ਬਠਿੰਡਾ ਏਅਰਪੋਰਟ 'ਤੇ ਅੰਤਰਰਾਸ਼ਟਰੀ ਹਵਾਈ ਸੇਵਾ ਸ਼ੁਰੂ ਕਰਣ ਦੀ ਮੰਗ ਨੇ ਫੜਿਆ ਜ਼ੋਰ

Wednesday, Jul 31, 2024 - 10:29 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਨਿੱਤ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਦਿੱਲੀ ਤੋਂ ਪੰਜਾਬ ਆਉਣ ਜਾਣ ਦੌਰਾਨ ਹੁੰਦੀ ਖੱਜਲ ਖੁਆਰੀ ਤੋ ਨਿਜਾਤ ਪਾਉਣ ਲਈ ਬਠਿੰਡਾ ਸ਼ਹਿਰ ਤੋਂ ਅੰਤਰਰਾਸ਼ਟਰੀ ਹਵਾਈ ਸੇਵਾ ਚਾਲੂ ਕਰਨ ਦੀ ਮੰਗ ਉੱਠ ਰਹੀ ਹੈ। ਬੀਤੇ ਦਿਨੀ ਦਿੱਲੀ ਤੋਂ ਪੰਜਾਬ ਆ ਰਹੇ ਇੱਕ ਬਜ਼ੁਰਗ ਜੋੜੇ ਨਾਲ ਹੋਈ ਲੁੱਟ ਖਸੁਟ ਦੀ ਘਟਨਾ ਨਾਲ ਪ੍ਰਵਾਸੀਆਂ ਦੀ ਸੁਰੱਖਿਆ ਬਾਰੇ ਮੁੜ ਸਵਾਲ ਖੜੇ ਹੋ ਗਏ ਹਨ। ਪੰਜਾਬ ਦੇ ਤਕਰੀਬਨ ਹਰ ਪਿੰਡ-ਸ਼ਹਿਰ 'ਚੋਂ ਇਸ ਸਮੇਂ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਬੈਠੇ ਹਨ ਤੇ ਜਦੋਂ ਉਹ ਪੰਜਾਬ ਵਾਪਸ ਜਾਂਦੇ ਹਨ ਤਾਂ ਜ਼ਿਆਦਾਤਰ ਲੋਕਾਂ ਨੂੰ ਵਾਇਆ ਦਿੱਲੀ ਹੋ ਕੇ ਜਾਣਾ ਪੈਂਦਾ ਹੈ। ਪਰ ਜੇਕਰ ਬਦਕਿਸਮਤੀ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸਦਾ ਅਸਰ ਸਾਰੇ ਪ੍ਰਵਾਸੀਆਂ 'ਤੇ ਪੈਂਦਾ ਹੈ।

ਮੈਲਬੌਰਨ ਵਸਨੀਕ ਗਿੰਨੀ ਸਾਗੂ, ਹਰਮੰਦਰ ਕੰਗ, ਸੁਲਤਾਨ ਢਿੱਲੋਂ, ਮਨਿੰਦਰ ਬਰਾੜ, ਵਿੱਕੀ ਸ਼ਰਮਾ ਤੇ ਹੋਰਨਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬਠਿੰਡਾ ਏਅਰਪੋਰਟ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ ਤਾਂ ਕਿ ਦਹਾਕਿਆਂ ਤੋਂ ਹੋ ਰਹੀ ਮਾਲਵੇ ਦੇ ਵਸਨੀਕਾਂ ਦੀ ਖੱਜਲਖੁਆਰੀ ਨੂੰ ਰੋਕ ਲਾਈ ਜਾ ਸਕੇ। ਇਸ ਸਮੇਂ ਅਲਾਇੰਸ ਏਅਰ ਦੀ ਲੋਕਲ ਫਲਾਈਟ ਦਿੱਲੀ-ਬਠਿੰਡਾ-ਦਿੱਲੀ ਹਫ਼਼ਤੇ ਦੇ ਚਾਰ ਦਿਨ (ਐਤਵਾਰ, ਸੋਮਵਾਰ, ਬੁੱਧਵਾਰ, ਸ਼ੁੱਕਰਵਾਰ) ਚੱਲ ਰਹੀ ਹੈ, ਜਿਹੜੀ ਸਿੱਧਾ ਦਿੱਲੀ ਦੇ ਟਰਮੀਨਲ ਤਿੰਨ 'ਤੇ ਉੱਤਰਦੀ ਹੈ। ਇਸੇ ਟਰਮੀਨਲ ਤੋਂ ਹੀ ਵਿਦੇਸ਼ਾਂ ਨੂੰ ਸਿੱਧੀ ਫਲਾਈਟ ਮਿਲ ਜਾਂਦੀ ਹੈ ਤੇ ਟਰਮੀਨਲ ਬਦਲਣ ਦੀ ਜ਼ਰੂਰਤ ਵੀ ਨਹੀਂ। ਇਸੇ ਤਰ੍ਹਾਂ ਬਠਿੰਡੇ ਤੋਂ ਦਿੱਲੀ ਦਾ ਸਫਰ ਤਕਰੀਬਨ ਇਕ ਘੰਟੇ ਵਿੱਚ ਮੁਕਾਇਆ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਸਰਹੱਦ ਰਾਹੀਂ ਘੁਸਪੈਠ ਜਾਰੀ, 55 ਹਜ਼ਾਰ ਤੋਂ ਵੱਧ ਅਮਰੀਕਾ 'ਚ ਹੋਏ ਦਾਖਲ

ਫਲਾਈ ਬਿਗ ਦੀ ਲੋਕਲ ਫਲਾਈਟ ਗਾਜਿਆਬਾਦ-ਬਠਿੰਡਾ-ਗਾਜਿਆਬਾਦ ਹਫ਼ਤੇ ਦੇ ਪੰਜ ਦਿਨ (ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ) ਚੱਲਦੀ ਹੈ ਜਿਹੜੀ ਕਿ ਗਾਜਿਆਬਾਦ ਦੇ ਹਿੰਡਨ ਏਅਰਪੋਰਟ 'ਤੇ ਉੱਤਰਦੀ ਹੈ| ਮਾਲਵੇ ਦੇ ਵਸਨੀਕਾਂ ਨੂੰ ਵੱਧ ਤੋਂ ਵੱਧ ਇਸ ਲੋਕਲ ਹਵਾਈ ਸਫਰ ਦਾ ਫ਼ਾਇਦਾ ਲੈਣਾ ਚਾਹੀਦਾ ਹੈ ਤਾਂ ਕਿ ਮੁੜ ਕੇ ਆਉਣ ਵਾਲੇ ਸਮੇਂ ਵਿੱਚ ਬਠਿੰਡੇ ਨੂੰ ਵੀ ਮਲੇਸ਼ੀਆ ਜਾਂ ਥਾਈਲੈਂਡ ਨਾਲ ਜੋੜਨ ਬਾਰੇ ਵੀ ਸਰਕਾਰ ਸੋਚ ਲਵੇ। ਇਸ ਨਾਲ ਸਮੇਂ ਤੇ ਪੈਸੇ ਦੋਹਾਂ ਦੀ ਬੱਚਤ ਹੋਵੇਗੀ ਤੇ ਪ੍ਰਦੇਸੀਆਂ ਨੂੰ ਇਸ ਨਾਲ ਬਹੁਤ ਲਾਭ ਹੋਏਗਾ। ਇਕ ਵਾਰ ਮਲੇਸ਼ੀਆ ਜਾਂ ਥਾਈਲੈਂਡ ਨਾਲ ਜੁੜ ਜਾਣ ਨਾਲ ਆਸਟ੍ਰੇਲੀਆ ਤੇ ਨਿਊਜੀਲੈਂਡ ਵਿਚ ਵੱਸਣ ਵਾਲੇ ਮਲਵਈ ਵੀ ਸਿੱਧਾ ਬਠਿੰਡੇ ਆ ਜਾ ਸਕਣਗੇ। ਜੇਕਰ ਦੁਬਈ, ਦੋਹਾ ਜਾਂ ਆਬੂਧਾਬੀ ਬਠਿੰਡਾ ਹਵਾਈ ਰਸਤੇ ਨਾਲ ਜੋੜ ਦਿੱਤੇ ਜਾਣ ਤਾਂ ਯੂਰੋਪ, ਕੈਨੇਡਾ ਤੇ ਅਮਰੀਕਾ ਦੇ ਰਾਹ ਸਿੱਧੇ ਖੁੱਲ ਜਾਣਗੇ।

ਪ੍ਰਵਾਸੀਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਮਸਲਾ ਕੇਂਦਰ ਸਰਕਾਰ ਨਾਲ ਵਿਚਾਰਿਆ ਜਾਵੇ। ਬਠਿੰਡਾ ਏਅਰਪੋਰਟ ਚੱਲਣ ਨਾਲ ਇੱਕ ਤਾਂ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਹੋਣਗੇ ਜਿਸ ਸਦਕਾ ਸਥਾਨਕ ਲੋਕਾਂ ਨੂੰ ਵਧੇਰੇ ਕੰਮ ਕਾਜ ਮਿਲੇਗਾ। ਇਹ ਉੱਦਮ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ ਅਤੇ ਪ੍ਰਵਾਸੀ ਪੰਜਾਬੀ ਵੀ ਬੇਖੌਫ ਹੋ ਕੇ ਆਪਣੇ ਪਿੰਡ, ਸ਼ਹਿਰ ਵਾਪਸ ਆ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News