ਕੋਰੋਨਾ: ਬ੍ਰਿਟਿਸ਼ PM ਜਾਨਸਨ ਦੀ ਹਾਲਤ ਸਥਿਰ, ਇਲਾਜ ਦਾ ਹੋ ਰਿਹੈ ਅਸਰ
Thursday, Apr 09, 2020 - 12:01 AM (IST)
ਲੰਡਨ-ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਹਾਲਾਤ ਲਗਾਤਾਰ ਦੂਜੀ ਰਾਤ ਵੀ ਲੰਡਨ ਦੇ ਇਕ ਹਸਪਤਾਲ ਦੇ ਆਈ.ਸੀ.ਯੂ. 'ਚ ਬੀਤਣ ਤੋਂ ਬਾਅਦ ਸਥਿਰ ਹੈ। ਜਾਣਕਾਰੀ ਮੁਤਾਬਕ ਉਨ੍ਹਾਂ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ। ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ 'ਤੇ ਇਲਾਜ਼ ਦਾ ਅਸਰ ਹੋ ਰਿਹਾ ਹੈ।

ਬਿਆਨ 'ਚ ਦੱਸਿਆ ਗਿਆ ਹੈ ਕਿ ਉਹ ਕੰਮ ਨਹੀਂ ਕਰ ਰਹੇ ਹਨ ਪਰ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਨ। ਬੁਲਾਰੇ ਮੁਤਾਬਤ ਸੈਂਟ ਥਾਮਸ ਹਸਪਤਾਲ ਦੇ ਆਈ.ਸੀ.ਯੂ. 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਐਡਵਰਡ ਅਰਗਰ ਨੇ ਬੁੱਧਵਾਰ ਕਿਹਾ ਕਿ ਉਹ ਠੀਕ ਹਨ ਅਤੇ ਖੁਸ਼ ਹਨ।

ਜਾਨਸਨ ਦੀ ਕੰਮਕਾਜ 'ਚ ਮਦਦ ਕਰ ਰਹੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੂੰ ਯੋਧਾ ਕਿਹਾ। ਰਾਬ ਨੇ ਕਿਹਾ ਕਿ ਉਹ ਵਾਪਸ ਆਉਣਗੇ ਅਤੇ ਜਲਦ ਹੀ ਇਸ ਸੰਕਟ 'ਚ ਸਾਡੀ ਅਗਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਨਾ ਸਿਰਫ ਸਾਡੇ ਬੌਸ ਹਨ ਬਲਕਿ ਉਹ ਸਾਡੇ ਸਹਿਯੋਗੀ ਵੀ ਹਨ ਅਤੇ ਸਾਡੇ ਦੋਸਤ ਵੀ ਹਨ।

