ਚੀਨ 'ਚ ਕੋਰੋਨਾ ਵਾਇਰਸ ਕਾਰਨ 490 ਲੋਕਾਂ ਦੀ ਮੌਤ, 3 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ

02/05/2020 9:02:11 AM

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 490 ਹੋ ਗਈ ਹੈ ਜਦਕਿ 24,324 ਲੋਕਾਂ 'ਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਚੀਨ ਦੀ ਸਰਕਾਰੀ ਸਿਹਤ ਕਮੇਟੀ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ 425 ਲੋਕਾਂ ਦੀ ਮੌਤ ਹੋਈ ਸੀ ਤੇ 20,438 ਮਾਮਲਿਆਂ ਦੀ ਪੁਸ਼ਟੀ ਹੋਈ ਸੀ।
ਚੀਨ ਦੀ ਸਰਕਾਰੀ ਸਿਹਤ ਕਮੇਟੀ ਮੁਤਾਬਕ 4 ਫਰਵਰੀ ਦੀ ਅੱਧੀ ਰਾਤ ਨੂੰ 31 ਸੂਬਿਆਂ ਤੋਂ ਜਾਣਕਾਰੀ ਮਿਲੀ ਜਿਸ ਮਗਰੋਂ ਪੀੜਤਾਂ ਦੀ ਗਿਣਤੀ ਦੀ ਪੁਸ਼ਟੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ 3,219 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਵਲੋਂ 892 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਚੀਨ ਦੇ ਵੂਹਾਨ 'ਚੋਂ ਪੈਦਾ ਹੋਏ ਇਸ ਵਾਇਰਸ ਨੇ 25 ਦੇਸ਼ਾਂ 'ਚ ਪੈਰ ਪਸਾਰ ਲਏ ਹਨ। ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਤੋਂ ਆਪਣੇ ਨਾਗਰਿਕਾਂ ਨੂੰ ਰੋਕ ਲਿਆ ਹੈ।


Related News