧੂ ਦਬਾਅ ਵੀ ਨਹੀਂ ਹੁੰਦਾ। ਬੱਝਵੀਂ ਤਨਖਾਹ ਦੀ ਬਜਾਏ ਫ਼੍ਰੀਲਾਂਸ ਵਜੋਂ ਕੰਮ ਕਰਨਾ ਉਸ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। 

PunjabKesari

ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦੀ ਪਰਿਭਾਸ਼ਾ ਮੁਤਾਬਕ ਗਿਗ ਵਰਕਰ ਉਹ ਕਿਰਤੀ ਹੁੰਦੇ ਹਨ ਜੋ ਇੰਪਲੌਇਰਜ਼ ਨਾਲ ਵਧੇਰੇ ਲਚੀਲੀ ਕਾਰਜ ਪ੍ਰਣਾਲੀ ਅਧੀਨ ਕੰਮ ਕਰਦੇ ਹਨ। ਇਹ ਥੋੜ੍ਹੇ ਸਮੇਂ ਦਾ ਇਕਰਾਰਨਾਮਾ ਜਾਂ ਸਮਝੌਤਾ ਵੀ ਹੋ ਸਕਦਾ ਹੈ। ਅਜਿਹਾ ਅਕਸਰ ਮੋਬਾਈਲ ਐਪਸ ਰਾਹੀਂ ਕੀਤਾ ਜਾਂਦਾ ਹੈ। ਸਰਵੇਖਣ ਦੌਰਾਨ 1500 ਤੋਂ ਵੱਧ ਕੈਨੇਡੀਅਨਜ਼ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਰਹੀ ਜੋ ਆਪਣੀ ਰਵਾਇਤੀ ਨੌਕਰੀ ਤੋਂ ਇਲਾਵਾ ਕੰਮ ਕਰਦੇ ਹਨ। ਇਹ ਕੰਮ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਬਣਾਉਣ ਜਾਂ ਸਮੇਂ ਦੀ ਸਹੀ ਵਰਤੋਂ ਕਰਨ ਨਾਲ ਸਬੰਧਤ ਹੋ ਸਕਦਾ ਹੈ। ਗਿਗ ਵਰਕਰਾਂ ਵਿਚੋਂ 30 ਫ਼ੀਸਦੀ ਸਲਾਹਕਾਰ ਜਾਂ ਫੋਟੋਗ੍ਰਾਫੀ ਵਰਗੀਆਂ ਸੇਵਾਵਾਂ ਦੇ ਰਹੇ ਹਨ ਜਦਕਿ 26 ਫ਼ੀਸਦੀ ਐਮੇਜ਼ੌਨ ਜਾਂ ਹੋਰ ਆਨਲਾਈਨ ਕੰਪਨੀਆਂ ਦੇ ਸਮਾਨ ਦੀ ਡਿਲੀਵਰੀ ਕਰਦੇ ਹਨ। ਇਸ ਤੋਂ ਇਲਾਵਾ 21 ਫ਼ੀਸਦੀ ਗ੍ਰਾਫਿਕ ਡਿਜ਼ਾਈਨਿੰਗ ਜਾਂ ਟਿਊਸ਼ਨ ਵਰਗੀਆਂ ਫ੍ਰੀਲਾਂਸ ਸੇਵਾਵਾਂ ਵਿਚ ਲੱਗੇ ਹੋਏ ਹਨ। ਇਕ ਤਿਹਾਈ ਗਿਗ ਵਰਕਰਾਂ ਨੇ ਦੱਸਿਆ ਕਿ ਆਪਣੀ ਰਵਾਇਤੀ ਨੌਕਰੀ ਤੋਂ ਸਾਲਾਨਾ ਇਕ ਲੱਖ ਡਾਲਰ ਦੀ ਕਮਾਈ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਵਾਧੂ ਕੰਮ ਕਰਨਾ ਪੈਂਦਾ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਲੇਬਰ ਮਾਰਕਿਟ ਰਿਸਰਚਰ ਸਿਲਵੀਆ ਫੂਲਰ ਦਾ ਇਸ ਬਾਰੇ ਕਹਿਣਾ ਸੀ ਕਿ ਲੋਕ ਵਧਦੇ ਖਰਚੇ ਨੂੰ ਮਹਿਸੂਸ ਕਰ ਰਹੇ ਹਨ ਅਤੇ ਵਾਧੂ ਕੰਮ ਕਰ ਕੇ ਇਹ ਖਰਚਾ ਘਟਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇੰਪਲੌਇਰ ਪੱਕੇ ਤੌਰ ’ਤੇ ਕਾਮੇ ਰੱਖਣਾ ਪਸੰਦ ਨਹੀਂ ਕਰਦੇ ਅਤੇ ਆਰਜ਼ੀ ਕਾਮਿਆਂ ਨੂੰ ਹੀ ਤਰਜੀਹ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News