ਕੋਵਿਡ-19 : ਈਰਾਨੀ ਇੰਜੀ. ਜਲਾਲ ਬਦਲੇ ਫ੍ਰਾਂਸੀਸੀ ਖੋਜਕਰਤਾ ਮਾਰਸ਼ਲ ਰਿਹਾਅ

Saturday, Mar 21, 2020 - 10:54 PM (IST)

ਕੋਵਿਡ-19 : ਈਰਾਨੀ ਇੰਜੀ. ਜਲਾਲ ਬਦਲੇ ਫ੍ਰਾਂਸੀਸੀ ਖੋਜਕਰਤਾ ਮਾਰਸ਼ਲ ਰਿਹਾਅ

ਪੈਰਿਸ (ਏਜੰਸੀ)- ਈਰਾਨ ਨੇ ਤਕਰੀਬਨ ਇਕ ਸਾਲ ਤੋਂ ਕੈਦ ਫਰਾਂਸ ਦੇ ਇਕ ਖੋਜਕਰਤਾ ਨੂੰ ਰਿਹਾਅ ਕਰ ਦਿੱਤਾ ਹੈ। ਇਹ ਜਾਣਕਾਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਦਿੱਤੀ ਹੈ। ਫਰਾਂਸ ਨੇ ਖੋਜਕਰਤਾ ਰੋਲੈਂਡ ਮਾਰਸ਼ਲ (64) ਦੀ ਸਹਿਯੋਗੀ ਫਰੀਬਾ ਅਡੇਲਖਾ ਨੂੰ ਵੀ ਛੇਤੀ ਰਿਹਾਅ ਕਰਨ ਦੀ ਈਰਾਨ ਨੂੰ ਅਪੀਲ ਕੀਤੀ ਹੈ। ਫਰਾਂਸਿਸੀ ਖੋਜਕਰਤਾ ਦੀ ਰਿਹਾਈ ਸ਼ੁੱਕਰਵਾਰ ਨੂੰ ਫਰਾਂਸ ਤੋਂ ਈਰਾਨੀ ਇੰਜੀਨੀਅਰ ਦੀ ਰਿਹਾਈ ਬਦਲੇ ਕੀਤੀ ਗਈ ਹੈ। ਫਰਾਂਸ ਪਿਛਲੇ ਕਈ ਮਹੀਨਿਆੰ ਵਿਚ ਮਾਰਸ਼ਲ ਅਤੇ ਉਨ੍ਹਾਂ ਦੀ ਸਹਿਯੋਗੀ ਫਰੀਬਾ (60) ਦੀ ਰਿਹਾਈ ਦੀ ਮੰਗ ਕਰ ਰਿਹਾ ਸੀ।

ਇਨ੍ਹਾਂ ਦੋਹਾਂ ਨੂੰ 2019 ਵਿਚ ਈਰਾਨ ਦੇ ਖਿਲਾਫ ਸਾਜ਼ਿਸ਼ ਘੜਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਖਿਲਾਫ ਚਾਲੂ ਮਾਰਚ ਮਹੀਨੇ ਵਿਚ ਅਦਾਲਤ ਵਿਚ ਸੁਣਵਾਈ ਵੀ ਸ਼ੁਰੂ ਹੋ ਗਈ ਸੀ। ਫਰੀਬਾ ਕੋਲ ਈਰਾਨ ਅਤੇ ਫਰਾਂਸ ਦੀ ਦੋਹਰੀ ਨਾਗਰਿਕਤਾ ਹੈ ਪਰ ਈਰਾਨ ਉਸ ਨੂੰ ਆਪਣੀ ਹੀ ਨਾਗਰਿਕ ਮੰਨਦਾ ਹੈ। ਫਰੀਬਾ ਸ਼ੀਆ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੀ ਮਾਹਰ ਹੈ। ਈਰਾਨ ਨੇ ਹਾਲ ਹੀ ਵਿਚ ਮਹੀਨਿਆਂ ਵਿਚ ਅਮਰੀਕਾ, ਆਸਟਰੇਲੀਆ ਅਤੇ ਜਰਮਨੀ ਦੇ ਨਾਲ ਵੀ ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ। ਮਾਰਸ਼ਲ ਸ਼ਨੀਵਾਰ ਨੂੰ ਦੇਰ ਤੱਕ ਫਰਾਂਸ ਪਹੁੰਚ ਜਾਣਗੇ।

ਕਾਨੂੰਨੀ ਮਾਮਲਿਆਂ ਦੀ ਈਰਾਨ ਦੀ ਨਿਊਜ਼ ਸੇਵਾ ਮਿਜਾਨ ਮੁਤਾਬਕ ਮਾਰਸ਼ਲ ਦੀ ਰਿਹਾਈ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਰਾਂਸਿਸੀ ਜੇਲ ਤੋਂ ਈਰਾਨੀ ਨਾਗਰਿਕ ਜਲਾਲ ਰੋਹੋੱਲਾਨੇਜਾਦ ਦੀ ਰਿਹਾਈ ਹੋ ਚੁੱਕੀ ਹੈ। ਇਕ ਸਾਲ ਤੋਂ ਫਰਾਂਸ ਦੀ ਜੇਲ ਵਿਚ ਬੰਦ ਇੰਜੀਨੀਅਰ ਜਲਾਲ 'ਤੇ ਈਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਨੂੰ ਤੋੜਣ ਦਾ ਦੋਸ਼ ਸੀ। ਫਰਾਂਸ ਦੀ ਅਦਾਲਤ ਨੇ ਬੀਤੀ 11 ਮਾਰਚ ਨੂੰ ਜਲਾਲ ਨੂੰ ਅਮਰੀਕੀ ਹਵਾਲਗੀ ਕਰਨ ਦਾ ਹੁਕਮ ਦਿੱਤਾ ਸੀ ਪਰ ਸਰਕਾਰ ਨੇ ਕੋਰਟ ਦੇ ਹੁਕਮ ਨੂੰ ਬਦਲਦੇ ਹੋਏ ਈਰਾਨੀ ਇੰਜੀਨੀਅਰ ਨੂੰ ਰਿਹਾਅ ਕਰ ਦਿੱਤਾ। ਈਰਾਨੀ ਨਿਊਜ਼ ਏਜੰਸੀ ਨੇ ਇਸ ਨੂੰ ਫਰਾਂਸ ਦੇ ਸਹਿਯੋਗੀ ਹੋਣ ਦਾ ਸਬੂਤ ਦੱਸਿਆ ਹੈ।


author

Sunny Mehra

Content Editor

Related News