ਧਮਕਾਉਣ ਨਾਲ ਸੁਸਤ ਹੋ ਜਾਂਦੈ ਬੱਚਿਆਂ ਦਾ ਦਿਮਾਗ
Tuesday, Jan 15, 2019 - 05:59 PM (IST)
ਵਾਸ਼ਿੰਗਟਨ/ਲੰਡਨ— ਘਰ ਜਾਂ ਸਕੂਲ 'ਚ ਬੱਚਿਆਂ ਨੂੰ ਗੱਲ-ਗੱਲ 'ਤੇ ਡਾਂਟਣਾ ਅਤੇ ਧਮਕਾਉਣਾ (ਬੁਲਿੰਗ) ਜਵਾਨੀ 'ਚ ਉਨ੍ਹਾਂ ਲਈ ਮੁਸੀਬਤ ਦਾ ਸਵੱਬ ਬਣ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦੀ ਸਿੱਖਣ ਅਤੇ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ। ਅਮਰੀਕਾ ਅਤੇ ਬ੍ਰਿਟੇਨ 'ਚ ਹੋਈ ਇਕ ਨਵੀਂ ਖੋਜ 'ਚ ਇਹ ਖੁਲਾਸਾ ਹੋਇਆ ਹੈ।
ਬਾਅਦ 'ਚ ਵਧ ਜਾਂਦੈ ਗੁੱਸਾ
ਖੋਜ ਮੁਤਾਬਕ ਧਮਕਾਉਣ ਨਾਲ ਬੱਚਿਆਂ ਦਾ ਦਿਮਾਗ ਛੋਟਾ ਰਹਿ ਜਾਂਦਾ ਹੈ। ਇਸ ਨਾਲ ਬੱਚਿਆਂ 'ਚ ਭਾਵੁਕਤਾ ਦੀ ਕਮੀ ਹੋ ਜਾਂਦੀ ਹੈ ਅਤੇ ਬਾਅਦ 'ਚ ਉਨ੍ਹਾਂ ਨੂੰ ਉਤਸ਼ਾਹਿਤ ਕਰਨ 'ਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੋਜਕਾਰਾਂ ਮੁਤਾਬਕ ਇਸ ਕਾਰਨ ਬਾਅਦ 'ਚ ਬੱਚਿਆਂ 'ਚ ਉਤੇਜਨਾ ਜਾਂ ਗੁੱਸਾ ਵਧ ਜਾਂਦਾ ਹੈ।
ਬੱਚਿਆਂ ਨੂੰ ਹਰ ਦਿਨ ਕਰਨਾ ਪੈਂਦੈ ਸਾਹਮਣਾ
ਬ੍ਰਿਟੇਨ 'ਚ ਹੋਈ ਇਕ ਖੋਜ ਮੁਤਾਬਕ ਇਥੇ ਪ੍ਰਾਇਮਰੀ ਸਕੂਲ ਦੇ 50 ਫੀਸਦੀ ਅਤੇ ਸੈਕੰਡਰੀ ਸਕੂਲ ਦੇ 10 'ਚੋਂ ਇਕ ਬੱਚਾ ਹਰ ਦਿਨ ਬੁਲਿੰਗ ਦਾ ਸ਼ਿਕਾਰ ਹੁੰਦਾ ਹੈ। ਕਿੰਗਸ ਕਾਲਜ ਲੰਡਨ ਦੇ ਮਨੋਵਿਗਿਆਨੀਆਂ ਨੇ 682 ਲੋਕਾਂ ਦਾ ਦਿਮਾਗ ਸਕੈਨ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ। ਖੋਜ ਦੀ ਅਗਵਾਈ ਕਰਨ ਵਾਲੇ ਡਾਕਟਰ ਏਰਿਨ ਬਰਕ ਕਵੀਨਲਨ ਨੇ ਬੱਚਿਆਂ ਦੀ ਮਾਨਸਿਕ ਸਿਹਤ ਦੀ ਜਾਂਚ ਕਰਨ ਲਈ 14 ਤੋਂ 19 ਸਾਲ ਦੇ ਬੱਚਿਆਂ ਤੋਂ ਪ੍ਰਸ਼ਨਾਵਲੀ ਰਾਹੀਂ ਸਵਾਲ ਕੀਤਾ। ਇਸ 'ਚ 30 ਫੀਸਦੀ ਬੱਚਿਆਂ 'ਚ ਧਮਕਾਉਣ ਦਾ ਕਾਫੀ ਅਸਰ ਸੀ। ਇਕ ਰਸਾਲੇ 'ਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਕ ਡਰਾਉਣ, ਧਮਕਾਉਣ ਕਾਰਨ 19 ਸਾਲ ਦੀ ਉਮਰ 'ਚ ਬੱਚੇ ਉਤੇਜਨਾ ਦੇ ਸ਼ਿਕਾਰ ਹੋ ਜਾਂਦੇ ਹਨ।
ਘਟਦੀ ਹੈ ਸਿੱਖਣ ਦੀ ਸਮਰੱਥਾ
ਧਮਕਉਣ ਕਾਰਨ ਬੱਚਿਆਂ ਦੇ ਦਿਮਾਗ ਦਾ ਜੋ ਹਿੱਸਾ ਪ੍ਰਭਾਵਿਤ ਹੁੰਦਾ ਹੈ, ਉਸ ਨੂੰ ਕੌਡੇਟ ਅਤੇ ਪੁਟਾਮੇਨ ਕਹਿੰਦੇ ਹਨ। ਕੌਡੇਟ ਸਿੱਖਣ ਦੀ ਸਮਰੱਥਾ ਨੂੰ ਵਿਕਸਿਤ ਕਰਦਾ ਹੈ ਅਤੇ ਯਾਦਾਸ਼ਤ ਨੂੰ ਇਕੱਠਾ ਕਰਕੇ ਭਵਿੱਖ 'ਚ ਉਸਦੀ ਵਰਤੋਂ ਕਰਨ ਦੀ ਸਮਰੱਥਾ ਦਿੰਦਾ ਹੈ। ਨਾਲ ਹੀ ਇਹ ਫੈਸਲਾ ਲੈਣ ਦੀ ਸਮਰੱਥਾ ਵੀ ਵਿਕਸਿਤ ਕਰਦਾ ਹੈ। ਉਥੇ ਹੀ ਪੁਟਾਮੇਨ ਬੇਹੱਦ ਕਰੀਬ ਤੋਂ ਕੌਡੇਟ ਨਾਲ ਜੁੜਿਆ ਹੁੰਦਾ ਹੈ ਅਤੇ ਇਹ ਸਿੱਖਣ ਦੀ ਸਮਰੱਥਾ ਦੇ ਨਾਲ ਸਰੀਰ 'ਚ ਹਲਚਲ ਨੂੰ ਪ੍ਰਭਾਵਿਤ ਕਰਦਾ ਹੈ। ਪੁਟਾਮੇਨ ਦੀ ਕਮੀ ਬੱਚਿਆਂ ਨੂੰ ਆਪਣੇ ਵਿਅਕਤੀਤਵ ਨੂੰ ਨਿਖਾਰਨ 'ਚ ਪ੍ਰੇਸ਼ਾਨੀ ਪੈਦਾ ਕਰਦੀ ਹੈ।
ਇਸ ਤੋਂ ਪਹਿਲਾਂ ਹੋਈ ਖੋਜ 'ਚ ਇਹ ਗੱਲ ਉਭਰ ਕੇ ਆਈ ਸੀ ਕਿ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਬੁਲਿੰਗ 'ਚ ਰਿਸ਼ਤਾ ਹੁੰਦਾ ਹੈ। ਪਰ ਤਾਜ਼ਾ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦਾ ਕਾਰਨ ਕੀ ਹੈ। ਕਵੀਨਲਨ ਦਾ ਕਹਿਣਾ ਹੈ ਕਿ ਬੁਲਿੰਗ ਦੇ ਸ਼ਿਕਾਰ ਬੱਚਿਆਂ 'ਚ ਉਤੇਜਨਾ ਦੋ ਤੋਂ ਤਿੰਨ ਗੁਣਾ ਤੱਕ ਵਧ ਜਾਂਦੀ ਹੈ। ਇਸ ਤੋਂ ਪਹਿਲਾਂ ਹੋਈ ਖੋਜ 'ਚ ਵੀ ਇਹ ਸਾਬਤ ਹੋ ਚੁੱਕਾ ਹੈ ਕਿ ਬੁਲਿੰਗ ਦੇ ਚਲਦੇ ਬੱਚੇ ਆਤਮ ਹੱਤਿਆ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ।
5 'ਚੋਂ 1 ਬੱਚਾ ਬੁਲਿੰਗ ਦਾ ਸ਼ਿਕਾਰ
ਖੋਜਕਾਰਾਂ ਮੁਤਾਬਕ ਪਹਿਲੀ ਵਾਰ ਇਹ ਸਾਹਮਣੇ ਆਇਆ ਕਿ ਬੁਲਿੰਗ ਅਤੇ ਉਤੇਜਨਾ 'ਚ ਕਿਸੇ ਤਰ੍ਹਾਂ ਦਾ ਬਾਇਓਲਾਜੀਕਲ ਰਿਸ਼ਤਾ ਵੀ ਹੈ। ਅਮਰੀਕਾ ਦੇ ਨੈਸ਼ਨਲ ਬੁਲਿੰਗ ਪ੍ਰੀਵੈਂਸ਼ਨ ਸੈਂਟਰ ਦੇ ਅੰਕਿੜਆਂ 'ਚ ਇਹ ਗੱਲ ਸਾਹਮਣੇ ਆਈ ਕਿ ਹਰ 5 'ਚੋਂ 1 ਬੱਚਾ ਬੁਲਿੰਗ ਦਾ ਸ਼ਿਕਾਰ ਹੈ। ਜਦੋਂ ਕਿ ਕਦੀ ਵੀ ਬੁਲਿੰਗ ਦਾ ਸਾਹਮਣਾ ਨਾ ਕਰਨ ਵਾਲੇ ਬੱਚਿਆਂ 'ਚ ਇਸ ਦਾ ਕੋਈ ਵੀ ਸੰਕੇਤ ਨਹੀਂ ਮਿਲਿਆ।