ਕ੍ਰਿਸ ਹਿਪਕਿਨਜ਼ ਨੇ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
Wednesday, Jan 25, 2023 - 09:17 AM (IST)
ਵੈਲਿੰਗਟਨ (ਭਾਸ਼ਾ)- ਜੈਸਿੰਡਾ ਆਰਡਰਨ ਦੇ ਪਿਛਲੇ ਹਫ਼ਤੇ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਹਿਪਕਿਨਜ਼ (44) ਨੇ ਆਰਥਿਕਤਾ 'ਤੇ ਧਿਆਨ ਦੇਣ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਿਪਕਿਨਜ਼ 9 ਮਹੀਨਿਆਂ ਤੋਂ ਵੀ ਘੱਟ ਸਮੇਂ ਲਈ ਅਹੁਦਾ ਸੰਭਾਲਣਗੇ। ਅਕਤੂਬਰ ਵਿੱਚ ਦੇਸ਼ ਵਿੱਚ ਆਮ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਲੇਬਰ ਪਾਰਟੀ ਦੀ ਸਥਿਤੀ ਮੁੱਖ ਵਿਰੋਧੀ ‘ਨੈਸ਼ਨਲ ਪਾਰਟੀ’ ਨਾਲੋਂ ਬਿਹਤਰ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)
ਨਿਊਜ਼ੀਲੈਂਡ ਦੀ ਗਵਰਨਰ-ਜਨਰਲ ਸਿੰਡੀ ਕਿਰੋ ਨੇ ਆਰਡਰਨ ਦਾ ਅਸਤੀਫ਼ਾ ਸਵੀਕਾਰ ਕਰਨ ਤੋਂ ਬਾਅਦ ਹਿਪਕਿਨਜ਼ ਨੂੰ ਸਹੁੰ ਚੁੱਕਾਈ। ਹਿਪਕਿਨਜ਼ ਨੇ ਸਹੁੰ ਚੁੱਕ ਸਮਾਗਮ 'ਚ ਕਿਹਾ, ''ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।'' ਉਨ੍ਹਾਂ ਅੱਗੇ ਕਿਹਾ, ''ਮੈਂ ਆਉਣ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਉਤਸੁਕ ਅਤੇ ਉਤਸ਼ਾਹਿਤ ਹਾਂ।'' ਕਾਰਮੇਲ ਸੇਪੁਲੋਨੀ ਨੇ ਉਪ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਦੇਸ਼ ਵਿੱਚ ਪਹਿਲੀ ਵਾਰ ਪ੍ਰਸ਼ਾਂਤ ਟਾਪੂ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੇਪੁਲੋਨੀ ਨੇ ਹਿਪਕਿਨਜ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ 'ਤੇ ਭਰੋਸਾ ਕਰਨ ਲਈ ਉਨ੍ਹਾਂ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
"ਚਿੱਪੀ" ਵਜੋਂ ਜਾਣੇ ਜਾਂਦੇ ਹਿਪਕਿਨਜ਼, ਆਰਡਰਨ ਦੀ ਅਗਵਾਈ ਵਿਚ ਸਿੱਖਿਆ ਅਤੇ ਪੁਲਸ ਨਾਲ ਜੁੜੇ ਮਾਮਲਿਆਂ ਦੇ ਮੰਤਰੀ ਵਜੋਂ ਸੇਵਾਵਾਂ ਦੇ ਚੁੱਕੇ ਹਨ। ਹਿਪਕਿਨਜ਼ COVID-19 ਗਲੋਬਲ ਮਹਾਂਮਾਰੀ ਦੇ ਦੌਰਾਨ ਇਸ ਸੰਕਟ ਦੇ ਪ੍ਰਬੰਧਨ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਲੋਕਾਂ ਦੀ ਨਜ਼ਰ ਵਿੱਚ ਆਏ ਸਨ, ਪਰ ਇਹ ਆਰਡਰਨ ਸੀ ਜਿਸ ਨੇ ਸਰਕਾਰ ਵਿੱਚ ਸਭ ਤੋਂ ਵੱਧ ਧਿਆਨ ਖਿੱਚਿਆ। ਉਹ ਆਪਣੀ ਨਵੀਂ ਸ਼ੈਲੀ ਦੀ ਲੀਡਰਸ਼ਿਪ ਕਾਰਨ ਗਲੋਬਲ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਗਈ। ਕਰੀਬ ਸਾਢੇ ਪੰਜ ਸਾਲ ਤੱਕ ਉੱਚ ਅਹੁਦੇ 'ਤੇ ਰਹੀ ਆਰਡਰਨ ਨੇ ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਭੀਖ ਦਾ ਕਟੋਰਾ ਲੈ ਕੇ ਦੁਨੀਆ ਭਰ 'ਚ ਘੁੰਮ ਰਹੇ ਹਨ ਪ੍ਰਧਾਨ ਮੰਤਰੀ ਸ਼ਰੀਫ: ਇਮਰਾਨ ਖਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।