ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ

Tuesday, Nov 24, 2026 - 12:37 PM (IST)

ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ

ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਰੋਜ਼ਾਨਾ ਸ਼ਰਾਬ ਪੀਣ ਵਾਲੇ ਲੋਕਾਂ ਦੇ ਮੁਕਾਬਲੇ ਰੋਜ਼ਾਨਾ ਭੰਗ (ਕੈਨਾਬਿਸ) ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 'ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ' (CMAJ) ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਅਨੁਸਾਰ ਨੌਜਵਾਨ ਕੈਨੇਡੀਅਨਾਂ ਦੀਆਂ ਬਦਲ ਰਹੀਆਂ ਆਦਤਾਂ ਕਾਰਨ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਸ਼ਰਾਬ ਦੇ ਰੋਜ਼ਾਨਾ ਸੇਵਨ ਨੂੰ ਪਿੱਛੇ ਛੱਡ ਗਈ ਹੈ। ਲਗਭਗ 1,00,000 ਕੈਨੇਡੀਅਨਾਂ 'ਤੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੇਸ਼ ਦੀ 5.7 ਫੀਸਦੀ ਆਬਾਦੀ (ਲਗਭਗ 18 ਲੱਖ ਲੋਕ) ਹਰ ਰੋਜ਼ ਜਾਂ ਲਗਭਗ ਹਰ ਰੋਜ਼ ਕੈਨਾਬਿਸ ਦੀ ਵਰਤੋਂ ਕਰਦੀ ਹੈ, ਜਦਕਿ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਦਰ 5.2 ਫੀਸਦੀ ਹੈ।


ਅਧਿਐਨ ਅਨੁਸਾਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਅਜੇ ਵੀ ਕੈਨਾਬਿਸ ਦੇ ਮੁਕਾਬਲੇ ਰੋਜ਼ਾਨਾ ਸ਼ਰਾਬ ਪੀਣ ਦੀ ਦਰ ਜ਼ਿਆਦਾ ਹੈ। ਮੈਕਮਾਸਟਰ ਯੂਨੀਵਰਸਿਟੀ ਦੇ 'ਪੀਟਰ ਬੋਰਿਸ ਸੈਂਟਰ ਫ਼ਾਰ ਅਡਿਕਸ਼ਨਜ਼ ਰਿਸਰਚ' ਦੇ ਖੋਜੀ ਅਤੇ ਅਧਿਐਨ ਦੇ ਮੁੱਖ ਲੇਖਕ ਐਂਡਰੇ ਮੈਕਡੋਨਲਡ ਅਨੁਸਾਰ ਇਹ ਵੱਖ-ਵੱਖ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿੱਚ ਪੀੜ੍ਹੀਆਂ ਵਿਚਕਾਰ ਆ ਰਿਹਾ ਇੱਕ ਵੱਡਾ ਬਦਲਾਅ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਨਤਕ ਸਿਹਤ ਦਾ ਧਿਆਨ ਸਿਗਰਟਨੋਸ਼ੀ ਅਤੇ ਸ਼ਰਾਬ 'ਤੇ ਕੇਂਦਰਿਤ ਹੁੰਦਾ ਸੀ, ਪਰ ਇਹ ਅੰਕੜੇ ਦਰਸਾਉਂਦੇ ਹਨ ਕਿ ਹੁਣ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।


ਸਾਲ 2023-2024 ਦੇ 'ਕੈਨੇਡੀਅਨ ਕਮਿਊਨਿਟੀ ਹੈਲਥ ਸਰਵੇ' ਦੇ ਅੰਕੜਿਆਂ ਅਨੁਸਾਰ ਸਾਰੇ ਉਮਰ ਵਰਗਾਂ ਵਿੱਚ ਸਿਗਰਟ ਦੀ ਰੋਜ਼ਾਨਾ ਵਰਤੋਂ ਦੀ ਦਰ 8.5 ਫੀਸਦੀ ਨਾਲ ਸਭ ਤੋਂ ਵੱਧ ਰਹੀ। ਹਾਲਾਂਕਿ, 35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਸ਼ਰਾਬ ਹੀ ਨਹੀਂ, ਸਗੋਂ ਸਿਗਰਟਨੋਸ਼ੀ ਨਾਲੋਂ ਵੀ ਵੱਧ ਪਾਈ ਗਈ। 25 ਤੋਂ 34 ਸਾਲ ਦੀ ਉਮਰ ਵਰਗ ਦੇ ਮਰਦਾਂ ਵਿੱਚ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਦੀ ਦਰ ਸਭ ਤੋਂ ਵੱਧ ਲਗਭਗ 11 ਫੀਸਦੀ ਦਰਜ ਕੀਤੀ ਗਈ।18 ਤੋਂ 24 ਸਾਲ ਦੀਆਂ ਔਰਤਾਂ ਵਿੱਚ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਰੋਜ਼ਾਨਾ ਸ਼ਰਾਬ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ 17 ਗੁਣਾ ਤੋਂ ਵੀ ਜ਼ਿਆਦਾ ਪਾਈ ਗਈ। ਅਮਰੀਕਾ ਵਿੱਚ ਵੀ ਇਹੋ ਜਿਹਾ ਰੁਝਾਨ ਦੇਖਣ ਨੂੰ ਮਿਲਿਆ ਹੈ, ਜਿੱਥੇ 2024 ਦੇ ਇੱਕ ਅਧਿਐਨ ਅਨੁਸਾਰ 1.77 ਕਰੋੜ ਲੋਕ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਕਰਦੇ ਹਨ, ਜਦਕਿ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 1.47 ਕਰੋੜ ਹੈ।

ਪੜ੍ਹੋ ਇਹ ਅਹਿਮ ਖ਼ਬਰ- ਫਲੋਰੀਡਾ 'ਚ ਭਾਰੀ ਮੀਂਹ ਤੋਂ ਬਾਅਦ ਭਿਆਨਕ ਹੜ੍ਹ,  ਬਚਾਏ ਗਏ 500 ਲੋਕ

ਰੋਜ਼ਾਨਾ ਕੈਨਾਬਿਸ ਵਰਤਣ ਵਾਲੇ 41 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 ਵਿੱਚ ਕੈਨਾਬਿਸ ਦੇ ਲੀਗਲ ਹੋਣ ਤੋਂ ਬਾਅਦ ਰੋਜ਼ਾਨਾ ਵਰਤੋਂ ਸ਼ੁਰੂ ਕੀਤੀ ਸੀ। ਵਾਟਰਲੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡੇਵਿਡ ਹੈਮੰਡ ਅਨੁਸਾਰ ਕੈਨਾਬਿਸ ਦੇ ਲੀਗਲ ਹੋਣ ਤੋਂ ਬਾਅਦ ਪਹਿਲੇ 1-2 ਸਾਲਾਂ ਵਿੱਚ ਵਰਤੋਂ ਵਧੀ ਸੀ ਪਰ ਬਾਅਦ ਵਿੱਚ ਇਹ ਸਥਿਰ ਹੋ ਗਈ। ਇਹ ਬਦਲਾਅ ਇਸ ਲਈ ਵੀ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀ ਆਦਤ ਵਿੱਚ ਲਗਾਤਾਰ ਕਮੀ ਆਈ ਹੈ। ਹੈਮੰਡ ਨੇ ਸਪੱਸ਼ਟ ਕੀਤਾ ਕਿ ਕੈਨਾਬਿਸ ਵਿੱਚ ਸ਼ਰਾਬ ਅਤੇ ਤੰਬਾਕੂ ਜਿੰਨਾ ਮੌਤ ਦਾ ਖ਼ਤਰਾ ਜਾਂ ਸਰੀਰਕ-ਸਮਾਜਿਕ ਨੁਕਸਾਨ ਨਹੀਂ ਹੁੰਦਾ, ਪਰ ਇਸ ਦੀ ਲਗਾਤਾਰ ਵੱਧ ਵਰਤੋਂ ਦੇ ਆਪਣੇ ਗੰਭੀਰ ਖ਼ਤਰੇ ਹਨ।


ਮੈਕਗਿਲ ਰਿਸਰਚ ਸੈਂਟਰ ਫ਼ਾਰ ਕੈਨਾਬਿਸ ਦੀ ਡਾਇਰੈਕਟਰ ਅਤੇ ਮਨੋਵਿਗਿਆਨੀ ਡਾ. ਰੋਮੀਨਾ ਮਿਜ਼ਰਾਹੀ ਅਨੁਸਾਰ ਨੌਜਵਾਨਾਂ ਵਿੱਚ ਕੈਨਾਬਿਸ ਦੀ ਜ਼ਿਆਦਾ ਵਰਤੋਂ ਨਾਲ ਨਸ਼ੇ ਦੀ ਆਦਤ ਅਤੇ ਗੰਭੀਰ ਮਾਨਸਿਕ ਸਮੱਸਿਆਵਾਂ ਹੋ ਸਕਦੀਆਂ ਹਨ। 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਵਰਤੋਂ ਨਾਲ ਸਾਈਕੋਸਿਸ ਅਤੇ ਬਹੁਤ ਜ਼ਿਆਦਾ ਵਹਿਮ/ਡਰ  ਦਾ ਖ਼ਤਰਾ ਵਧ ਜਾਂਦਾ ਹੈ, ਖ਼ਾਸਕਰ ਉੱਚ-THC ਵਾਲੇ ਉਤਪਾਦਾਂ ਨਾਲ। 25 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੁਆਰਾ ਰੋਜ਼ਾਨਾ ਇਸ ਦੀ ਵਰਤੋਂ ਨਾਲ ਮੂਡ ਵਿੱਚ ਗੜਬੜੀ ਆਉਂਦੀ ਹੈ। ਕਈ ਲੋਕ ਸ਼ੁਰੂ ਵਿੱਚ ਚਿੰਤਾ ਘਟਾਉਣ ਲਈ ਇਸ ਦੀ ਵਰਤੋਂ ਕਰਦੇ ਹਨ, ਪਰ ਰੋਜ਼ਾਨਾ ਆਦਤ ਬਣਨ 'ਤੇ ਇਹ ਡਿਪ੍ਰੈਸ਼ਨ ਅਤੇ ਚਿੰਤਾ ਨੂੰ ਹੋਰ ਵਧਾ ਦਿੰਦੀ ਹੈ।

ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਘੱਟ ਆਮਦਨ ਵਾਲੇ ਕੈਨੇਡੀਅਨਾਂ ਵਿੱਚ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਦੀ ਦਰ ਜ਼ਿਆਦਾ ਸੀ, ਜਦਕਿ 1.5 ਲੱਖ ਡਾਲਰ ਤੋਂ ਵੱਧ ਸਾਲਾਨਾ ਕਮਾਉਣ ਵਾਲੇ ਉੱਚ ਆਮਦਨ ਵਾਲੇ ਲੋਕਾਂ ਵਿੱਚ ਇਹ ਦਰ ਸਭ ਤੋਂ ਘੱਟ ਸੀ। ਇਸ ਤੋਂ ਇਲਾਵਾ ਟਰਾਂਸਜੈਂਡਰ ਅਤੇ ਮੂਡ/ਐਂਜ਼ਾਇਟੀ ਡਿਸਆਰਡਰ ਤੋਂ ਪੀੜਤ ਲੋਕਾਂ ਵਿੱਚ ਵੀ ਵਰਤੋਂ ਦੀ ਦਰ ਜ਼ਿਆਦਾ ਦਰਜ ਕੀਤੀ ਗਈ। ਮਾਹਰਾਂ ਨੇ ਮੰਗ ਕੀਤੀ ਹੈ ਕਿ ਕੈਨਾਬਿਸ ਦੇ ਉਤਪਾਦਾਂ 'ਤੇ ਸਿਗਰਟ ਵਾਂਗ ਸਖ਼ਤ ਚੇਤਾਵਨੀਆਂ ਅਤੇ ਜਨਤਕ ਜਾਗਰੂਕਤਾ ਵਧਾਈ ਜਾਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News