ਚੀਨ ''ਚ AI ਧਮਾਕਾ ! 480 ਅਰਬ ਡਾਲਰ ਡੁੱਬੇ; ਨਿਵੇਸ਼ਕਾਂ ''ਚ ਖ਼ੌਫ਼
Sunday, Nov 15, 2026 - 01:10 PM (IST)
ਇੰਟਰਨੈਸ਼ਨਲ ਡੈਸਕ: ਚੀਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸੈਮੀਕੰਡਕਟਰ ਦੇ ਖੇਤਰ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ, ਜਿੱਥੇ ਸਬੰਧਤ ਕੰਪਨੀਆਂ ਦੇ ਮਾਰਕੀਟ ਮੁੱਲ ਵਿੱਚੋਂ ਲਗਭਗ 480 ਅਰਬ ਡਾਲਰ ਦਾ ਨੁਕਸਾਨ ਹੋ ਗਿਆ ਹੈ। ਚੀਨੀ ਤਕਨਾਲੋਜੀ ਅਤੇ ਸੈਮੀਕੰਡਕਟਰ ਕੰਪਨੀਆਂ ਵਾਲੇ STAR50 ਇੰਡੈਕਸ ਵਿੱਚ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵੱਡੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਅੰਦਰ ਇਹ ਸਵਾਲ ਉੱਠ ਰਿਹਾ ਹੈ ਕਿ ਕੀ AI ਖੇਤਰ ਦਾ ਬੁਲਬੁਲਾ ਫਟ ਚੁੱਕਾ ਹੈ।
ਮੋਹਰੀ AI ਕੰਪਨੀਆਂ ਦੇ ਸ਼ੇਅਰ 50 ਫੀਸਦੀ ਤੱਕ ਡਿੱਗੇ
ਚੀਨ ਦੀਆਂ ਕਈ ਪ੍ਰਮੁੱਖ AI ਕੰਪਨੀਆਂ, ਜੋ ਇਸ ਖੇਤਰ ਦੇ ਉਭਾਰ ਦਾ ਪ੍ਰਤੀਕ ਸਨ, ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਰੋਬੋਟਿਕਸ ਕੰਪਨੀ 'ਯੂਨੀਟ੍ਰੀ' ਦੇ ਸ਼ੇਅਰਾਂ ਵਿੱਚ ਅਗਸਤ ਮਹੀਨੇ ਦੀ ਸ਼ੁਰੂਆਤੀ ਪੇਸ਼ਕਾਰੀ ਤੋਂ ਬਾਅਦ ਲਗਭਗ ਅੱਧੀ ਕੀਮਤ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੀਨੀ ਚਿਪਮੇਕਰ ਕੰਪਨੀਆਂ 'ਮੈਟਾਕਸ ਇੰਟੀਗ੍ਰੇਟਿਡ ਸਰਕਟਸ' ਅਤੇ 'ਮੂਰ ਥ੍ਰੈਡਸ ਟੈਕਨਾਲੋਜੀ' ਦੇ ਸ਼ੇਅਰਾਂ ਦੀਆਂ ਕੀਮਤਾਂ ਵੀ ਆਪਣੇ ਹਾਲੀਆ ਉੱਚ ਪੱਧਰ ਤੋਂ ਲਗਭਗ 50 ਫੀਸਦੀ ਤੱਕ ਡਿੱਗ ਗਈਆਂ ਹਨ। AI ਡਾਟਾ ਸੈਂਟਰਾਂ ਨੂੰ ਆਪਟੀਕਲ ਕੰਪੋਨੈਂਟਸ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਅਜਿਹੀ ਹੀ ਭਾਰੀ ਗਿਰਾਵਟ ਦੇਖੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅੱਜ ਰਾਤ ਤੱਕ ਚਾਲੂ ਹੋ ਜਾਵੇਗੀ ਹਵਾਈ ਆਵਾਜਾਈ ! ਅਮਰੀਕਾ 'ਚ ਫਸੇ ਯਾਤਰੀਆਂ ਨੂੰ ਮਿਲੇਗੀ ਰਾਹਤ
ਕੁੱਲ ਸ਼ੇਅਰ ਬਾਜ਼ਾਰ ਨੂੰ 2.4 ਟ੍ਰਿਲੀਅਨ ਡਾਲਰ ਦਾ ਝਟਕਾ
ਕੁਝ ਮਹੀਨੇ ਪਹਿਲਾਂ ਤੱਕ ਨਿਵੇਸ਼ਕ AI, ਰੋਬੋਟਿਕਸ, ਸੈਮੀਕੰਡਕਟਰਜ਼ ਅਤੇ ਡਾਟਾ ਸੈਂਟਰਾਂ ਨਾਲ ਜੁੜੀ ਹਰ ਚੀਜ਼ ਵਿੱਚ ਭਾਰੀ ਨਿਵੇਸ਼ ਕਰ ਰਹੇ ਸਨ। AI ਨਾਲ ਸਬੰਧਤ ਸ਼ੇਅਰਾਂ ਦਾ ਹਿੱਸਾ ਮੁੱਖ ਭੂਮੀ ਚੀਨ ਅਤੇ ਹਾਂਗਕਾਂਗ ਵਿੱਚ ਸੂਚੀਬੱਧ ਕੰਪਨੀਆਂ ਦੇ ਕੁੱਲ ਮਾਰਕੀਟ ਕੈਪੀਟਲਾਈਜ਼ੇਸ਼ਨ ਵਿੱਚ ਲਗਭਗ 42 ਫੀਸਦੀ ਅਤੇ ਟ੍ਰੇਡਿੰਗ ਟਰਨਓਵਰ ਵਿੱਚ 57 ਫੀਸਦੀ ਤੱਕ ਪਹੁੰਚ ਗਿਆ ਸੀ। ਪਰ ਇਸ ਵਿਕਵਾਲੀ ਦੇ ਚਲਦਿਆਂ ਮਈ ਮਹੀਨੇ ਤੋਂ ਬਾਅਦ ਚੀਨ ਦੇ ਪੂਰੇ ਸ਼ੇਅਰ ਬਾਜ਼ਾਰ ਦਾ ਲਗਭਗ 2.4 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ ਅਤੇ CSI300 ਬਲੂ-ਚਿੱਪ ਇੰਡੈਕਸ ਵੀ ਹੇਠਾਂ ਆ ਗਿਆ ਹੈ।
ਹੁਣ ਨਿਵੇਸ਼ਕ ਸਿਰਫ਼ "AI" ਦਾ ਟੈਗ ਲਗਾਉਣ ਨਾਲ ਉੱਚੀ ਵੈਲਿਊਏਸ਼ਨ ਦੇਣ ਲਈ ਤਿਆਰ ਨਹੀਂ ਹਨ, ਸਗੋਂ ਕੰਪਨੀਆਂ ਤੋਂ ਅਸਲ ਮੰਗ, ਕਮਾਈ ਅਤੇ ਮੁਨਾਫ਼ੇ ਦੇ ਸਬੂਤ ਮੰਗ ਰਹੇ ਹਨ। ਇੰਨੀ ਵੱਡੀ ਗਿਰਾਵਟ ਦੇ ਬਾਵਜੂਦ STAR50 ਇੰਡੈਕਸ ਅਜੇ ਵੀ ਆਪਣੀ ਪਿਛਲੀ ਕਮਾਈ ਨਾਲੋਂ ਲਗਭਗ 100 ਗੁਣਾ 'ਤੇ ਟ੍ਰੇਡ ਕਰ ਰਿਹਾ ਹੈ, ਜਦਕਿ ਅਮਰੀਕਾ ਦਾ ਨੈਸਡੇਕ 100 ਲਗਭਗ 30 ਗੁਣਾ 'ਤੇ ਹੈ। ਚੀਨੀ AI ਕੰਪਨੀਆਂ ਨੂੰ ਨਾ ਕੇਵਲ ਉੱਚੀ ਵੈਲਿਊਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਚਿਪਸ, AI ਪਲੇਟਫਾਰਮਾਂ ਅਤੇ ਰੋਬੋਟਾਂ ਵਿੱਚ ਆਪਸੀ ਮੁਕਾਬਲਾ ਵੀ ਬਹੁਤ ਵਧ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਦੁਆਰਾ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦੇ ਖ਼ਤਰੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਤਕਨਾਲੋਜੀ ਤੱਕ ਪਹੁੰਚ ਪ੍ਰਭਾਵਿਤ ਹੋਣ ਦੀ ਚਿੰਤਾ ਬਣੀ ਹੋਈ ਹੈ।
ਕੀ ਅਮਰੀਕਾ ਵਿੱਚ ਵੀ ਆਵੇਗਾ ਅਜਿਹਾ ਸੰਕਟ?
ਚੀਨ ਦੇ ਇਸ ਸੰਕਟ ਨੇ ਅਮਰੀਕੀ ਬਾਜ਼ਾਰਾਂ ਲਈ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਜਿੱਥੇ ਤਕਨਾਲੋਜੀ ਕੰਪਨੀਆਂ AI ਡਾਟਾ ਸੈਂਟਰਾਂ ਅਤੇ ਸੈਮੀਕੰਡਕਟਰਾਂ 'ਤੇ ਭਾਰੀ ਖ਼ਰਚ ਕਰ ਰਹੀਆਂ ਹਨ। ਹਾਲਾਂਕਿ ਇਸ ਦਾ ਮਤਲਬ AI ਕ੍ਰਾਂਤੀ ਦਾ ਖ਼ਾਤਮਾ ਨਹੀਂ ਹੈ, ਪਰ ਇਹ ਦਰਸਾਉਂਦਾ ਹੈ ਕਿ ਬਾਜ਼ਾਰ ਇੱਕ ਅਜਿਹੇ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜਿੱਥੇ ਸਿਰਫ਼ ਦਾਅਵਿਆਂ ਦੀ ਬਜਾਏ ਅਸਲ ਗਾਹਕਾਂ ਅਤੇ ਕਮਾਈ ਨਾਲ ਹੀ ਵੈਲਿਊਏਸ਼ਨ ਨੂੰ ਸਹੀ ਠਹਿਰਾਇਆ ਜਾ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
