2020 'ਚ ਟਰੰਪ ਤੋਂ ਲੈ ਕੇ ਟਰੂਡੋ ਦੀ ਪਤਨੀ ਤੱਕ ਕਈ ਦਿੱਗਜਾਂ ਨੇ ਕੋਰੋਨਾ ਨੂੰ ਦਿੱਤੀ ਮਾਤ

Monday, Dec 28, 2020 - 08:02 AM (IST)

2020 'ਚ ਟਰੰਪ ਤੋਂ ਲੈ ਕੇ ਟਰੂਡੋ ਦੀ ਪਤਨੀ ਤੱਕ ਕਈ ਦਿੱਗਜਾਂ ਨੇ ਕੋਰੋਨਾ ਨੂੰ ਦਿੱਤੀ ਮਾਤ

ਵਾਸ਼ਿੰਗਟਨ- ਸਾਲ 2020 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਹੁਣ ਤੱਕ ਦੁਨੀਆ ਇਸ ਦਾ ਸੰਤਾਪ ਹੰਢਾਅ ਰਹੀ ਹੈ। ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਲੋਕ ਇਸ ਨਾਇਲਾਜ ਬੀਮਾਰੀ ਕਾਰਨ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ। 

ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 8,07,28,170 ਹੋ ਚੁੱਕੀ ਹੈ। ਸਾਲ 2020 ਵਿਚ ਕੋਰੋਨਾ ਵਾਇਰਸ ਨੇ ਅਜਿਹਾ ਘਾਟਾ ਪਾਇਆ ਹੈ, ਜਿਸ ਨੂੰ ਉਮਰਾਂ ਤੱਕ ਭੁਲਾਇਆ ਨਹੀਂ ਜਾ ਸਕਦਾ। ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸ ਗਏ ਤੇ ਹਜ਼ਾਰਾਂ ਰੋਟੀ ਲਈ ਮੁਥਾਜ ਹੋ ਗਏ। ਕਈ ਜ਼ਿੰਦਗੀਆਂ ਸਿਸਕ-ਸਿਸਕ ਕੇ ਖਤਮ ਹੋ ਗਈਆਂ ਤੇ ਉਨ੍ਹਾਂ ਦੇ ਪਰਿਵਾਰ ਇਸ ਦੁੱਖ ਨੂੰ ਹੰਢਾਅ ਰਹੇ ਹਨ। ਇਸ ਵਿਚਕਾਰ ਅਸੀਂ ਉਨ੍ਹਾਂ ਲੋਕਾਂ ਦੇ ਕੁਝ ਖਾਸ ਕਿੱਸੇ ਸਾਂਝੇ ਕਰਨ ਜਾ ਰਹੇ ਹਾਂ ਜੋ ਮੌਤ ਨਾਲ ਲੜ ਕੇ ਜ਼ਿੰਦਗੀ ਦੀ ਜੰਗ ਜਿੱਤੇ ਹਨ। ਹੁਣ ਤਾਂ ਕੋਰੋਨਾ ਵਾਇਰਸ ਦਾ ਵੈਕਸੀਨ ਆ ਗਿਆ ਹੈ ਅਤੇ ਕਈ ਦੇਸ਼ਾਂ ਨੇ ਆਪਣੇ ਦੇਸ਼ਵਾਸੀਆਂ ਨੂੰ ਪਹਿਲ ਦੇ ਆਧਾਰ 'ਤੇ ਟੀਕਾ ਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਮੀਦ ਹੈ ਕਿ ਹੁਣ ਲੋਕਾਂ ਦੀ ਕੋਰੋਨਾ ਤੋਂ ਜਾਨ ਬਚ ਸਕੇਗੀ ਪਰ ਫਿਰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। 


ਵਿਸ਼ਵ ਦੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਕੋਰੋਨਾ ਨੂੰ ਮਾਤ- 

PunjabKesari
ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਨਾਲ ਸੰਕ੍ਰਮਿਤ ਹੋਏ ਸਨ ਤੇ ਇਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ। ਚੋਣ ਪ੍ਰਚਾਰ ਦੌਰਾਨ ਟਰੰਪ ਕੋਰੋਨਾ ਦੀ ਲਪੇਟ ਵਿਚ ਆਏ ਸਨ। ਵ੍ਹਾਈਟ ਹਾਊਸ ਦੇ ਕਈ ਹੋਰ ਮੈਂਬਰ ਵੀ ਕੋਰੋਨਾ ਦੇ ਸ਼ਿਕਾਰ ਹੋਏ ਸਨ। 
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਕੋਰੋਨਾ ਦੀ ਲਪੇਟ ਵਿਚ ਆ ਗਈ ਸੀ ਤੇ ਉਨ੍ਹਾਂ ਵੀ ਕੋਰੋਨਾ ਨੂੰ ਮਾਤ ਦਿੱਤੀ। 
ਯੂ. ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਵੀ ਕੋਰੋਨਾ ਦੇ ਸ਼ਿਕਾਰ ਹੋਏ ਤੇ ਹਸਪਤਾਲ ਵਿਚ ਇਲਾਜ ਮਗਰੋਂ ਸਿਹਤਯਾਬ ਹੋਏ। ਉਨ੍ਹਾਂ ਇਲਾਜ ਕਰਨ ਵਾਲੇ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੀ। 
ਹਾਲ ਹੀ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ ਤੇ ਹੁਣ ਉਹ ਸਿਹਤਯਾਬ ਹੋ ਗਏ ਹਨ। ਮੈਕਰੋਂ ਹਰ ਜਨਤਕ ਥਾਂ 'ਤੇ ਹਮੇਸ਼ਾ ਮਾਸਕ ਲਗਾ ਕੇ ਹੀ ਜਾਂਦੇ ਸਨ ਤੇ ਉਨ੍ਹਾਂ ਦੇ ਕੋਰੋਨਾ ਦੇ ਸ਼ਿਕਾਰ ਹੋਣ ਦੀ ਖ਼ਬਰ ਨਾਲ ਲੋਕ ਹੈਰਾਨ ਰਹਿ ਗਏ। 

ਇਹ ਵੀ ਪੜ੍ਹੋ- ਦੁਨੀਆ ਦਾ ਪਹਿਲਾ ਮਾਮਲਾ, ਗਰਭ 'ਚ ਪਲ ਰਹੇ ਬੱਚੇ ਅੰਦਰ ਪੁੱਜੀ ਇਹ ਚੀਜ਼, ਡਾਕਟਰ ਵੀ ਹੈਰਾਨ
ਇਨ੍ਹਾਂ ਦਿੱਗਜਾਂ ਤੋਂ ਇਲਾਵਾ ਕਈ ਲੱਖਾਂ ਆਮ ਨਾਗਰਿਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਇਨ੍ਹਾਂ ਵਿਚੋਂ ਕੁਝ ਲੋਕਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਫਿਰ ਵੀ ਖੁਸ਼ਕਿਸਮਤੀ ਨਾਲ ਉਹ ਸਿਹਤਯਾਬ ਹੋ ਕੇ ਸਾਧਾਰਣ ਜ਼ਿੰਦਗੀ ਜੀਅ ਰਹੇ ਹਨ। 

PunjabKesari

ਦੱਖਣੀ ਪੂਰਬੀ ਇੰਗਲੈਂਡ ਦੇ ਕੈਂਟ ਕਸਬੇ ਦੇ ਹੇਰਨੇ ਬੇਅ ਇਲਾਕੇ ਵਿਚ ਰਹਿਣ ਵਾਲੀ ਕੈਰੇਨੀ ਮੈਨਰਿੰਗ 6 ਮਹੀਨੇ ਦੀ ਗਰਭਵਤੀ ਸੀ ਅਤੇ ਇਸ ਦੌਰਾਨ ਉਸ ਨੂੰ ਖੰਘ ਹੋ ਗਈ ਤੇ ਹੌਲੀ-ਹੌਲੀ ਇਹ ਕਾਫੀ ਵੱਧ ਗਈ ਅਤੇ ਇਕ ਦਿਨ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਸਾਹ ਲੈਣਾ ਵੀ ਔਖਾ ਸੀ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਕੋਰੋਨਾ ਦੀ ਸ਼ਿਕਾਰ ਹੈ। ਕਿਸੇ ਨੂੰ ਇਜਾਜ਼ਤ ਨਹੀਂ ਸੀ ਕਿ ਕੋਈ ਉਸ ਨੂੰ ਮਿਲ ਸਕੇ। ਦੋ-ਤਿੰਨ ਦਿਨ ਤਾਂ ਉਹ ਬੈੱਡ ਤੋਂ ਉੱਠ ਨਾ ਸਕੀ। ਇੱਥੋਂ ਤੱਕ ਕਿ ਟਾਇਲਟ ਤੱਕ ਨਹੀਂ ਗਈ। ਚਾਦਰ ਬਦਲਣ ਸਮੇਂ ਉਹ ਇਕ ਪਾਸੇ ਨੂੰ ਹੋ ਜਾਂਦੀ ਪਰ ਉੱਠਦੀ ਨਾ। ਉਸ ਨੇ ਕਿਹਾ,"ਮੈਨੂੰ ਲੱਗਦਾ ਸੀ ਕਿ ਮੈਂ ਮਰਨ ਵਾਲੀ ਹਾਂ ਕਿਉਂਕਿ ਸਾਹ ਨਹੀਂ ਆਉਂਦਾ ਸੀ। ਮੈਂ ਬਹੁਤ ਮੁਸ਼ਕਲ ਨਾਲ ਇਕ-ਇਕ ਸਾਹ ਆਪਣੇ ਬੱਚੇ ਲਈ ਹੀ ਲਿਆ।" ਫਿਰ ਇਲਾਜ ਦੌਰਾਨ ਉਸ ਨੂੰ ਫਰਕ ਪੈਣ ਲੱਗਾ ਤਾਂ ਉਸ ਨੂੰ ਸਭ ਠੀਕ ਲੱਗਣ ਲੱਗਾ। ਉਸ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਸ ਨੂੰ ਤਾਜ਼ੀ ਹਵਾ ਵਿਚ ਸਾਹ ਲੈਣ ਦੀ ਬਹੁਤ ਖੁਸ਼ੀ ਹੋਈ।  ਪੂਰੀ ਦੁਨੀਆ ਵਿਚ ਇਸ ਵਾਇਰਸ ਦੇ ਕਾਰਨ ਡਰ ਦਾ ਮਾਹੌਲ ਹੈ, ਪਰ ਉਨ੍ਹਾਂ ਵਿਚ ਇਕੋ ਉਮੀਦ ਹੈ ਕਿ ਕਈ ਮਾਮਲਿਆਂ ਵਿਚ ਲੋਕ ਠੀਕ ਹੋ ਗਏ ਹਨ।

 PunjabKesari
ਜੈਸੀ ਕਲਾਰਕ ਨਾਂ ਦੀ ਇਕ ਜਨਾਨੀ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਜੇਕਰ ਉਸ ਨੂੰ ਕੋਰੋਨਾ ਹੋਇਆ ਤਾਂ ਉਸ ਲਈ ਸਭ ਤੋਂ ਵੱਧ ਖਤਰਾ ਹੋਵੇਗਾ ਕਿਉਂਕਿ ਉਸ ਨੂੰ ਕਿਡਨੀ ਦੀ ਵੀ ਖਤਰਨਾਕ ਬੀਮਾਰੀ ਸੀ, ਇਸ ਲਈ 5 ਸਾਲ ਪਹਿਲਾਂ ਉਹ ਕਿਡਨੀ ਕਢਵਾ ਚੁੱਕੀ ਸੀ। 26 ਸਾਲਾ ਜੈਸੀ ਨੂੰ ਜਦ ਕੋਰੋਨਾ ਲੱਛਣ ਦਿਖਾਈ ਦਿੱਤੇ ਤਾਂ ਉਹ ਉਸ ਦੀ ਹਾਲਤ ਹੋਰ ਵਿਗੜਨ ਲੱਗ ਗਈ। ਇੰਨੀ ਕਿ ਉਹ ਉੱਠ ਕੇ ਤੁਰ-ਫਿਰ ਵੀ ਨਹੀਂ ਸਕਦੀ ਸੀ। ਉਸ ਦੀ ਪਿੱਠ, ਹੱਡੀਆਂ ਤੇ ਸਾਰਾ ਸਰੀਰ ਬੁਰੀ ਤਰ੍ਹਾਂ ਦਰਦ ਕਰਦਾ ਸੀ। ਬ੍ਰਿਟੇਨ ਵਿਚ ਤਾਲਾਬੰਦੀ ਹੋ ਗਈ ਤੇ ਉਸ ਦਾ ਮੰਗੇਤਰ ਉਸ ਨੂੰ ਹਸਪਤਾਲ ਲੈ ਕੇ ਗਿਆ। ਹਸਪਤਾਲ ਵਿਚ ਉਸ ਨੂੰ ਇਕੱਲੀ ਹੀ ਰਹਿਣਾ ਪੈਣਾ ਸੀ ਤੇ ਇਹ ਸਮਾਂ ਉਸ ਲਈ ਬਹੁਤ ਦਰਦ ਭਰਿਆ ਸੀ। ਉਸ ਨੇ ਦੱਸਿਆ ਕਿ ਉੱਥੇ ਕਈ ਮਰੀਜ਼ ਸਨ ਪਰ ਹਰੇਕ ਵਿਚਕਾਰ ਇਕ ਕੰਧ ਸੀ। ਡਾਕਟਰਾਂ ਨੇ ਉਸ ਦਾ ਵਧੀਆ ਇਲਾਜ ਕੀਤਾ ਤੇ 5 ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਘਰ ਆ ਕੇ ਵੀ ਉਹ 18-18 ਘੰਟੇ ਸੌਂਦੀ ਸੀ। ਉਸ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਕੋਰੋਨਾ ਕੁਝ ਨਹੀਂ ਹੈ ਪਰ ਸੱਚ ਇਹ ਹੈ ਕਿ ਕੋਰੋਨਾ ਜਾਨਲੇਵਾ ਹੈ ਤੇ ਉਸ ਨੇ ਮੌਤ ਨੂੰ ਸਾਹਮਣਿਓਂ ਦੇਖਿਆ ਹੈ।

PunjabKesari

64 ਸਾਲਾ ਸਟੀਵਰਟ ਨੇ ਦੱਸਿਆ ਕਿ ਇਕ ਮੀਟਿੰਗ ਦੌਰਾਨ ਉਹ ਕੋਰੋਨਾ ਦੇ ਸ਼ਿਕਾਰ ਹੋਏ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਕੋਰੋਨਾ ਨੇ ਉਨ੍ਹਾਂ ਦੇ ਫੇਫੜਿਆਂ 'ਤੇ ਹਮਲਾ ਕੀਤਾ ਤੇ ਉਹ ਸਾਹ ਲੈਣ ਵਿਚ ਮੁਸ਼ਕਲ ਮਹਿਸੂਸ ਕਰਨ ਲੱਗੇ। ਟੈਸਟ ਮਗਰੋਂ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ। ਉਨ੍ਹਾਂ ਨੂੰ ਆਕਸੀਜਨ ਲਗਾਉਣੀ ਪਈ। ਉਨ੍ਹਾਂ ਦੱਸਿਆ ਕਿ ਉਹ ਕਈ ਦਿਨ ਇਕੱਲੇ ਹਨ੍ਹੇਰੇ ਵਾਲੇ ਕਮਰੇ ਵਿਚ ਰਹੇ, ਜਿੱਥੇ ਇਕ ਪਲ ਵੀ ਕਈ ਦਿਨਾਂ ਵਰਗਾ ਲੰਘਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਖਤਮ ਹੋ ਰਹੀ ਹੈ ਪਰ ਮੈਂ ਜਿਊਣਾ ਚਾਹੁੰਦਾ ਸੀ। ਇਸ ਲਈ ਆਪਣੇ ਆਪ ਨੂੰ ਕੋਰੋਨਾ ਨਾਲ ਲੜਾਈ ਲਈ ਤਿਆਰ ਕੀਤਾ। ਹਸਪਤਾਲ ਤੋਂ ਛੁੱਟੀ ਦੇ ਬਾਅਦ ਵੀ ਉਹ ਘਰ ਵਿਚ ਇਕਾਂਤਵਾਸ ਰਹੇ। ਉਨ੍ਹਾਂ ਦੱਸਿਆ ਕਿ ਹੁਣ ਉਹ ਵਧੇਰੇ ਪਾਣੀ ਪੀਂਦੇ ਹਨ ਤਾਂ ਕਿ ਗਲਾ ਤੇ ਫੇਫੜੇ ਸਾਫ਼ ਰਹਿਣ। 

PunjabKesari

ਬਹੁਤ ਸਾਰੇ ਬਜ਼ੁਰਗਾਂ ਤੇ ਬੇਹੱਦ ਗੰਭੀਰ ਮਰੀਜ਼ਾਂ ਨੇ ਆਪਣੇ ਆਤਮ ਵਿਸ਼ਵਾਸ ਨਾਲ ਕੋਰੋਨਾ ਨੂੰ ਹਰਾਇਆ ਹੈ। ਵਿਸ਼ਵ ਭਰ ਵਿਚ ਇਸ ਦੀਆਂ ਕਈ ਉਦਾਹਰਣਾਂ ਹਨ। ਸਪੇਨ ਦੀ ਰਹਿਣ ਵਾਲੀ 113 ਸਾਲਾ ਬੇਬੇ ਨੇ ਕੋਰੋਨਾ ਨੂੰ ਹਰਾ ਕੇ ਸਭ ਨੂੰ ਇਹ ਸੁਨੇਹਾ ਦਿੱਤਾ ਕਿ ਵਿਅਕਤੀ ਦਾ ਆਤਮ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ। ਮਾਰੀਆ ਬਰਾਇਨਜ਼ ਨਾਂ ਦੀ ਇਹ ਬੀਬੀ ਉਸ ਸਮੇਂ ਹਸਪਤਾਲ ਤੋਂ ਸੁਰੱਖਿਅਤ ਘਰ ਪਰਤੀ ਜਦ ਉਸ ਦੇ ਨਾਲ ਭਰਤੀ ਹੋਏ ਕਈ ਲੋਕਾਂ ਨੇ ਦਮ ਤੋੜ ਦਿੱਤਾ ਸੀ। ਉਸ ਨੂੰ ਕਈ ਹਫਤੇ ਹਸਪਤਾਲ ਵਿਚ ਰਹਿਣਾ ਪਿਆ।

PunjabKesari
ਭਾਰਤ ਵਿਚ ਵੀ ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਹਨ। ਚੇਨੱਈ ਦੇ ਰਹਿਣ ਵਾਲੇ 100 ਸਾਲਾ ਵਿਦਿਆਨਾਥਨ ਤੇ ਉਨ੍ਹਾਂ ਦੀ 92 ਸਾਲਾ ਪਤਨੀ ਜਾਨਗੀ ਨੇ ਅਕਤੂਬਰ ਮਹੀਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ। ਇਹ ਜੋੜਾ ਲਗਭਗ 2 ਮਹੀਨੇ ਕੋਰੋਨਾ ਨਾਲ ਜੂਝਦਾ ਰਿਹਾ। 
 

♦ਇਨ੍ਹਾਂ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਬਾਰੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News