Nestlé ਬਾਰੇ ਹੈਰਾਨੀਜਨਕ ਖੁਲਾਸਾ ! ਕੰਪਨੀ ਖ਼ਿਲਾਫ਼ ਟੈਕਸਾਸ 'ਚ ਦਰਜ ਹੋਇਆ ਮੁਕੱਦਮਾ

Thursday, Oct 15, 2026 - 10:19 AM (IST)

Nestlé ਬਾਰੇ ਹੈਰਾਨੀਜਨਕ ਖੁਲਾਸਾ ! ਕੰਪਨੀ ਖ਼ਿਲਾਫ਼ ਟੈਕਸਾਸ 'ਚ ਦਰਜ ਹੋਇਆ ਮੁਕੱਦਮਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਬੱਚਿਆਂ ਦੇ ਖਾਣ ਵਾਲੇ ਉਤਪਾਦ ਬਣਾਉਣ ਵਾਲੀ ਦਿੱਗਜ ਕੰਪਨੀ 'ਗਰਬਰ' ਤੇ ਉਸ ਦੀ ਮੂਲ ਕੰਪਨੀ 'ਨੈਸਲੇ ਯੂ.ਐੱਸ.ਏ.' ਖ਼ਿਲਾਫ਼ ਅਦਾਲਤ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਸੂਬਾ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਨੇ ਬੱਚਿਆਂ ਦੇ ਉਤਪਾਦਾਂ 'ਚ ਆਰਸੈਨਿਕ, ਲੈੱਡ ਅਤੇ ਕੈਡਮੀਅਮ ਵਰਗੀਆਂ ਖ਼ਤਰਨਾਕ ਅਤੇ ਜ਼ਹਿਰੀਲੀਆਂ ਧਾਤਾਂ ਦੀ ਮੌਜੂਦਗੀ ਦੇ ਬਾਵਜੂਦ ਮਾਪਿਆਂ ਨੂੰ ਉਨ੍ਹਾਂ ਦੀ ਸ਼ੁੱਧਤਾ ਅਤੇ ਸੁਰੱਖਿਆ ਬਾਰੇ ਗੁੰਮਰਾਹ ਕੀਤਾ।

'ਟੈਕਸਾਸ ਡਿਸੈਪਟਿਵ ਟ੍ਰੇਡ ਪ੍ਰੈਕਟਿਸਜ਼ ਐਕਟ' ਤਹਿਤ ਦਰਜ ਇਸ ਕੇਸ 'ਚ ਕਿਹਾ ਗਿਆ ਹੈ ਕਿ ਗਰਬਰ ਨੇ ਆਪਣੇ ਉਤਪਾਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ, ਸਖ਼ਤੀ ਨਾਲ ਜਾਂਚੇ ਗਏ ਤੇ ਬਾਲ ਰੋਗ ਮਾਹਿਰਾਂ ਦੁਆਰਾ ਸੁਝਾਏ ਗਏ ਦੱਸ ਕੇ ਵੇਚਿਆ, ਜਦਕਿ ਕੰਪਨੀ ਦੀਆਂ ਆਪਣੀਆਂ ਅੰਦਰੂਨੀ ਜਾਂਚਾਂ 'ਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਕਾਫ਼ੀ ਜ਼ਿਆਦਾ ਪਾਈ ਗਈ ਸੀ।

ਇਹ ਵੀ ਪੜ੍ਹੋ- 'ਹੁਣ ਬੰਦ ਕਰ ਦਿਓ ਹਮਲੇ..!' ਅਮਰੀਕੀ ਨਾਗਰਿਕ ਦੀ ਜਾਨ ਜਾਣ ਮਗਰੋਂ US ਨੂੰ ਵੀ ਲੱਗਾ ਜੰਗ ਦਾ ਸੇਕ

ਸਾਲ 2017 ਤੋਂ 2019 ਦਰਮਿਆਨ, ਗਰਬਰ ਨੇ ਚੌਲਾਂ ਦੇ ਆਟੇ ਦੇ 67 ਅਜਿਹੇ ਬੈਚਾਂ ਦੀ ਵਰਤੋਂ ਕੀਤੀ ਜਿਨ੍ਹਾਂ 'ਚ ਆਰਸੈਨਿਕ ਦੀ ਮਾਤਰਾ ਪੀਣ ਵਾਲੇ ਪਾਣੀ ਦੀ ਹੱਦ ਨਾਲੋਂ 9 ਗੁਣਾ ਤੋਂ ਵੱਧ ਸੀ, ਜਦਕਿ ਗਾਜਰਾਂ ਵਾਲੇ ਉਤਪਾਦਾਂ 'ਚ ਕੈਡਮੀਅਮ ਦੀ ਮਾਤਰਾ ਹੱਦ ਤੋਂ 17 ਗੁਣਾ ਵੱਧ ਮਿਲੀ। ਇਸ ਤੋਂ ਇਲਾਵਾ ਸ਼ਕਰਕੰਦੀ ਦੇ ਸੈਂਪਲਾਂ 'ਚ ਵੀ ਲੈੱਡ ਦੀ ਮਾਤਰਾ 10 ਗੁਣਾ ਤੱਕ ਪਾਈ ਗਈ।

ਰਿਪੋਰਟ ਅਨੁਸਾਰ, ਸਾਲ 2021 'ਚ ਜਾਂਚ ਤੋਂ ਬਾਅਦ ਇੱਕ ਹੋਰ ਕੰਪਨੀ 'ਬੀਚ-ਨੱਟ' ਨੇ ਆਪਣੇ ਰਾਈਸ ਸੀਰੀਲ ਨੂੰ ਬਾਜ਼ਾਰ 'ਚੋਂ ਵਾਪਸ ਬੁਲਾ ਲਿਆ ਸੀ, ਪਰ ਗਰਬਰ ਨੇ ਅਜਿਹੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਅਤੇ ਖ਼ਤਰਨਾਕ ਉਤਪਾਦ ਵੇਚਣਾ ਜਾਰੀ ਰੱਖਿਆ।

ਟੈਕਸਾਸ ਅਟਾਰਨੀ ਜਨਰਲ ਦੇ ਦਫ਼ਤਰ ਨੇ ਚਿਤਾਵਨੀ ਦਿੱਤੀ ਹੈ ਕਿ ਆਰਸੈਨਿਕ, ਲੈੱਡ ਅਤੇ ਪਾਰਾ ਵਰਗੇ ਤੱਤ ਨਿਊਰੋਟੌਕਸਿਕ ਹੁੰਦੇ ਹਨ। ਇਹ ਛੋਟੇ ਅਤੇ ਨਵਜਾਤ ਬੱਚਿਆਂ ਦੇ ਵਿਕਸਤ ਹੋ ਰਹੇ ਦਿਮਾਗ ਅਤੇ ਨਰਵਸ ਸਿਸਟਮ ਲਈ ਬੇਹੱਦ ਘਾਤਕ ਸਾਬਿਤ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ 'ਚ ਰੁਕਾਵਟ ਆ ਸਕਦੀ ਹੈ। ਫਿਲਹਾਲ ਕੰਪਨੀ ਵਲੋਂ ਇਸ ਅਦਾਲਤੀ ਕਾਰਵਾਈ 'ਤੇ ਅਧਿਕਾਰਤ ਬਿਆਨ ਹਾਲੇ ਨਹੀਂ ਆਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News