2017 : ਆਪਣਿਆਂ ਨੇ ਦਿੱਤੇ ਇੰਨੇ ਦਰਦ ਜੋ ਕਹਿਣੇ ਤੇ ਸਹਿਣੇ ਹੋਏ ਮੁਸ਼ਕਲ
Sunday, Dec 31, 2017 - 04:11 PM (IST)

ਕੈਲਗਰੀ— ਕੁੱਝ ਹੀ ਘੰਟਿਆਂ ਬਾਅਦ ਸਾਲ ਬਦਲ ਜਾਵੇਗਾ ਪਰ ਸਾਲ 2017 ਨੇ ਜੋ ਦਰਦ ਦਿੱਤੇ ਹਨ, ਉਹ ਕਦੇ ਭੁੱਲੇ ਨਹੀਂ ਜਾ ਸਕਦੇ। ਇਹ ਦਰਦ ਆਪਣਿਆਂ ਵੱਲੋਂ ਹੀ ਆਪਣਿਆਂ ਨੂੰ ਦਿੱਤੇ ਗਏ ਹਨ ਭਾਵ ਇਹ ਮਾਮਲਾ ਘਰੇਲੂ ਹਿੰਸਾ ਦਾ ਹੈ।,'ਕੈਲਗਰੀ ਡੋਮੈਸਟਿਕ ਵਾਈਲੈਂਸ ਕੋਲੈਕਟਿਵ' ਨੇ ਇਸ ਸਾਲ 'ਤੇ ਝਾਤ ਮਾਰਦਿਆਂ ਇਕ ਰਿਪੋਰਟ ਦਾ ਜਾਰੀ ਕੀਤੀ ਹੈ। ਇਹ ਰਿਪੋਰਟ ਦਿਲ ਨੂੰ ਹਲੂਣ ਦੇਣ ਵਾਲੀ ਹੈ। ਰਿਪੋਰਟ ਮੁਤਾਬਕ ਸਾਲ 2017 'ਚ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ ਹੈ। ਜਨਵਰੀ 2017 ਤੋਂ ਸਤੰਬਰ 2017 ਤਕ 2016 ਦੀ ਤੁਲਨਾ 'ਚ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ 6 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2015 'ਚ ਇਹ ਘਰੇਲੂ ਹਿੰਸਾ ਦੀਆਂ ਘਟਨਾਵਾਂ ਨਾਲੋਂ 10 ਫੀਸਦੀ ਵਧੇਰੇ ਹਨ।
ਹਿੰਸਕ ਘਟਨਾਵਾਂ ਦੀਆਂ ਰਿਪੋਰਟਾਂ ਤਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਸਾਲ 2017 ਦੀ ਰਿਪੋਰਟ ਇਸ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ 5 ਸਾਲਾਂ ਦੇ ਰਿਕਾਰਡ ਮੁਤਾਬਕ ਇਸ ਸਾਲ 34 ਫੀਸਦੀ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਕੈਲਗਰੀ ਡੋਮੈਸਟਿਕ ਵਾਈਲੈਂਸ ਕੋਲੈਕਟਿਵ ਦੀ ਉਪ ਪ੍ਰਧਾਨ ਐਂਡਰੀਆ ਸਿਲਵਰਸਟੇਨ ਮੁਤਾਬਕ 2016 ਦੇ ਅਖੀਰ 'ਚ ਅਤੇ 2017 ਦੀ ਸ਼ੁਰੂਆਤ 'ਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਉਨ੍ਹਾਂ ਨੇ ਮੰਨਿਆ ਕਿ ਘਰੇਲੂ ਹਿੰਸਾ ਤੇ ਪੀੜਤਾਂ ਨੂੰ ਸ਼ਰਨ ਦੇਣ ਦੇ ਮਾਮਲਿਆਂ ਵਿਚ ਉਡੀਕ ਸੂਚੀ ਅਜੇ ਵੀ ਬਰਕਰਾਰ ਹੈ। ਹਾਲਾਂਕਿ ਅਲਬਰਟਾ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਜਨ ਰੀਮਰ ਨੇ ਕਿਹਾ ਕਿ ਇਹ ਕੁੱਝ ਚੰਗੀ ਖਬਰ ਹੈ ਕਿ 2016 ਦੀ ਤੁਲਨਾ ਵਿਚ 2017 ਦੌਰਾਨ 'ਸ਼ੈਲਟਰ ਆਊਟਰੀਚ ਸਰਵਿਸਿਜ਼' ਰਾਹੀਂ 45 ਫੀਸਦੀ ਵਧ ਔਰਤਾਂ ਦੀ ਸਹਾਇਤਾ ਕੀਤੀ ਗਈ ਹੈ ਪਰ ਫਿਰ ਵੀ ਘਰੇਲੂ ਹਿੰਸਾ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਜਦ ਘਰ 'ਚ ਹੀ ਪਰੇਸ਼ਾਨ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਬਾਹਰ ਨਿਕਲ ਕੇ ਇਸ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਪਰ ਮੁੱਦੇ ਦੀ ਗੱਲ ਇਹ ਹੈ ਕਿ ਇਹ ਔਰਤਾਂ ਘਰੋਂ ਬਾਹਰ ਨਿਕਲ ਕੇ ਫਿਰ ਕਿੱਥੇ ਜਾਣ? ਇਸ ਲਈ ਇਸ ਵਿਸ਼ੇ 'ਤੇ ਵਧੇਰੇ ਕੰਮ ਕਰਨ ਦੀ ਜ਼ਰੂਰਤ ਹੈ।