ਚੀਨ ਦੀ ਚਿਤਾਵਨੀ : ਟਰੰਪ ਦੀ ਅਪੀਲ ’ਤੇ ਅਮਲ ਹੋਇਆ ਤਾਂ ਉਠਾਵਾਂਗੇ ਜਵਾਬੀ ਕਦਮ
Tuesday, Sep 16, 2025 - 12:14 AM (IST)

ਬੀਜਿੰਗ (ਭਾਸ਼ਾ)–ਚੀਨ ਨੇ ਅਮਰੀਕਾ ਵੱਲੋਂ ਜੀ-7 ਅਤੇ ਨਾਟੋ ਦੇਸ਼ਾਂ ਨੂੰ ਆਪਣੇ ਅਤੇ ਰੂਸ ਤੋਂ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ ’ਤੇ ਟੈਰਿਫ ਲਾਉਣ ਦੀ ਅਪੀਲ ਨੂੰ ਇਕਪਾਸੜ ‘ਧੱਕੇਸ਼ਾਹੀ’ ਅਤੇ ‘ਆਰਥਿਕ ਦਬਾਅ’ ਦੀ ਕਾਰਵਾਈ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੀ ਇਸ ਅਪੀਲ ’ਤੇ ਅਮਲ ਹੋਇਆ ਤਾਂ ਉਹ ਜਵਾਬੀ ਕਦਮ ਉਠਾਵੇਗਾ।
ਚੀਨ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੇ ਵਫ਼ਦ ਸੋਮਵਾਰ ਨੂੰ ਸਪੇਨ ’ਚ ਆਰਥਿਕ ਅਤੇ ਵਪਾਰਕ ਮੁੱਦਿਆਂ ’ਤੇ ਦੂਜੀ ਵਾਰ ਮਿਲ ਰਹੇ ਹਨ। ਜੀ-7 ਦੁਨੀਆ ਦੀਆਂ 7 ਪ੍ਰਮੁੱਖ ਵਿਕਸਤ ਅਤੇ ਉਦਯੋਗਿਕ ਸ਼ਕਤੀਆਂ ਦਾ ਸਮੂਹ ਹੈ, ਜਿਸ ਵਿਚ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹਨ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਇਕ ਫੌਜੀ ਗੱਠਜੋੜ ਹੈ, ਜਿਸ ਵਿਚ ਪ੍ਰਮੁੱਖ ਪੱਛਮੀ ਦੇਸ਼ਾਂ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਇਕ ਸਮਝੌਤਾ ਕੀਤਾ ਹੈ ਅਤੇ ਇਸ ਵਿਚ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਸਮੇਤ 30 ਮੈਂਬਰ ਦੇਸ਼ ਹਨ।
ਇਕ ਪ੍ਰੈੱਸ ਕਾਨਫਰੰਸ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰੂਸ ਸਮੇਤ ਦੁਨੀਆ ਭਰ ਦੇ ਦੇਸ਼ਾਂ ਨਾਲ ਚੀਨ ਦਾ ਆਮ ਆਰਥਿਕ ਅਤੇ ਊਰਜਾ ਸਹਿਯੋਗ ਕਾਨੂੰਨ ਦੇ ਅਨੁਸਾਰ ਪੂਰੀ ਤਰ੍ਹਾਂ ਜਾਇਜ਼ ਹੈ ਅਤੇ ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਬੁਲਾਰੇ ਨੂੰ ਉਨ੍ਹਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਕਿ ਅਮਰੀਕਾ ਨੇ ਜੀ-7 ਅਤੇ ਨਾਟੋ ਦੇਸ਼ਾਂ ਨੂੰ ਚੀਨ ’ਤੇ ਵਾਧੂ ਟੈਰਿਫ ਲਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ।
ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਨ ਜਿਆਨ ਨੇ ਕਿਹਾ ਕਿ ਇਹ ਆਰਥਿਕ ਦਬਾਅ ਪਾਉਣ ਅਤੇ ਡਰਾਉਣ ਲਈ ਅਮਰੀਕਾ ਦਾ ਇਕਪਾਸੜ ਕਦਮ ਹੈ, ਜੋ ਅੰਤਰਰਾਸ਼ਟਰੀ ਵਪਾਰ ਨਿਯਮਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਵਿਸ਼ਵਵਿਆਪੀ ਉਦਯੋਗ ਅਤੇ ਸਪਲਾਈ ਚੇਨਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖਤਰੇ ’ਚ ਪਾਉਂਦਾ ਹੈ।