ਦੁਨੀਆ ਦੇ ਇਨ੍ਹਾਂ ਦੇਸ਼ਾਂ ਦੇ ਇਤਿਹਾਸ ਵਿਚ ਨਹੀਂ ਹੈ ਆਜ਼ਾਦੀ ਦਿਹਾੜੇ ਦਾ ਜ਼ਿਕਰ

08/15/2020 11:03:27 AM

ਓਟਾਵਾ- 15 ਅਗਸਤ ਨੂੰ ਭਾਰਤੀ ਸੁਤੰਤਰਤਾ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਖਾਸ ਦਿਨਾਂ ਵਿਚੋਂ ਇਕ ਹੈ। ਹੋਵੇ ਵੀ ਕਿਉਂ ਨਾ, ਭਾਰਤ ਨੇ ਲੰਬੇ ਇੰਤਜ਼ਾਰ ਦੇ ਬਾਅਦ ਇਸ ਦਿਨ ਸਾਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਇਸ ਦਿਨ ਭਾਰਤ ਵਿਚ ਰਾਸ਼ਟਰੀ ਛੁੱਟੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਦੇ ਇਤਿਹਾਸ ਵਿਚ ਆਜ਼ਾਦੀ ਦਿਹਾੜਾ ਹੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਦੇਸ਼ ਕਦੇ ਗੁਲਾਮ ਹੀ ਨਹੀਂ ਸਨ ਜਾਂ ਕਦੇ ਫੌਜੀ ਸ਼ਾਸਨ ਤੋਂ ਮੁਕਤ ਹੀ ਨਹੀਂ ਹੋਏ, ਜਾਂ ਫਿਰ ਉਹ ਟੁੱਟ ਕੇ ਵੱਖ ਨਹੀਂ ਹੋਏ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਹੀ ਦੱਸਾਂਗੇ।


ਬ੍ਰਿਟੇਨ-
ਬ੍ਰਿਟੇਨ ਬਾਰੇ ਇਕ ਪੁਰਾਣਾ ਚੁਟਕਲਾ ਇਹ ਹੈ ਕਿ ਇਸ ਦਾ ਆਪਣਾ ਸੁਤੰਤਰਤਾ ਦਿਵਸ ਨਹੀਂ ਹੁੰਦਾ ਕਿਉਂਕਿ ਇਹ ਅਸਿੱਧੇ ਤੌਰ 'ਤੇ ਦੂਜੇ ਦੇਸ਼ਾਂ ਨੂੰ ਅਧੀਨ ਕਰਨ ਵਿਚ ਯੋਗਦਾਨ ਪਾਉਂਦਾ ਰਿਹਾ ਹੈ। ਬ੍ਰਿਟੇਨ ਵਿਚ ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ ਦਾ ਰਾਜ ਹੈ। ਇੱਥੇ ਮਹਾਰਾਣੀ ਐਲਿਜ਼ਾਬੈਥ -2 1952 ਤੋਂ ਗੱਦੀ ਤੇ ਬੈਠੀ ਹੈ ਅਤੇ ਸਭ ਤੋਂ ਲੰਬੇ ਸਮੇਂ ਤੋਂ ਰਾਜ ਕਰਨ ਵਾਲੀ ਦੁਨੀਆ ਦੀ ਰਾਜਮੁਖੀ ਹੈ। ਬ੍ਰਿਟੇਨ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਰਾਜ ਰਿਹਾ ਹੈ। ਇਕ ਸਮੇਂ ਇਹ ਧਰਤੀ ਉੱਤੇ ਇਕ ਚੌਥਾਈ ਜ਼ਮੀਨ ਦੇ ਮਾਲਕ ਸੀ।

ਫਰਾਂਸ
ਬਹੁਤ ਸਾਰੇ ਦੇਸ਼ ਫਰਾਂਸ ਤੋਂ ਅਲੱਗ ਅਤੇ ਸੁਤੰਤਰ ਹੋਣ ਤੋਂ ਬਾਅਦ ਆਪਣਾ ਸੁਤੰਤਰਤਾ ਦਿਵਸ ਮਨਾਉਂਦੇ ਹਨ ਪਰ ਇਸ ਦੇਸ਼ ਦਾ ਆਪਣਾ ਕੋਈ ਆਜ਼ਾਦੀ ਦਿਹਾੜਾ ਨਹੀਂ ਹੈ। 14 ਜੁਲਾਈ ਨੂੰ ਇਸ ਦੇ ਰਾਸ਼ਟਰੀ ਦਿਵਸ ਜਾਂ ਬੇਸਟੀਲ ਡੇਅ ਜਾਂ ਘੋਸ਼ਣਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 14 ਜੁਲਾਈ, 1789 ਨੂੰ 7000 ਫ੍ਰੈਂਚ ਇਨਕਲਾਬੀਆਂ ਵਲੋਂ ਫ੍ਰੈਂਚ ਰਾਜਸ਼ਾਹੀ ਦਾ ਤਖਤਾ ਪਲਟਿਆ ਗਿਆ। ਇਹ ਦਿਨ ਫ੍ਰੈਂਚ ਇਨਕਲਾਬ ਦੀ ਅਧਿਕਾਰਤ ਸ਼ੁਰੂਆਤ ਮੰਨਿਆ ਜਾਂਦਾ ਹੈ। ਫਰਾਂਸ ਕਿਸੇ ਸਮੇਂ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀ।

ਨੇਪਾਲ-
ਨੇਪਾਲ ਕਦੇ ਗੁਲਾਮ ਨਹੀਂ ਰਿਹਾ ਤੇ ਇਸੇ ਲਈ ਇਸ ਦਾ ਆਪਣਾ ਕੋਈ ਸੁਤੰਤਰਤਾ ਦਿਵਸ ਨਹੀਂ ਹੈ। ਇਹ 20 ਸਤੰਬਰ ਨੂੰ ਆਪਣਾ ਰਾਸ਼ਟਰੀ ਸੰਵਿਧਾਨ ਦਿਵਸ ਮਨਾਉਂਦਾ ਹੈ। 20 ਸਤੰਬਰ 2015 ਵਿਚ ਨੇਪਾਲ ਧਰਮ ਨਿਰਪੱਖ ਗਣਤੰਤਰ ਦੇਸ਼ ਵਜੋਂ ਘੋਸ਼ਿਤ ਹੋਇਆ। ਇੱਥੇ 2008 ਵਿਚ ਹਿੰਦੂ ਰਾਜਤੰਤਰ ਦਾ ਅੰਤ ਹੋਇਆ, ਜੋ ਕਿ ਵਿਸ਼ਵ ਵਿਚ ਆਖਰੀ ਹਿੰਦੂ ਰਾਜਸ਼ਾਹੀ ਵਿਵਸਥਾ ਸੀ। ਨੇਪਾਲ ਵਿਚ ਬੁੱਧ ਧਰਮ ਦਾ ਚੰਗਾ ਪ੍ਰਭਾਵ ਹੈ।

ਕੈਨੇਡਾ-
ਅਮਰੀਕਾ ਦਾ ਗੁਆਂਢੀ ਦੇਸ਼ ਕੈਨੇਡਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਮਨਾਉਂਦਾ। ਇਸ ਨੇ 1 ਜੁਲਾਈ, 1867 ਨੂੰ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਉਸੇ ਦਿਨ, ਸੰਵਿਧਾਨ ਕਾਨੂੰਨ ਪਾਸ ਕੀਤਾ ਗਿਆ ਅਤੇ ਇਕ ਸੰਧੀ ਦੇ ਤਹਿਤ ਤਿੰਨ ਕਲੋਨੀਆਂ ਨੂੰ ਜੋੜ ਕੇ ਕੈਨੇਡਾ ਵਿਚ ਸ਼ਾਮਲ ਕੀਤਾ ਗਿਆ। ਇਹ 1 ਜੁਲਾਈ ਨੂੰ ਕੈਨੇਡਾ ਦਿਵਸ ਮਨਾਉਂਦਾ ਹੈ। 1982 ਵਿਚ, ਕਨੈਡਾ ਨੇ ਆਪਣਾ ਸੰਵਿਧਾਨ ਅਪਣਾਇਆ ਅਤੇ ਇਕ ਸੁਤੰਤਰ ਰਾਸ਼ਟਰ ਬਣ ਗਿਆ। ਹਾਲਾਂਕਿ, ਇਹ ਅਜੇ ਵੀ ਬ੍ਰਿਟਿਸ਼ ਰਾਸ਼ਟਰਮੰਡਲ ਦਾ ਹਿੱਸਾ ਹੈ। ਬ੍ਰਿਟਿਸ਼ ਮਹਾਰਾਣੀ ਨੂੰ ਅਜੇ ਵੀ ਕੈਨੇਡਾ ਦੀ ਮਹਾਰਾਣੀ ਕਿਹਾ ਜਾਂਦਾ ਹੈ। ਕੈਨੇਡਾ ਆਪਣੀ ਸਿੱਖਿਆ, ਜੀਵਨ ਪੱਧਰ, ਮਨੁੱਖੀ ਅਧਿਕਾਰਾਂ, ਆਰਥਿਕ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਲਈ ਜਾਣਿਆ ਜਾਂਦਾ ਹੈ।

ਈਰਾਨ-
ਇਸਲਾਮਕ ਦੇਸ਼ ਈਰਾਨ ਦਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਹੈ। ਇੱਥੇ 1 ਅਪ੍ਰੈਲ ਨੂੰ ਇਸਲਾਮਿਕ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਾਰੀਕ ਦਾ ਫੈਸਲਾ ਸਥਾਨਕ ਸੂਰਜੀ ਕੈਲੰਡਰ ਦੇ ਅਨੁਸਾਰ ਕੀਤਾ ਜਾਂਦਾ ਹੈ ਅਤੇ ਅੱਗੇ-ਪਿੱਛੇ ਦਿਨ ਹੋ ਜਾਂਦਾ ਹੈ। 1979 ਵਿਚ ਇਸੇ ਦਿਨ, ਜਨਮਤ ਸੰਗ੍ਰਹਿ ਵਿਚ 98 ਫੀਸਦੀ ਲੋਕਾਂ ਦੀ ਸਹਿਮਤੀ ਤੋਂ ਬਾਅਦ, ਇਸਲਾਮਿਕ ਰਾਸ਼ਟਰ ਬਣਨ ਦਾ ਐਲਾਨ ਕੀਤਾ ਗਿਆ ਸੀ। 

ਜਾਪਾਨ
ਆਪਣੀ ਸਖਤ ਲਈ ਦੁਨੀਆ ਭਰ ਵਿਚ ਮਸ਼ਹੂਰ ਏਸ਼ੀਆਈ ਦੇਸ਼ ਜਾਪਾਨ ਦੇ ਕੋਲ ਸੁਤੰਤਰਤਾ ਦਿਹਾੜਾ ਨਹੀਂ ਹੈ। ਦੂਜੇ ਵਿਸ਼ਵ ਯੁੱਧ ਵਿਚ ਬਰਬਾਦ ਹੋਣ ਦੇ ਬਾਅਦ ਇਹ ਦੇਸ਼ ਕਿਵੇਂ ਉੱਭਰ ਕੇ ਉੱਠਿਆ ਤੇ ਇਸ ਨੇ ਕਿੰਨੀ ਤਰੱਕੀ ਕਰ ਲਈ, ਹਰ ਕੋਈ ਇਸ ਦੀ ਮਿਸਾਲ ਦਿੰਦਾ ਹੈ। 

ਰੂਸ 
ਆਕਾਰ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਦਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਹੈ। ਇਸ ਦੇਸ਼ ਵਿਚ 11 ਟਾਈਮ ਜ਼ੋਨ ਹਨ ਤੇ ਇਸ ਦੀਆਂ ਸਰਹੱਦਾਂ 16 ਦੇਸ਼ਾਂ ਨਾਲ ਲੱਗਦੀਆਂ ਹਨ। ਇਹ ਦੁਨੀਆ ਦਾ ਤੀਜਾ ਵੱਡਾ ਸਾਮਰਾਜ ਰਹਾ ਹੈ। ਇਹ ਦੇਸ਼ 1992 ਤੋਂ 12 ਜੂਨ ਨੂੰ ਆਪਣਾ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ, ਜਿਸ ਨੂੰ ਕਈ ਵਾਰ ਆਜ਼ਾਦੀ ਦਿਹਾੜਾ ਸਮਝ ਲਿਆ ਜਾਂਦਾ ਹੈ। 

ਚੀਨ 
ਭਾਰਤ ਦਾ ਗੁਆਂਢੀ ਦੇਸ਼ ਚੀਨ 1 ਅਕਤੂਬਰ 1949 ਨੂੰ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਗਠਨ ਦੀ ਯਾਦ ਵਿਚ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ। ਰੈੱਡ ਆਰਮੀ ਨੇਤਾ ਮਾਓਤਸੇ ਤੁੰਗ ਨੇ ਇਤਿਹਾਸਕ ਥਿਏਨਮਨ ਚੌਕ ਵਿਖੇ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਗਠਨ ਦੀ ਘੋਸ਼ਣਾ ਕੀਤੀ ਅਤੇ ਚੀਨ ਦਾ ਨਵਾਂ ਝੰਡਾ ਲਹਿਰਾਇਆ ਸੀ।

ਇਨ੍ਹਾਂ ਤੋਂ ਇਲਾਵਾ ਇਟਲੀ, ਭੂਟਾਨ, ਸਾਊਦੀ ਅਰਬ, ਮਿਸਰ, ਆਸਟਰੇਲੀਆ , ਨਿਊਜ਼ੀਲੈਂਡ, ਸਪੇਨ, ਥਾਈਲੈਂਡ, ਤੁਰਕੀ, ਇਥੋਪੀਆ, ਵੈਟੀਕਨ ਸਿਟੀ, ਮਾਰਸ਼ਲ ਆਈਲੈਂਡ, ਕੈਮਰੂਨ, ਸੈਨ ਮੈਰੀਨੋ ਆਦਿ ਵੀ ਆਜ਼ਾਦੀ ਦਿਹਾੜਾ ਨਹੀਂ ਮਨਾਉਂਦੇ। 


Lalita Mam

Content Editor

Related News