Canada ਨੇ ਮਾਪਿਆਂ, ਦਾਦਾ-ਦਾਦੀ ਦੀ PR ਸਪਾਂਸਰਸ਼ਿਪ ਅਰਜ਼ੀਆਂ 'ਤੇ ਲੱਗੀ ਰੋਕ ਹਟਾਈ

Thursday, Mar 13, 2025 - 01:27 PM (IST)

Canada ਨੇ ਮਾਪਿਆਂ, ਦਾਦਾ-ਦਾਦੀ ਦੀ PR ਸਪਾਂਸਰਸ਼ਿਪ ਅਰਜ਼ੀਆਂ 'ਤੇ ਲੱਗੀ ਰੋਕ ਹਟਾਈ

ਟੋਰਾਂਟੋ: ਕੈਨੇਡਾ ਤੋਂ ਚੰਗੀ ਖ਼ਬਰ ਹੈ। ਕੈਨੇਡਾ 2025 ਵਿੱਚ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਨੂੰ ਦੁਬਾਰਾ ਖੋਲ੍ਹ ਰਿਹਾ ਹੈ। ਕੈਨੇਡਾ ਵਿਚ ਵਸਦੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਨੂੰ ਪੀ.ਆਰ. (ਸਥਾਈ ਨਿਵਾਸ ਸਪਾਂਸਰਸ਼ਿਪ) ਦੇਣ ਦੀ ਯੋਜਨਾ 'ਤੇ ਲੱਗੀ ਆਰਜ਼ੀ ਰੋਕ ਨੂੰ ਹਟਾਉਂਦਿਆਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ।  ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਕੈਨੇਡਾ ਲਿਆ ਕੇ ਉਨ੍ਹਾਂ ਨੂੰ ਇੱਥੇ ਰਹਿਣ ਅਤੇ ਕੰਮ ਕਰਨ ਦਾ ਮੌਕਾ ਦੇ ਸਕਣਗੇ।

ਸਾਲ 2020 ਦੌਰਾਨ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨ-ਨਾਨੀ ਨੂੰ ਕੈਨੇਡਾ ਸੱਦਣ ਦੀ ਇੱਛਾ ਪ੍ਰਗਟਾਉਣ ਵਾਲੇ ਬਿਨੈਕਾਰਾਂ ਵਿਚੋਂ ਇਮੀਗ੍ਰੇਸ਼ਨ ਮੰਤਰਾਲਾ ਆਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਚੋਣ ਕਰੇਗਾ ਅਤੇ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਘੱਟੋ ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਕਿਊਬੈਕ ਨਾਲ ਸਬੰਧਤ ਅਰਜ਼ੀਆਂ ਦੇ ਨਿਪਟਾਰੇ ਵਿਚ 48 ਮਹੀਨੇ ਦਾ ਸਮਾਂ ਲੱਗਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਆਪਣੇ ਫੈਮਿਲੀ ਕਲਾਸ ਵਿਚ ਵੀਜ਼ਿਆਂ ਦੀ ਗਿਣਤੀ ਬੇਹੱਦ ਸੀਮਤ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦਾ ਸਭ ਤੋਂ ਵੱਡਾ ਫ਼ਾਇਦਾ ਭਾਰਤੀ ਪੰਜਾਬੀਆਂ ਨੂੰ ਹੋਵੇਗਾ, ਜੋ ਆਪਣੇ ਬੱਚਿਆਂ ਨਾਲ ਕੈਨੇਡਾ ਵਿਚ ਰਹਿਣਾ ਚਾਹੁੰਦੇ ਹਨ।

PunjabKesari

10 ਹਜ਼ਾਰ ਅਰਜ਼ੀਆਂ ਹੋਣਗੀਆਂ ਪ੍ਰਵਾਨ 

ਕੈਨੇਡੀਅਨ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਮੁਤਾਬਕ ਪਰਿਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ। ਆਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਹਨ ਜਿਸ ਰਾਹੀਂ ਪੰਜ ਸਾਲ ਤੱਕ ਕੈਨੇਡਾ ਵਿਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਦਿਲਚਸਪੀ ਦੇ ਪ੍ਰਗਟਾਵੇ ਮੰਗਣ ਬਾਰੇ ਵਿਸਤਾਰਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਦੌਰਾਨ ਮੁਹੱਈਆ ਕਰਵਾਈ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਮਾਰਕ ਕਾਰਨੀ ਕੈਨੇਡਾ ਦੇ PM ਵਜੋਂ ਭਲਕੇ ਚੁੱਕਣਗੇ ਸਹੁੰ

ਇਥੇ ਦਸਣਾ ਬਣਦਾ ਹੈ ਕਿ ਮਾਪਿਆਂ, ਦਾਦਾ-ਦਾਦੀਆਂ ਜਾਂ ਨਾਨ-ਨਾਨੀਆਂ ਨੂੰ ਸਪੌਂਸਰ ਕਰਨ ਵਾਲੀ ਯੋਜਨਾ ਅਧੀਨ ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਹਾਊਸ ਆਫ਼ ਕਾਮਨਜ਼ ਵਿਚ ਇਮੀਗ੍ਰੇਸ਼ਨ ਬਾਰੇ ਪੇਸ਼ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਦੱਸਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜਿਹੇ ਵਿਚ ਬੈਕਲਾਗ ਬਹੁਤ ਜ਼ਿਆਦਾ ਵਧ ਸਕਦਾ ਹੈ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਸਾਲ 2024 ਵਿਚ ਆਈਆਂ ਅਰਜ਼ੀਆਂ ਵਿਚੋਂ ਵੱਧ ਤੋਂ ਵੱਧ 15 ਹਜ਼ਾਰ ਦਾ ਨਿਪਟਾਰਾ ਕੀਤਾ ਜਾ ਸਕੇਗਾ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News