ਆਸਟ੍ਰੇਲੀਆਈ ਫੈਡਰਲ ਚੋਣਾਂ 3 ਮਈ ਨੂੰ, ਅਲਬਨੀਜ਼ ਤੇ ਪੀਟਰ ਡੱਟਨ ਵਿਚਕਾਰ ਮੁਕਾਬਲਾ ਸਖ਼ਤ

Monday, Mar 31, 2025 - 12:17 PM (IST)

ਆਸਟ੍ਰੇਲੀਆਈ ਫੈਡਰਲ ਚੋਣਾਂ 3 ਮਈ ਨੂੰ, ਅਲਬਨੀਜ਼ ਤੇ ਪੀਟਰ ਡੱਟਨ ਵਿਚਕਾਰ ਮੁਕਾਬਲਾ ਸਖ਼ਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ‘ਚ 48ਵੀਆਂ ਫੈਡਰਲ ਚੋਣਾਂ 3 ਮਈ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੱਲੋਂ ਚੋਣਾਂ ਦੇ ਐਲਾਨ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਵਾਰ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀਆਂ 150 ਅਤੇ ਸੈਨੇਟ ਦੀਆਂ 76 ਸੀਟਾਂ 'ਤੇ ਚੋਣ ਲੜੀ ਜਾਵੇਗੀ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਲਈ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ 76 ਤੇ ਸੈਨੇਟ ਵਿੱਚ 40 ਸੀਟਾ 'ਤੇ ਜਿੱਤ ਪ੍ਰਾਪਤ ਕਰਨ ਦੀ ਜਰੂਰਤ ਹੋਵੇਗੀ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਲੇਬਰ ਸਰਕਾਰ ਲਈ ਦੂਜੇ ਕਾਰਜਕਾਲ ਲਈ ਦੁਬਾਰਾ ਚੋਣ ਲੜਨਗੇ। 2022 ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ 77 ਸੀਟਾਂ ਜਿੱਤੀਆਂ ਸਨ, ਜੋ ਬਹੁਮਤ ਲਈ ਕਾਫ਼ੀ ਸਨ। ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦੀ ਅਗਵਾਈ ਹੇਠ ਲਿਬਰਲ-ਨੈਸ਼ਨਲ ਗੱਠਜੋੜ ਸਰਕਾਰ ਵਿੱਚ ਵਾਪਸ ਆਉਣਾ ਚਾਹੁੰਦੇ ਹਨ। ਲੇਬਰ ਪਾਰਟੀ ‘ਫਿਊਚਰ ਮੇਡ ਇਨ ਆਸਟ੍ਰੇਲੀਆ’ ਯੋਜਨਾ ਤਹਿਤ ਹਾਊਸਿੰਗ, ਸਿਹਤ ਸੇਵਾਵਾਂ ਅਤੇ ਜੀਵਨ ਖਰਚੇ ਦੀ ਸਮੱਸਿਆ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ 8.5 ਬਿਲੀਅਨ ਡਾਲਰ ਦੀ ਬਲਕ-ਬਿਲਿੰਗ ਸਕੀਮ ਅਤੇ ਐਨਰਜੀ ਰਿਬੇਟ ਨੂੰ ਵਧਾਉਣ ਦਾ ਵਾਅਦਾ ਵੀ ਕੀਤਾ ਹੈ। ਉੱਧਰ 2022 ‘ਚ ਮਹਿਜ਼ 58 ਸੀਟਾਂ ’ਤੇ ਸਿਮਟਣ ਵਾਲੀ ਵਿਰੋਧੀ ਧਿਰ ਲਿਬਰਲ-ਨੈਸ਼ਨਲ ਕੋਐਲੀਸ਼ਨ ‘ਲੈੱਟਸ ਗੈੱਟ ਆਸਟ੍ਰੇਲੀਆ ਬੈਕ ਆਨ ਟਰੈਕ’ ਦੇ ਨਾਅਰੇ ਨਾਲ ਸੱਤਾ ਵਾਪਸੀ ਦੀ ਚਾਹ ‘ਚ ਹੈ। ਉਹ ਨਿਊਕਲੀਅਰ ਪਾਵਰ, ਹਾਊਸਿੰਗ (ਸੁਪਰਅਨਿਊਏਸ਼ਨ ਨਾਲ ਘਰ ਖਰੀਦਣ ਦੀ ਛੋਟ) ਅਤੇ ਇਮੀਗ੍ਰੇਸ਼ਨ ’ਤੇ ਬੋਲ ਰਹੇ ਹਨ। ਉਨ੍ਹਾੰ ਫਿਊਲ ਐਕਸਾਈਜ਼ ਨੂੰ ਅੱਧਾ ਕਰਨ (25 ਸੈਂਟ ਪ੍ਰਤੀ ਲੀਟਰ ਦੀ ਬੱਚਤ) ਅਤੇ ਮਾਨਸਿਕ ਸਿਹਤ ਸੈਸ਼ਨਾਂ ਨੂੰ 10 ਤੋਂ 20 ਤੱਕ ਵਧਾਉਣ ਦਾ ਐਲਾਨ ਵੀ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਮਿਆਂਮਾਰ 'ਚ ਭੂਚਾਲ ਦੇ 36 ਝਟਕੇ, ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਪਾਰ

ਸੂਬਾ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਬਾਹਰੀ ਸੀਟਾਂ ’ਤੇ ਵੀ ਉਨ੍ਹਾਂ ਦੀ ਨਜ਼ਰ ਰਹੇਗੀ। ਤੀਜੀ ਵੱਡੀ ਧਿਰ ਗਰੀਨ ਪਾਰਟੀ ਨੇ 2022 ਵਿੱਚ 4 ਸੀਟਾਂ ਜਿੱਤੀਆਂ ਸਨ ਅਤੇ ਹੁਣ ਬ੍ਰਿਸਬੇਨ (ਹਲਕਾ ਮਾਰਟਨ), ਗ੍ਰਿਫਿਥ ਅਤੇ ਰਾਇਨ ਸੀਟਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਹ ਜਲਵਾਯੂ ਤਬਦੀਲੀ, ਸਸਤੀ ਹਾਊਸਿੰਗ, ਸਮਾਜਿਕ ਨਿਆਂ, ਸਹਿਤ ਅਤੇ ਸਿੱਖਿਆ ਨੂੰ ਸਮੇਂ ਦੀ ਮੰਗ ਕਹਿ ਰਹੇ ਹਨ। ਲੰਘੇ ਸਮੇਂ ‘ਚ ਗਰੀਨ ਨੇ ਲੋਕਾਂ ਲਈ ਕਫਾਇਤੀ ਜਨਤਕ ਘਰਾਂ ਦੀ ਉਸਾਰੀ ਲਈ ਲੇਬਰ ‘ਤੇ ਦਬਾਅ ਬਣਾ ਕੇ ਦੋ ਬਿਲੀਅਨ ਡਾਲਰ ਜਾਰੀ ਕਰਵਾਏ ਸਨ। ਗ੍ਰੀਨ ਦਾ ਮੰਨਣਾ ਹੈ ਕਿ ਸੁਪਰਅਨਿਊਏਸ਼ਨ ਨਾਲ ਘਰ ਖਰੀਦਣ ਨਾਲ ਘਰਾਂ ਦੀਆਂ ਕੀਮਤਾਂ ਅਸਮਾਨੀ ਛੂਹਣਗੀਆਂ। ਗ੍ਰੀਨਜ਼ ਦੀ ਨਜ਼ਰ ਮੈਲਬਾਰਨ ‘ਚ ਵਿਲਸ ਅਤੇ ਮੈਕਨਾਮਾਰਾ ਸੀਟਾਂ ’ਤੇ ਵੀ ਹੈ, ਜਿੱਥੇ ਉਹ ਲੇਬਰ ਨੂੰ ਸਿੱਧੀ ਚੁਣੌਤੀ ਦੇ ਸਕਦੇ ਹਨ। 

ਗੌਰਤਲਬ ਹੈ ਕਿ 2022 ਵਿੱਚ 10 ਆਜ਼ਾਦ ਉਮੀਦਵਾਰ ਵੀ ਜਿੱਤੇ ਸਨ। ਇਸ ਵਾਰ ਵੀ ਉਹ ਕੋਐਲੀਸ਼ਨ ਦੀਆਂ ਸੀਟਾਂ ’ਤੇ ਨਿਸ਼ਾਨਾ ਲਗਾ ਰਹੇ ਹਨ। ਸਾਬਕਾ ਲੇਬਰ ਸੈਨੇਟਰ ਫਾਤਿਮਾ ਪੇਮੈਨ ਦੀ ‘ਆਸਟ੍ਰੇਲੀਆਜ਼ ਵੌਇਸ’ ਅਤੇ ਗੈਰਾਰਡ ਰੈਨਿਕ ਦੀ ‘ਪੀਪਲ ਫਸਟ ਪਾਰਟੀ’ ਵਰਗੀਆਂ ਨਵੀਆਂ ਪਾਰਟੀਆਂ ਵੀ ਮੈਦਾਨ ‘ਚ ਹਨ। ਸੈਂਟਰ ਅਲਾਇੰਸ ਅਤੇ ਕੈਟਰਜ਼ ਆਸਟ੍ਰੇਲੀਅਨ ਪਾਰਟੀ ਕੋਲ 1-1 ਸੀਟ ਹੈ। ਹੁਣ ਤੱਕ ਦੇ ਪੋਲਿੰਗ ਦੇ ਨਵੇਂ ਸਰਵੇਖਣਾਂ ਨੇ ਪੁਸ਼ਟੀ ਕੀਤੀ ਹੈ ਕਿ ਗੱਠਜੋੜ ਤੇ ਸੱਤਾਧਾਰੀ ਲੇਬਰ ਮੁਕਾਬਲਾ ਸਖ਼ਤ ਹੈ। ਲੇਬਰ ਸਿਰਫ਼ 2 ਸੀਟਾਂ ਗੁਆਉਣ ਨਾਲ ਬਹੁਮਤ ਖ਼ਤਮ ਹੋ ਸਕਦਾ ਹੈ, ਜਦਕਿ ਕੋਐਲੀਸ਼ਨ ਨੂੰ ਸਰਕਾਰ ਬਣਾਉਣ ਲਈ 19 ਸੀਟਾਂ ਦੀ ਲੋੜ ਹੈ। ਇਹ ਚੋਣ ਆਸਟ੍ਰੇਲੀਆ ਦੇ ਭਵਿੱਖ ਲਈ ਅਹਿਮ ਹੋਵੇਗੀ, ਜਿਸ ਵਿੱਚ ਜੀਵਨ ਖਰਚਾ, ਜਲਵਾਯੂ ਅਤੇ ਇਮੀਗ੍ਰੇਸ਼ਨ ਮੁੱਖ ਮੁੱਦੇ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News