ਅਫ਼ਗਾਨਿਸਤਾਨ ਤੋਂ ਬੇਘਰ ਹੋਏ ਲੋਕਾਂ ਦਾ ਛਲਕਿਆ ਦਰਦ, ਬੋਲੇ- ਤਾਲਿਬਾਨ ਹਿੰਸਾ ’ਚ ਸਭ ਕੁਝ ਉੱਜੜ ਗਿਆ

Saturday, Aug 14, 2021 - 05:27 PM (IST)

ਕਾਬੁਲ— ਅਫ਼ਗਾਨਿਸਤਾਨ ਵਿਚ ਜਾਰੀ ਤਾਲਿਬਾਨ ਦੇ ਕਹਿਰ ਕਾਰਨ ਹਜ਼ਾਰਾਂ ਅਫ਼ਗਾਨੀ ਪਰਿਵਾਰ ਦੇਸ਼ ਤੋਂ ਪਲਾਇਨ ਨੂੰ ਮਜਬੂਰ ਹਨ। ਸਰਕਾਰ ਅਤੇ ਤਾਲਿਬਾਨ ਵਿਚਾਲੇ ਜਿਵੇਂ-ਜਿਵੇਂ ਸੰਘਰਸ਼ ਵੱਧਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਬੇਘਰ ਹੋਏ ਹਜ਼ਾਰਾਂ ਪਰਿਵਾਰਾਂ ਨੂੰ ਸ਼ਰਨ ਸਮੇਤ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਲਈ ਸਖ਼ਤ ਮੁਸ਼ੱਕਤ ਕਰਨੀ ਪੈ ਰਹੀ ਹੈ। ਰਾਜਧਾਨੀ ਕਾਬੁਲ ਵਿਚ ਇਕ ਘਰ ਦੇ ਅੰਦਰ 5-5 ਪਰਿਵਾਰ ਰਹਿਣ ਨੂੰ ਮਜਬੂਰ ਹਨ। ਇਹ ਲੋਕ ਉੱਤਰੀ ਸੂਬੇ ਵਿਚ ਸਥਿਤ ਕੁੰਦੂਜ ਸ਼ਹਿਰ ਤੋਂ ਬਚ ਕੇ ਦੌੜੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਮਨੁੱਖੀ ਮਦਦ ਦੀ ਤੁਰੰਤ ਜ਼ਰੂਰਤ ਹੈ। 

ਇਹ ਵੀ ਪੜ੍ਹੋ: ਤਾਲਿਬਾਨ ਨੇ ਕੰਧਾਰ 'ਤੇ ਕੀਤਾ ਕਬਜ਼ਾ, ਅੱਤਵਾਦੀ ਸਮੂਹ ਦੇਸ਼ ਦੇ ਦੋ ਤਿਹਾਈ ਤੋਂ ਵੱਧ ਖੇਤਰਾਂ 'ਤੇ ਹੋਇਆ ਕਾਬਿਜ਼

ਕੁੰਦੂਜ ਦੀ ਰਹਿਣ ਵਾਲੀ ਜੀਬਾ ਦੱਸਦੀ ਹੈ ਕਿ ਉਨ੍ਹਾਂ ਨੇ ਲੜਾਈ ਕਾਰਨ ਬੀਤੇ ਸਾਲਾਂ ਵਿਚ ਆਪਣੇ ਕਈ ਬੱਚਿਆਂ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਨਾਲ ਅਜਿਹੀ ਚੌਥੀ ਵਾਰ ਹੋ ਰਿਹਾ ਹੈ, ਜਦੋਂ ਉਨ੍ਹਾਂ ਨੂੰ ਸੰਘਰਸ਼ ਕਾਰਨ ਬੇਘਰ ਹੋਣਾ ਪਿਆ ਹੈ। ਜੀਬਾ ਦੱਸਦੀ ਹੈ ਕਿ ਅਸੀਂ ਕਦੇ ਖੁਸ਼ੀ ਦਾ ਇਕ ਦਿਨ ਵੀ ਨਹੀਂ ਵੇਖਿਆ ਹੈ। ਅਸੀਂ ਸਿਰਫ਼ ਝੜਪ ਅਤੇ ਹਿੰਸਾ ਹੀ ਵੇਖੀ ਹੈ। ਵਿਸਥਾਪਨ ਦਾ ਸ਼ਿਕਾਰ ਬਣੇ ਮੁਹੰਮਦ ਹਸਨ ਦਾ ਕਹਿਣਾ ਹੈ ਕਿ ਲੜਾਈ ਵਿਚ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਅਤੇ ਅਜਿਹਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ। ਮੁਹੰਮਦ ਹਸਨ ਨੇ ਕਿਹਾ ਕਿ ਅਸੀਂ ਦੋਵੇਂ ਪਾਸੇ ਫਸੇ ਹੋਏ ਹਾਂ। ਇਕ ਪਾਸੇ ਤਾਲਿਬਾਨ ਗੋਲੀਬਾਰੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਸੁਰੱਖਿਆ ਦਸਤੇ। ਮਹਿਫੂਜਾ ਨਾਮੀ ਇਕ ਹੋਰ ਨਾਗਰਿਕ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਕਦੋਂ ਈਦ ਹੁੰਦੀ ਹੈ ਅਤੇ ਕਦੋਂ ਇਕ ਆਮ ਦਿਨ ਹੁੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਤਾਲਿਬਾਨ ਹਿੰਸਾ ਕਾਰਨ ਹਾਲ ਦੀ ਮਹੀਨਿਆਂ ਵਿਚ 3 ਲੱਖ ਤੋਂ ਵਧੇਰੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪਿਆ ਹੈ। 

ਇਹ ਵੀ ਪੜ੍ਹੋ: ਕੰਧਾਰ 'ਚ ਤਾਲਿਬਾਨ ਨੇ ਰੇਡੀਓ ਸਟੇਸ਼ਨ 'ਤੇ ਕੀਤਾ ਕਬਜ਼ਾ

ਜ਼ਿਕਰਯੋਗ ਹੈ ਕਿ 20 ਸਾਲ ਬਾਅਦ ਅਮਰੀਕਾ ਅਤੇ ਨਾਟੋ ਫ਼ੌਜੀਆਂ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਹੋ ਰਹੀ ਹੈ, ਜਿਸ ਤੋਂ ਬਾਅਦ ਤਾਲਿਬਾਨ ਨੇ ਆਪਣੀ ਤਾਕਤ ਨੂੰ ਵਧਾਉਂਦੇ ਹੋਏ ਦੇਸ਼ ਦੇ ਕਰੀਬ 85 ਫ਼ੀਸਦੀ ਹਿੱਸੇ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਸਰਕਾਰ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣ ਲਈ ਉਸ ਦੀ ਨਜ਼ਰ ਹੁਣ ਰਾਜਧਾਨੀ ਕਾਬੁਲ ’ਤੇ ਵੀ ਟਿਕੀ ਹੋਈ ਹੈ। 


Tanu

Content Editor

Related News