ਭਾਰਤੀ ਨਾਗਰਿਕਾਂ ਨੂੰ ਮਿਲ ਰਿਹਾ ਯੂ.ਕੇ. ਦੇ ਵਿਜੀਟਰ ਤੇ ਸਟੱਡੀ ਵੀਜ਼ਾ : ਕੈਰੋਲਾਈਨ ਰੋਵੇਟ
Thursday, Jul 24, 2025 - 09:56 AM (IST)

ਚੰਡੀਗੜ੍ਹ- ਯੂ.ਕੇ. ਦੀ ਚੰਡੀਗੜ੍ਹ ਵਿਚ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੇਟ ਆਪਣਾ ਕਾਰਜਕਾਲ ਪੂਰਾ ਕਰ ਕੇ ਜਲਦੀ ਹੀ ਸਵਦੇਸ਼ ਪਰਤ ਰਹੇ ਹਨ। ਕਰੀਬ ਸਾਢੇ 4 ਸਾਲ ਉਨ੍ਹਾਂ ਨੇ ਉੱਤਰੀ ਭਾਰਤ ਖ਼ਾਸ ਕਰ ਕੇ ਚੰਡੀਗੜ੍ਹ ਵਿਚ ਕੰਮ ਕੀਤਾ ਹੈ। ਵੱਡੇ ਪੈਮਾਨੇ ’ਤੇ ਉਹ ਇਸ ਖੇਤਰ ਤੋਂ ਯੂ. ਕੇ. ਵਿਚ ਨਿਵੇਸ਼ ਨੂੰ ਵੀ ਉਤਸ਼ਾਹਿਤ ਕਰ ਚੁੱਕੇ ਹਨ। ਉਹ ਕੰਮ ਦੇ ਸਿਲਸਿਲੇ ਵਿਚ ਫਰਾਂਸ, ਸਵਿਟਜ਼ਰਲੈਂਡ, ਇੰਡੋਨੇਸ਼ੀਆ, ਕੋਲੰਬੀਆ ਅਤੇ ਚੀਨ ਆਦਿ ਦਰਜਨ ਭਰ ਦੇਸ਼ਾਂ ਵਿਚ ਰਹਿ ਚੁੱਕੀ ਹੈ। ਯੂ. ਕੇ. ਵਾਪਸ ਜਾਣ ਤੋਂ ਪਹਿਲਾਂ ਪੰਜਾਬ ਕੇਸਰੀ ਦੇ ਹਰੀਸ਼ ਚੰਦਰ ਨਾਲ ਉਨ੍ਹਾਂ ਨੇ ਵਿਸਥਾਰ ’ਚ ਗੱਲ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਪ੍ਰਮੁੱਖ ਅੰਸ਼...
ਤੁਸੀਂ ਚੰਡੀਗੜ੍ਹ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਦੇ ਰੂਪ ਵਿਚ ਕਾਰਜਭਾਰ ਸੰਭਾਲਣ ਵਾਲੀ ਪਹਿਲੀ ਮਹਿਲਾ ਰਹੇ। ਇਸ ਖੇਤਰ ਵਿਚ ਮਹਿਲਾ ਸਸ਼ਕਤੀਕਰਨ ਲਈ ਕੀ ਕੰਮ ਕੀਤਾ ਹੈ ?
ਅਸੀਂ 75 ਸਾਲ, 75 ਔਰਤਾਂ, 75 ਸ਼ਬਦ ਪੁਸਤਕ ਭਾਰਤੀ ਸੁਤੰਤਰਤਾ ਦੇ 75ਵੇਂ ਸਾਲ ਨੂੰ ਸਮਰਪਿਤ ਕੀਤੀ, ਜੋ ਭਾਰਤ ਯੂ. ਕੇ. ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਔਰਤਾਂ ਦੇ ਅਸਧਾਰਨ ਯੋਗਦਾਨ ਨੂੰ ਉਜਾਗਰ ਕਰਦੀ ਹੈ। ਅਸੀਂ ਪੰਜਾਬ ਯੂਨੀਵਰਸਿਟੀ ਵਿਚ ਕੂਟਨੀਤੀ ਵਿਚ ਮਹਿਲਾ ਪਰਿਯੋਜਨਾ ਨੂੰ ਸਪੋਰਟ ਕੀਤਾ। ਮੈਂ ਇਸ ਖੇਤਰ ਦੀਆਂ ਲੜਕੀਆਂ ਨੂੰ ਅੰਤਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਆਯੋਜਿਤ ਇਕ ਦਿਨ ਦੇ ਲਈ ਹਾਈ ਕਮਿਸ਼ਨਰ ਅਤੇ ਇਕ ਦਿਨ ਦੇ ਲਈ ਉਪ-ਹਾਈ ਕਮਿਸ਼ਨਰ ਪ੍ਰਤੀਯੋਗਤਾਵਾਂ ਦੀ ਮੇਜ਼ਬਾਨੀ ਕੀਤੀ।
ਇਨੀ ਦਿਨੀਂ ਯੂ. ਕੇ. ਦਾ ਵੀਜ਼ਾ ਪ੍ਰਾਪਤ ਕਰਨਾ ਆਸਾਨ ਹੈ ਜਾਂ ਮੁਸ਼ਕਲ ?
ਯੂ. ਕੇ. ਵਿਚ ਇਕ ਬਿਹਤਰੀਨ ਵਿਜੀਟ ਵੀਜ਼ਾ ਆਫ਼ਰ ਹੈ, ਜੋ ਕਿਸੇ ਫਲਾਈਟ ਜਾਂ ਆਵਾਸ ਬੁਕਿੰਗ ਜਮ੍ਹਾ ਕਰਵਾਏ ਬਿਨਾਂ ਬਿਨੈਕਾਰਾਂ ਨੂੰ ਯਾਤਰਾ ਦੀ ਨਿਰਧਾਰਤ ਮਿਤੀ ਤੋਂ 3 ਮਹੀਨੇ ਪਹਿਲਾਂ ਤੱਕ ਅਰਜ਼ੀ ਦੀ ਸਹੂਲਤ ਦਿੰਦਾ ਹੈ। ਸਭ ਤੋਂ ਘੱਟ ਸਮੇਂ ਦੇ ਵਿਜੀਟ ਵੀਜ਼ਾ ਸ਼੍ਰੇਣੀ ਵਿਚ ਯਾਤਰੀਆਂ ਨੂੰ ਇਕ ਵਾਰ 6 ਮਹੀਨੇ ਤੱਕ ਰਹਿਣ ਦਾ ਲਾਭ ਵੀ ਮਿਲਦਾ ਹੈ। ਤੁਸੀਂ ਅਰਜ਼ੀ ਦੀ ਸਮੀਖਿਆ ਹੋਣ ਤੱਕ ਮੇਰਾ ਪਾਸਪੋਰਟ ਰੱਖੋ ਸੇਵਾ ਦੇ ਨਾਲ ਪਾਸਪੋਰਟ ਆਪਣੇ ਕੋਲ ਵੀ ਰੱਖ ਸਕਦੇ ਹੋ ਅਤੇ ਜੇਕਰ ਤੁਹਾਡੀ ਯਾਤਰਾ ਬਹੁਤ ਜ਼ਰੂਰੀ ਹੈ, ਤਾਂ ਤੁਸੀਂ ਤਰਜੀਹ ਜਾਂ ਉੱਚ ਤਰਜੀਹ ਵਾਲੇ ਵੀਜ਼ਾ ਦੇ ਲਈ ਵੀ ਅਰਜ਼ੀ ਦੇ ਸਕਦੇ ਹੋ, ਜਿਸ ’ਤੇ 5 ਕਾਰਜਦਿਨ ਜਾਂ 48 ਘੰਟੇ ਵਿਚ ਫੈਸਲਾ ਹੁੰਦਾ ਹੈ। ਅਸੀਂ ਕੰਮਕਾਜ ਅਤੇ ਸਟੱਡੀ ਵਰਗੀਆਂ ਕਈ ਸ਼੍ਰੇਣੀਆਂ ਲਈ ਈ-ਵੀਜ਼ਾ ਵੀ ਸ਼ੁਰੂ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀਆਂ ਨੂੰ ਯੂ. ਕੇ. ਦੇ ਸਭ ਤੋਂ ਜ਼ਿਆਦਾ ਵਿਜੀਟਰ ਅਤੇ ਸਟੱਡੀ ਵੀਜ਼ਾ ਮਿਲ ਰਹੇ ਹਨ।
ਕੀ ਤੁਸੀਂ ਇਸ ਬਾਰੇ ਵਿਚ ਕੁਝ ਹਾਲੀਆ ਅੰਕੜੇ ਸਾਂਝਾ ਕਰ ਸਕਦੇ ਹੋ ਕਿ ਕਿੰਨੇ ਭਾਰਤੀਆਂ ਨੂੰ ਯੂ. ਕੇ. ਵੀਜ਼ਾ ਦਿੱਤਾ ਗਿਆ ਹੈ ?
ਮਾਰਚ 2025 ਨੂੰ ਖ਼ਤਮ ਹੋਏ ਸਾਲ ਦੇ ਲਈ ਨਵੀਨਤਮ ਯੂ. ਕੇ. ਇਮੀਗ੍ਰੇਸ਼ਨ ਡਾਟਾ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ 5,46,000 ਤੋਂ ਵੱਧ ਯੂ. ਕੇ. ਯਾਤਰਾ ਵੀਜ਼ਾ ਪ੍ਰਾਪਤ ਹੋਏ, ਜੋ ਵਿਸ਼ਵੀ ਪੱਧਰ ’ਤੇ ਜਾਰੀ ਕੀਤੇ ਸਾਰੇ ਯੂ. ਕੇ. ਯਾਤਰਾ ਵੀਜ਼ਾ ਦਾ 25 ਫੀਸਦੀ ਹੈ। ਜਿੱਥੇ ਤੱਕ ਸਟੱਡੀ ਵੀਜ਼ਾ ਦੀ ਗੱਲ ਹੈ ਤਾਂ ਭਾਰਤੀ ਨਾਗਰਿਕਾਂ ਨੂੰ 95,000 ਤੋਂ ਵੱਧ ਸਪਾਂਸਰਡ ਸਟੱਡੀ ਵੀਜ਼ਾ ਪ੍ਰਾਪਤ ਹੋਏ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੂਜੇ ਸਭ ਤੋਂ ਵੱਡੇ ਸਮੂਹ ਦਾ ਪ੍ਰਤੀਨਿਧਤਾ ਕਰਦੇ ਹਨ ਅਤੇ ਕੁਝ ਪ੍ਰਯੋਜਿਤ ਸਟੱਡੀ ਵੀਜ਼ਾ ਅਨੁਦਾਨਾਂ ਦਾ 23 ਫੀਸਦੀ ਹਿੱਸਾ ਹੈ। ਸਪਾਂਸਰ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲੇ 5 ਵਿਚੋਂ 4 (81 ਫੀਸਦੀ) ਭਾਰਤੀ ਵਿਦਿਆਰਥੀ ਮਾਸਟਰ ਪੱਧਰ ’ਤੇ ਸਟੱਡੀ ਕਰ ਰਹੇ ਹਨ।
ਯੂ.ਕੇ. ਅਤੇ ਭਾਰਤ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ’ਤੇ ਕੰਮ ਕਰ ਰਹੇ ਹਨ, ਇਸ ਨਾਲ ਦੋਵਾਂ ਦੇਸ਼ਾਂ ਨੂੰ ਕੀ ਲਾਭ ਹੋਵੇਗਾ ?
ਐੱਫ. ਟੀ. ਏ. ’ਤੇ ਜਾਰੀ ਵਿਚਾਰ-ਵਟਾਂਦਰਾ 2 ਸਭ ਤੋਂ ਵੱਡੀ ਅਰਥ ਵਿਵਸਥਾਵਾਂ ਲਈ ਵਿਕਾਸ ਦੇ ਇਕ ਨਵੇਂ ਯੁੱਗ ਦਾ ਪ੍ਰਤੀਕ ਹੈ। ਇਹ ਵਪਾਰਕ ਸਬੰਧ ਪਹਿਲਾਂ ਤੋਂ ਹੀ 43 ਅਰਬ ਪਾਊਂਡ ਦਾ ਹੈ। ਇਹ ਵਪਾਰ ਸਮਝੌਤਾ ਸਾਡੇ ਆਰਥਿਕ ਸਹਿਯੋਗ ਨੂੰ ਹੋਰ ਅੱਗੇ ਲੈ ਜਾਵੇਗਾ ਅਤੇ ਇਸ ਨਾਲ ਵਪਾਰ ਵਿਚ ਸਾਲਾਨਾ 25.5 ਅਰਬ ਪਾਊਂਡ ਦਾ ਵਾਧਾ ਹੋਣ ਦੀ ਉਮੀਦ ਹੈ। ਯੂਰਪੀ ਸੰਘ ਛੱਡਣ ਤੋਂ ਬਾਅਦ ਬ੍ਰਿਟੇਨ ਦਾ ਇਹ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਵਪਾਰ ਸਮਝੌਤਾ ਹੈ ਅਤੇ ਭਾਰਤ ਵੱਲੋਂ ਕਿਸੇ ਸਾਂਝੇਦਾਰ ਦੇ ਨਾਲ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵਧੀਆ ਸਮਝੌਤਾ ਹੈ।
ਖਾਲਿਸਤਾਨ ਸਮਰਥਕਾਂ ਵੱਲੋਂ ਬ੍ਰਿਟੇਨ ਵਿਚ ਕਈ ਪ੍ਰਦਰਸ਼ਨ ਕੀਤੇ ਗਏ, ਇਸ ’ਤੇ ਬ੍ਰਿਟੇਨ ਦਾ ਕੀ ਰੁਖ ਹੈ ?
ਬ੍ਰਿਟੇਨ ਵਿਚ ਕਿਸੇ ਵੀ ਪ੍ਰਕਾਰ ਦਾ ਅੱਤਵਾਦ ਸਵੀਕਾਰਯੋਗ ਨਹੀਂ ਹੈ। ਬ੍ਰਿਟੇਨ ਹਿੰਸਕ, ਵੰਡਪਾਊ ਵਿਚਾਰਧਾਰਾਵਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਕਰਤੱਵ ਨੂੰ, ਭਾਵੇਂ ਉਹ ਕੁਝ ਵੀ ਹੋ, ਬਹੁਤ ਗੰਭੀਰਤਾ ਨਾਲ ਲੈਂਦਾ ਹੈ।
ਇੱਥੋਂ ਦੇ ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਅਤੇ ਉੱਤਰ ਭਾਰਤ ਵਿਚ ਕੀ ਬਦਲਾਅ ਦੇਖਣਾ ਪਸੰਦ ਕਰੋਗੇ ?
ਚੰਡੀਗੜ੍ਹ ਬੇਹੱਦ ਸੁੰਦਰ ਸ਼ਹਿਰ ਹੈ, ਜਿਸ ਨੂੰ ਭਵਿੱਖ ਦੇ ਸ਼ਹਿਰ ਦੇ ਰੂਪ ਵਿਚ ਡਿਜ਼ਾਇਨ ਕੀਤਾ ਗਿਆ ਸੀ। ਮੈਂ ਚਾਹੁੰਦੀ ਹਾਂ ਕਿ ਚੰਡੀਗੜ੍ਹ ਵਰਗੇ ਹੀ ਕਈ ਹੋਰ ਸ਼ਹਿਰ ਇੱਥੇ ਵਸਾਏ ਜਾਣ। ਚੰਡੀਗੜ੍ਹ ਬਹੁਤ ਸ਼ਾਂਤ ਸ਼ਹਿਰ ਹੈ ਅਤੇ ਕੁਦਰਤ ਦੇ ਬਹੁਤ ਕਰੀਬ ਹੈ।
ਕੀ ਖੇਡ ਕੂਟਨੀਤੀ ਵਿਚ ਭੂਮਿਕਾ ਨਿਭਾ ਸਕਦੀ ਹੈ ?
ਮੇਰਾ ਮੰਨਣਾ ਹੈ ਕਿ ਖੇਡ ਕੂਟਨੀਤੀ ਵਿਚ ਸ਼ਕਤੀਸ਼ਾਲੀ ਭੂਮਿਕਾ ਨਿਭਾ ਸਕਦੀ ਹੈ। ਬ੍ਰਿਟੇਨ ਅਤੇ ਭਾਰਤ ਖੇਡਾਂ ਦੇ ਪ੍ਰਤੀ ਡੂੰਘਾ ਅਤੇ ਅਟੁੱਟ ਪਿਆਰ ਸਾਂਝਾ ਕਰਦੇ ਹਨ, ਭਾਵੇਂ ਉਹ ਕ੍ਰਿਕਟ ਹੋਵੇ, ਟੈਨਿਸ ਹੋਵੇ ਜਾਂ ਹਾਕੀ ਅਤੇ ਇਹ ਸਾਂਝਾ ਜੁਨੂਨ ਲੋਕਾਂ ਦੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਦਾ ਰਹਿੰਦਾ ਹੈ।
2 ਸਟ੍ਰੀਟ ਡੌਗ ਵੀ ਜਾ ਰਹੇ ਬ੍ਰਿਟੇਨ
ਕੈਰੋਲਾਈਨ ਰੋਵੇਟ ਯੂ.ਕੇ. ਤੋਂ ਪਰਤ ਦੇ ਸਮੇਂ ਆਪਣੇ ਨਾਲ 2 ਕੁੱਤੇ ਲੈ ਕੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਇਕ ਕੁੱਤੇ ਨੂੰ ਉਨ੍ਹਾਂ ਨੇ ਚੰਡੀਗੜ੍ਹ ਲਾਅਨ ਟੈਨਿਸ ਐਸੋਸੀਏਸ਼ਨ ਦੇ ਬਾਹਰ ਤੋਂ ਜਦਕਿ ਦੂਜੇ ਨੂੰ ਹੋਟਲ ਹਯਾਤ ਦੀ ਪਾਰਕਿੰਗ ਤੋਂ ਲਿਆ ਸੀ। ਉਦੋਂ ਇਹ ਬਹੁਤ ਛੋਟੇ ਸੀ ਅਤੇ ਹੁਣ 5 ਅਤੇ 4 ਸਾਲ ਦੇ ਹੋ ਚੁੱਕੇ ਹਨ। ਇਨ੍ਹਾਂ ’ਚੋਂ ਇਕ ਦਾ ਨਾਮ ਸ਼ਿਮਲਾ ਜਦਕਿ ਦੂਜੇ ਦਾ ਸੁਲਾ ਹੈ। ਦੋਵੇਂ ਹੀ ਭਾਰਤੀ ਨਸਲ ਦੇ ਸਟ੍ਰੀਟ ਡੌਗ ਹਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਰਜਿਸਟਰਡ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e